ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ( ਐੱਫਬੀਆਈ ) ਨੇ ਆਪਣੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਤਿੰਨ ਗੁਣਾ ਤੱਕ ਵਾਧਾ ਹੋਇਆ ਹੈ। ਜਿਸ ਦੇ ਮੁਤਾਬਕ ਬੀਤੇ ਇੱਕ ਸਾਲ ਵਿੱਚ ਨਸਲੀ ਹਮਲਿਆਂ ਦਾ ਅੰਕੜਾਂ 16 ਸਾਲਾਂ ‘ਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।
ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਨੇ 2018 ਵਿੱਚ ਹੇਟ ਕਰਾਈਮ ਦੇ ਅੰਕੜੇ ਜਾਰੀ ਕੀਤੇ ਹਨ। ਜਿਸ ਦੇ ਮੁਤਾਬਕ, ਇੱਕ ਸਾਲ ਵਿੱਚ ਲੈਟਿਨ ਮੂਲ ਦੇ ਲੋਕਾਂ ‘ਤੇ ਸਭ ਤੋਂ ਜ਼ਿਆਦਾ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ। ਉੱਥੇ ਹੀ ਮੁਸਲਮਾਨ, ਯਹੂਦੀ ਤੇ ਸਿੱਖ ਵੀ ਵੱਡੀ ਗਿਣਤੀ ਵਿੱਚ ਇਸ ਦੇ ਸ਼ਿਕਾਰ ਬਣੇ ਹਨ। ਸਾਲ 2017 ਤੋਂ 2018 ਦੇ ਵਿੱਚ ਸਿੱਖਾਂ ਖਿਲਾਫ ਨਫਰਤ ਭਰੇ ਅਪਰਾਧਿਕ ਮਾਮਲੇ ਤਿੰਨ ਗੁਣਾ ਤੱਕ ਵਧੇ ਹਨ।
ਐਫਬੀਆਈ ਦੀ ਹੇਟ ਕਰਾਈਮ ਨਾਲ ਜੁੜੀ ਸਲਾਨਾ ਰਿਪੋਰਟ ਦੇ ਮੁਤਾਬਕ, ਸਾਲ 2017 ਵਿੱਚ ਸਿੱਖਾਂ ਦੇ ਖਿਲਾਫ ਅਜਿਹੀ 20 ਵਾਰਦਾਤਾਂ ਸਾਹਮਣੇ ਆਈ ਸਨ। ਜਦਕਿ ਸਾਲ 2018 ਵਿੱਚ ਇਹ ਗਿਣਤੀ ਵਧ ਕੇ 60 ਤੱਕ ਪਹੁੰਚ ਗਈ। ਹਾਲਾਂਕਿ ਅਜਿਹੇ ਸਭ ਤੋਂ ਜ਼ਿਆਦਾ ਹਮਲੇ ਯਹੂਦੀਆਂ ( 56.9 ਫੀਸਦੀ ) ਤੇ ਮੁਸਲਮਾਨਾਂ ( 14 . 6 ਫੀਸਦੀ ) ‘ਤੇ ਹੋਏ। ਇਨ੍ਹਾਂ ਤੋਂ ਬਾਅਦ ਤੀਜੇ ਨੰਬਰ ‘ਤੇ ਸਿੱਖਾਂ ‘ਤੇ 4.3 ਫੀਸਦੀ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ।
ਰਿਪੋਰਟ ਦੇ ਅਨੁਸਾਰ ਸਾਲ 2017 ਦੇ ਮੁਕਾਬਲੇ 2018 ਵਿੱਚ ਹੇਟ ਕਰਾਈਮ ਦੀਆਂ ਵਾਰਦਾਤਾਂ ਵਿੱਚ ਮਾਮੂਲੀ ਕਮੀ ਆਈ। ਇਹ 7175 ਤੋਂ ਘੱਟ ਕੇ 7120 ਪਹੁੰਚ ਗਈ। ਇਸ ਤੋਂ ਪਹਿਲਾਂ ਸਾਲ 2016 ਤੋਂ 2017 ਦੇ ਵਿੱਚ ਨਸਲੀ ਹਮਲੇ ਲਗਭਗ 17 ਫੀਸਦੀ ਤੱਕ ਵਧੇ ਸਨ।