-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;
ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਤੇ ਇਹ ਯੁਗ ਉਚ ਪੱਧਰੀ ਵਿੱਦਿਆ ਅਤੇ ਵਿਗਿਆਨ ਤੇ ਤਕਨੀਕ ਦਾ ਯੁਗ ਅਖਵਾਉਂਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਔਰਤਾਂ ਖ਼ਿਲਾਫ਼ ਸਦੀਆਂ ਤੋਂ ਚਲੀ ਆ ਰਹੀ ਹਿੰਸਾ ਅਜੇ ਤੱਕ ਖ਼ਤਮ ਨਹੀਂ ਹੋ ਸਕੀ ਹੈ ਤੇ ਘਟਣ ਦੀ ਥਾਂ ਇਸ ਕੁਰੀਤੀ ਵਿੱਚ ਵਾਧਾ ਹੀ ਹੋਇਆ ਹੈ ਜੋ ਕਿ ਇੱਕ ਬਹੁਤ ਹੀ ਅਫ਼ਸੋਸਨਾਕ ਤੇ ਸ਼ਰਮਨਾਕ ਵਰਤਾਰਾ ਹੈ। ਦੁਨੀਆਂ ਦੇ ਹਰੇਕ ਮੁਲਕ ਵਿੱਚ ਤੇ ਖ਼ਾਸ ਕਰਕੇ ਭਾਰਤ ਵਿੱਚ ਔਰਤਾਂ ਤੇ ਲੜਕੀਆਂ ਨਾਲ ਹੁੰਦੀ ਹਿੰਸਾ ਤੇ ਜੁਰਮਾਂ ਵਿੱਚ ਦੇ ਮਾਮਲਿਆਂ ਵਿੱਚ ਵਾਧਾ ਇਹ ਦਰਸਾਉਂਦਾ ਹੈ ਕਿ ਔਰਤ ਨੂੰ ਆਪਣਾ ਸਰੀਰ,ਮਾਣ ਅਤੇ ਸਨਮਾਨ ਬਚਾਉਣ ਲਈ ਅਜੇ ਹੋਰ ਸੰਘਰਸ਼ ਕਰਨਾ ਪਵੇਗਾ। ਇਸ ਸੰਘਰਸ਼ ਨੂੰ ਗਤੀ ਪ੍ਰਦਾਨ ਕਰਨ ਲਈ ਦੁਨੀਆਂ ਭਰ ਵਿੱਚ ਹਰ ਸਾਲ 25 ਨਵੰਬਰ ਦਾ ਦਿਨ ‘ਔਰਤਾਂ ਖ਼ਿਲਾਫ਼ ਹਿੰਸਾ ਦੇ ਖ਼ਾਤਮੇ ਦੇ ਕੌਮਾਂਤਰੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੇ ਸੰਨ 1999 ਵਿੱਚ ਅਜੋਕਾ ਦਿਵਸ ਹਰ ਸਾਲ ਮਨਾਉਣ ਸਬੰਧੀ ਮਤਾ ਪਾਸ ਕੀਤਾ ਸੀ ਤੇ ਇਸ ਦਿਵਸ ਨੂੰ ਮਨਾਉਣ ਲਈ 25 ਨਵੰਬਰ ਦਾ ਹੀ ਦਿਨ ਚੁਣੇ ਜਾਣ ਪਿੱਛੇ ਇੱਕ ਵੱਡਾ ਕਾਰਨ ਸੀ। ਦਰਅਸਲ 25 ਨਵੰਬਰ, ਸੰਨ 1960 ਵਿੱਚ ਡੋਮੀਨਿਕਨ ਰਿਪਬਲਿਕ ਵਿਖੇ ਤਾਨਾਸ਼ਾਹ ਰਾਫ਼ੇਲ ਟਰੂਜਿਲੋ ਦੀ ਤਾਨਾਸ਼ਾਹੀ ਦਾ ਵਿਰੋਧ ਕਰ ਰਹੀਆਂ ਤਿੰਨ ਭੈਣਾਂ 36 ਸਾਲਾ ਪੈਟਰੀਆ,34 ਸਾਲਾ ਮਿਨਰਵਾ ਅਤੇ 25 ਸਾਲਾ ਮਾਰੀਆ ਟੇਰੈਸਾ ਨੂੰ ਕਤਲ ਕਰ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਸੰਘ ਵੱਲੋਂ ਉਕਤ ਦਿਵਸ ਮਨਾਏ ਜਾਣ ਦਾ ਫ਼ੈਸਲਾ ਅਤੇ ਐਲਾਨ ਕੀਤੇ ਜਾਣ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਗੰਭੀਰ ਚਰਚਾ ਹੋਣ ਲੱਗ ਪਈ ਸੀ ਕਿ ਔਰਤਾਂ ਨਾਲ ਵੱਖ ਵੱਖ ਪੱਧਰਾਂ ‘ਤੇ ਵਾਪਰਨ ਵਾਲੀ ਹਿੰਸਾ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਅਤੇ ਸਖ਼ਤ ਕਾਨੂੰਨਾਂ ਦੀ ਲੋੜ ਹੈ। ਜਾਗਰੂਕਤਾ ਹਿੱਤ ਸੰਨ 2017 ਅਤੇ 2018 ਵਿੱਚ ਪੈਰਿਸ ਅਤੇ ਰੋਮ ਵਿਖੇ ਵੱਡੇ ਰੋਸ ਮਾਰਚ ਕੱਢੇ ਗਏ ਸਨ ਜਿਨ੍ਹਾ ਵਿੱਚ ਲੱਖਾਂ ਦੀ ਸੰਖਿਆ ਵਿੱਚ ਔਰਤਾਂ ਨੇ ਹਿੱਸਾ ਲਿਆ ਸੀ। ਸੰਨ 2013 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਸ੍ਰੀ ਬਾਨ ਕੀ ਮੂਨ ਨੇ ਕਿਹਾ ਸੀ-‘‘ ਦੁਨੀਆਂ ਦੀਆਂ ਹਰੇਕ ਤਿੰਨਾਂ ਔਰਤਾਂ ਵਿੱਚੋਂ ਇੱਕ ਖ਼ਿਲਾਫ਼ ਰੋਜ਼ਾਨਾ ਹੋ ਰਹੀ ਹਿੰਸਾ ਦੇ ਖ਼ਾਤਮੇ ਲਈ ੳੁੱਠਣ ਵਾਲੀਆਂ ਆਵਾਜ਼ਾਂ ਦਾ ਮੈਂ ਸੁਆਗਤ ਕਰਦਾ ਹਾਂ। ਮੈਂ ਦੁਨੀਆਂ ਭਰ ਦੇ ਉਨ੍ਹਾ ਬਹਾਦਰ ਯੋਧਿਆਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾ ਨੇ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਰਾਖੀ ਤੇ ਮਦਦ ਲਈ ਅਤੇ ਸੰਸਾਰ ਵਿੱਚੋਂ ਅਜਿਹੀ ਹਿੰਸਾ ਦੇ ਖ਼ਾਤਮੇ ਲਈ ਸੁਹਿਰਦ ਯਤਨ ਕੀਤੇ ਹਨ।’’
ਅਸਲ ਵਿੱਚ ਔਰਤਾਂ ਪ੍ਰਤੀ ਹਿੰਸਾ ਦੇ ਕਈ ਰੂਪ ਹਨ। ਔਰਤਾਂ ਨਾਲ ਘਰੇਲੂ ਕੁੱਟਮਾਰ,ਘਰਾਂ ਜਾਂ ਕੰਮ ਵਾਲੀਆਂ ਥਾਵਾਂ ‘ਤੇ ਜਿਨਸੀ ਛੇੜਛਾੜ ਜਾਂ ਬਲਾਤਕਾਰ,ਦਹੇਜ ਕਰਕੇ ਸਾੜ੍ਹਨਾ,ਐਸਿਡ ਭਾਵ ਤੇਜ਼ਾਬ ਸੁੱਟੇ ਜਾਣਾ,ਮਾਦਾ ਭਰੂਣ ਹੱਤਿਆ,ਅਣਖ ਦੀ ਖ਼ਾਤਿਰ ਕਤਲ,ਜਾਦੂ-ਟੂਣੇ ਕਰਨ ਵਾਲੀ ਜਾਂ ਚੁੜੈਲ ਆਖ ਕੇ ਜਾਨੋਂ ਮਾਰ ਦੇਣਾ, ਲੁੱਟ-ਖੋਹ ਦੌਰਾਨ ਸਰੀਰਕ ਹਾਨੀ ਪੰਹੁਚਾਉਣਾ, ਵੇਸਵਾਗਮਨੀ ਲਈ ਮਜਬੂਰ ਕਰਨਾ ਜਾਂ ਅਗਵਾ ਕਰਨਾ ਆਦਿ ਕੁਕਰਮ ਔਰਤਾਂ ਖ਼ਿਲਾਫ਼ ਹਿੰਸਾ ਦੇ ਵੱਖ ਵੱਖ ਰੂਪ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੰਨ 2018 ਵਿੱਚ ਔਰਤਾਂ ਖ਼ਿਲਾਫ਼ ਜੁਰਮਾਂ ਦੀ ਸੰਖਿਆ 3,78,236 ਸੀ ਜੋ ਕਿ ਅਗਲੇ ਸਾਲ 7.3 ਫ਼ੀਸਦੀ ਦੇ ਵਾਧੇ ਨਾਲ 4,05,861 ਹੋ ਗਈ ਸੀ। ਇਨ੍ਹਾ ਮਾਮਲਿਆਂ ਵਿੱਚ ਸਭ ਤੋਂ ਵੱਡੀ ਸੰਖਿਆ ੳੁੱਤਰ ਪ੍ਰਦੇਸ਼ ਵਿੱਚ ਹੋਏ ਮਾਮਲਿਆਂ ਦੀ ਸੀ ਜੋ ਕਿ 59,583 ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਾਲ 2020 ਵਿੱਚ ਬਲਾਤਕਾਰ ਦੇ 580 ਮਾਮਲੇ ਸਾਹਮਣੇ ਆਏ ਸਨ ਜੋ ਕਿ ਅਕਤੂਬਰ,2021 ਤੱਕ 833 ਤੱਕ ਪੁੱਜ ਗਏ ਸਨ। ਦਹੇਜ ਕਾਰਨ ਹੱਤਿਆ ਦੇ ਸੰਨ 2020 ਵਿੱਚ ਵਾਪਰੇ 47 ਮਾਮਲੇ 2021 ਵਿੱਚ ਵਧ ਕੇ 56 ਹੋ ਗਏ ਸਨ ਤੇ ਇਸੇ ਤਰ੍ਹਾਂ ਦਿੱਲੀ ਵਿੱਚ ਔਰਤਾਂ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਵੀ ਉਕਤ ਸਾਲਾਂ ਵਿੱਚ ਕ੍ਰਮਵਾਰ 1026 ਤੋਂ ਵਧ ਕੇ 1580 ਤੱਕ ਪੁੱਜ ਗਈਆਂ ਸਨ। ਸਰਕਾਰੀ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿੱਚ ਜਨਵਰੀ 2021 ਤੋਂ ਅਗਸਤ 2021 ਤੱਕ ਔਰਤਾਂ ਖ਼ਿਲਾਫ਼ ਵਾਪਰੇ ਜੁਰਮਾਂ ਦੀ ਸੰਖਿਆ ਵਿੱਚ 46 ਫ਼ੀਸਦੀ ਵਾਧਾ ਹੋਇਆ ਸੀ। ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਭਾਰਤ ਬਾਰੇ ਦੁਨੀਆਂ ਦੀ ਰਾਏ ਇਹ ਹੈ ਕਿ ‘ਔਰਤਾਂ ਖ਼ਿਲਾਫ਼ ਲਿੰਗਕ ਹਿੰਸਾ ਸਬੰਧੀ ਭਾਰਤ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਮੁਲਕ ਹੈ’।
ਔਰਤਾਂ ਖ਼ਿਲਾਫ਼ ਹਿੰਸਾ ਦੇ ਮਾਮਲੇ ਹਰ ਹਾਲ ਵਿੱਚ ਖ਼ਤਮ ਹੋਣੇ ਚਾਹੀਦੇ ਹਨ ਤੇ ਇਸ ਮਹਾਂਕਾਜ ਲਈ ਸਮਾਜ ਦੀ ਹਰੇਕ ਧਿਰ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰਤਾਂ ਨੂੰ ਘਰੇਲੂ ਅਤੇ ਬਾਹਰੀ ਹਿੰਸਾ ਤੋਂ ਨਿਜਾਤ ਦੁਆਉਣ ਲਈ ਕਨੇਡਾ ਦੇ ਉਂਟਾਰੀਓ ਵਿਖੇ ਸੰਨ 1991 ਵਿੱਚ ਪੁਰਸ਼ਾਂ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸਦਾ ਮਕਸਦ ‘ਔਰਤਾਂ ਖ਼ਿਲਾਫ਼ ਪੁਰਸ਼ਾਂ ਵੱਲੋਂ ਕੀਤੀ ਜਾਂਦੀ ਹਿੰਸਾ ਦਾ ਖ਼ਾਤਮਾ ਕਰਨਾ ’ ਹੈ। ਅਜਿਹੀਆਂ ਮੁਹਿੰਮਾਂ, ਸਮਾਜਿਕ ਜਾਗਰੂਕਤਾ, ਔਰਤਾਂ ਤੇ ਲੜਕੀਆਂ ਨੂੰ ਘਰ ਤੇ ਬਾਹਰ ਬਰਾਬਰੀ ਦਾ ਦਰਜਾ ਦੇਣਾ ਅਤੇ ਔਰਤਾਂ ਖ਼ਿਲਾਫ਼ ਹੋਣ ਵਾਲੇ ਜੁਰਮਾਂ ਸਬੰਧੀ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣਾ ਆਦਿ ਕਦਮ ਚੁੱਕੇ ਜਾਣ ਦੀ ਅੱਜ ਭਾਰੀ ਲੋੜ ਹੈ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ‘ ਨਿਰਭਇਆ’ ਕਾਂਡ ਵਰਗੀ ਦੁਨੀਆਂ ਦੀ ਸਭ ਤੋਂ ਸ਼ਰਮਨਾਕ ਤੇ ਹੌਲਨਾਕ ਵਾਰਦਾਤ ਭਾਰਤ ਵਿੱਚ ਵਾਪਰਨ ਦੇ ਬਾਅਦ ਬਣੇ ਫ਼ਾਸੀ ਦੇਣ ਵਰਗੇ ਕਾਨੂੰਨਾਂ ਦੇ ਬਾਵਜੂਦ ਬਲਾਤਕਾਰ ਤੇ ਵਹਿਸ਼ੀਆਨਾ ਬਲਾਤਕਾਰ ਦੇ ਮਾਮਲਿਆਂ ਨੂੰ ਠੱਲ੍ਹ ਨਹੀਂ ਪਈ ਹੈ ਜੋ ਕਿ ਬੇਹੱਦ ਅਫ਼ਸੋਸਨਾਕ ਹੈ।