ਜਗਤਾਰ ਸਿੰਘ ਸਿੱਧੂ;
ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿਹੜੇ ਵਿੱਚ ਇਸ ਵਾਰ ਜਦੋਂ ਗਣਤੰਤਰ ਦਿਵਸ ਮਨਾਇਆ ਗਿਆ ਤਾਂ ਇਹ ਮੌਕਾ ਉਸ ਵੇਲੇ ਯਾਦਗਾਰੀ ਬਣ ਗਿਆ ਜਦੋਂ ਅਸੀਂ ਵੇਖਿਆ ਕਿ ਇਕ ਬਜ਼ੁਰਗ ਵੀਲ ਚੇਅਰ ਤੇ ਆਪਣੇ ਪਰਿਵਾਰ ਨਾਲ ਕਲੱਬ ਅੰਦਰ ਆ ਰਹੇ ਹਨ।ਸੁਭਾਵਿਕ ਹੀ ਮੇਰੀ ਉੱਨਾਂ ਬਾਰੇ ਜਾਨਣ ਦੀ ਇੱਛਾ ਹੋਈ। ਦੈਨਿਕ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਾਥੀ ਡਾ ਜੋਗਿੰਦਰ ਨੇ ਦੱਸਿਆ ਕਿ ਇਹ ਪੱਛਮੀ ਬੰਗਾਲ ਦੇ 95 ਸਾਲਾ ਬਜ਼ੁਰਗ ਪੱਤਰਕਾਰ ਅਤੇ ਮਾਰਕਸਵਾਦੀ ਅਲੋਚਕ ਦਯਾ ਸ਼ੰਕਰ ਅਸਥਾਨਾ ਹਨ ਅਤੇ ਦੇਸ਼ ਭਰ ਵਿੱਚ ਲੋਕ ਇੰਨਾਂ ਨੂੰ ਵਿਮਲ ਵਰਮਾ ਦੇ ਨਾਂ ਨਾਲ ਜਾਣਦੇ ਹਨ।ਕਲਕੱਤਾ ਵਿੱਚ ਇਨਾਂ ਨੇ ਕਿੱਤੇ ਵਜੋਂ ਅਧਿਆਪਕ ਦੇ ਤੌਰ ਉੱਤੇ ਸਿੱਖਿਆ ਖੇਤਰ ਅੰਦਰ ਅਹਿਮ ਯੋਗਦਾਨ ਪਾਇਆ ।ਸੀ ਪੀ ਐਮ ਪੱਛਮੀ ਬੰਗਾਲ ਦੀ ਹਿੰਦੀ ਪੱਤਰਿਕਾ ਸਵਾਧੀਨਤਾ ਦੇ ਸੰਸਥਾਪਕ ਸੰਪਾਦਕ ਬੋਰਡ ਵਿੱਚ ਰਹਿਕੇ ਸੇਵਾਵਾਂ ਨਿਭਾਈਆਂ। ਉਨਾਂ ਨੇ ਸਾਮਯਿਕ ਨਾਂ ਦੀ ਪੱਤਰਿਕਾ ਵੀ ਚਲਾਈ ।ਉਹ ਸਮਾਂ ਸੀ ਜਦੋਂ ਲਘੂ ਪੱਤਰਿਕਾ ਅੰਦੋਲਨ ਸੀ। ਸਰਕਾਰਾਂ ਦੀ ਮੀਡੀਆ ਬਾਰੇ ਸਖਤੀ ਵੀ ਉਨਾ ਨੇ ਆਪਣੇ ਪਿੰਡੇ ਤੇ ਹੰਢਾਈ। ਐਮਰਜੈਂਸੀ ਦੇ ਸਮੇਂ ਅੰਡਰ ਗਰਾਊਂਡ ਵੀ ਰਹਿਣਾ ਪਿਆ ।ਸੱਚ ਬੋਲਣ ਅਤੇ ਸੱਚ ਲਿਖਣ ਵਾਲਿਆਂ ਨੂੰ ਹਰ ਦੌਰ ਵਿੱਚ ਮੁੱਲ ਤਾਰਨਾ ਪੈਂਦਾ ਹੈ।
ਵਰਮਾ ਜਨਵਾਦੀ ਲੇਖਕ ਸੰਘ ਦੇ ਸੰਸਥਾਪਕਾਂ ਵਿੱਚੋਂ ਹਨ। ਪੱਛਮੀ ਬੰਗਾਲ ਦੀ ਹਿੰਦੀ ਅਕਾਦਮੀ ਦੀ ਪੱਤਰਿਕਾ ਧੂਮਕੇਤੂ ਦੇ ਕਈ ਸਾਲ ਸੰਪਾਦਕ ਰਹੇ। ਅਲੋਚਕ ਵਜੋਂ ਪੁਸਤਕ ਲਿਖਣ ਸਮੇਤ ਉਨਾਂ ਦੀ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਵੱਡੀ ਦੇਣ ਹੈ ।
ਸਾਡੇ ਲਈ ਇਸ ਤੋਂ ਵੱਧ ਮਾਣ ਵਾਲੀ ਗੱਲ ਕੀ ਹੋ ਸਕਦੀ ਸੀ ਕਿ ਕਲਕੱਤਾ ਵਰਗੇ ਸ਼ਹਿਰ ਦੇ ਅਗਾਂਹਵਧੂ ਪੱਤਰਕਾਰ ਵਿਮਲ ਵਰਮਾ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ । ਬੰਗਾਲ ਅਤੇ ਪੰਜਾਬ ਦੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਕਈ ਲਹਿਰਾਂ ਦੇ ਬੜੇ ਨਜ਼ਦੀਕੀ ਸਬੰਧ ਹਨ। ਆਮ ਪੰਜਾਬੀ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਕਈ ਵੱਡੇ ਸ਼ਹਿਰਾਂ ਦੇ ਨਾਂ ਨੂੰ ਵੀ ਨਹੀਂ ਜਾਣਦੇ ਪਰ ਕਲਕੱਤਾ ਤਾਂ ਪੰਜਾਬੀਆਂ ਨੂੰ ਆਪਣਾ ਹੀ ਸ਼ਹਿਰ ਲੱਗਦਾ ਹੈ ਅਤੇ ਉਸ ਸ਼ਹਿਰ ਦੇ 95 ਸਾਲ ਦੇ ਦ੍ਰਿੜ ਇਰਾਦੇ ਵਾਲੇ ਸਮਾਜ ਦੀ ਤਬਦੀਲੀ ਲਈ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਪੱਤਰਕਾਰ ਵਿਮਲ ਵਰਮਾ ਨੇ ਦੇਸ਼ ਦੇ ਖੂਬਸੂਰਤ ਚੰਡੀਗੜ੍ਹ ਪ੍ਰੈੱਸ ਕਲੱਬ ਆਕੇ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਮੀਡੀਆ ਦੀਆਂ ਨੂੰ ਜੋੜਨ ਵਾਲਾ ਬੁਲੰਦ ਸੁਨੇਹਾ ਦਿੱਤਾ।
ਮੈਨੂੰ ਜਦੋਂ ਪਤਾ ਲੱਗਾ ਕਿ ਵਿਮਲ ਵਰਮਾ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਅਲੋਕ ਵਰਮਾ ਦੇ ਪਿਤਾ ਹਨ ਤਾਂ ਮੈਂ ਆਪਣੇ ਪੱਤਰਕਾਰ ਮਿੱਤਰ ਨੂੰ ਘੁੱਟ ਕੇ ਜੱਫੀ ਪਾ ਲਈ। ਪੀੜੀਆਂ ਤੋਂ ਲੋਕ ਹਿੱਤਾਂ ਲਈ ਲੜਨ ਵਾਲੀ ਪੱਤਰਕਾਰੀ ਦੇ ਨਿੱਘ ਦਾ ਅਹਿਸਾਸ!ਚੰਡੀਗੜ੍ਹ ਪ੍ਰੈਸ ਕਲੱਬ ਦਾ ਗਣਤੰਤਰ ਦਿਵਸ ਅਜਿਹਾ ਹੋ ਨਿਬੜਿਆ ਜਿਥੇ ਕਲਮ ਦੇ ਇਕ ਯੋਧੇ ਨੇ ਵੀਲ ਚੇਅਰ ਤੇ ਆਕੇ ਵੀ ਸੁਨੇਹਾ ਦਿੱਤਾ ਕਿ ਮੀਡੀਆ ਲਈ ਸਿਰ ਉਚਾ ਕਰਕੇ ਤੁਰਨ ਵਾਲੇ ਲੋਕਾਂ ਦੀਆਂ ਉਮਰਾਂ ਵੀ ਰਾਹ ਨਹੀਂ ਰੋਕਦੀਆਂ।
ਸੰਪਰਕ 9814002186