ਉੱਤਰ ਪ੍ਰਦੇਸ਼: ਹਾਥਰਸ ਬਲਾਤਕਾਰ ਕਾਂਡ; ਸ਼ਰਮਸਾਰ ਹੋਈ ਮਨੁੱਖਤਾ !

TeamGlobalPunjab
7 Min Read

-ਅਵਤਾਰ ਸਿੰਘ

ਦੇਸ਼ ਦੇ ਅਪਰਾਧਾਂ ਲਈ ਚਰਚਿਤ ਸੂਬੇ ਉੱਤਰ ਪ੍ਰਦੇਸ਼ ਵਿਚ ਸਭ ਕੁਝ ਅੱਛਾ ਨਹੀਂ ਹੈ। ਇਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਰਾਮ ਰਾਜ ਹੈ। ਇਹ ਰਾਜ ਸੰਗੀਨ ਅਪਰਾਧਾਂ ਲਈ ਤਾਂ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਜ਼ੁਬਾਨ ‘ਤੇ ਸੀ। ਪਰ ਮੁੱਖ ਮੰਤਰੀ ਯੋਗੀ ਦੇ ਆਉਣ ‘ਤੇ ਲੋਕਾਂ ਨੂੰ ਅਪਰਾਧ ਘਟਣ ਦੀ ਕੁਝ ਆਸ ਬੱਝੀ ਸੀ ਕਿਉਂਕਿ ਉਨ੍ਹਾਂ ਨੇ ਇਸੇ ਵਾਅਦੇ ਨਾਲ ਸੂਬੇ ਦੀ ਵਾਗਡੋਰ ਸੰਭਾਲੀ ਸੀ।

ਪਰੰਤੂ ਉਨ੍ਹਾਂ ਦੇ ਹੱਥੋਂ ਵੀ ਅਮਨ ਕਾਨੂੰਨ ਬੇਲਗਾਮ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਸ “ਪਵਿੱਤਰ ਰਾਜ” ਵਿਚ ਅਜਿਹਾ ਕੁਝ ਵਾਪਰ ਰਿਹਾ ਭਾਵੇਂ ਵਿਧਾਇਕ ਵਲੋਂ ਬਲਾਤਕਾਰ ਦਾ ਮਾਮਲਾ ਹੋਵੇ ਜਾਂ ਕਾਨਪੁਰ ਦੇ ਵਿਕਾਸ ਦੂਬੇ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰਨ ਉਸ ਤੋਂ ਬਾਅਦ ਦੁਬੇ ਦਾ ਪੁਲਿਸ ਮੁਕਾਬਲਾ ਅਤੇ ਹੁਣ ਹਾਥਰਸ ਜ਼ਿਲੇ ਵਿੱਚ ਵਾਪਰਿਆ ਕਾਂਡ ਜਿਸ ਬਾਰੇ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ।

ਇਸ ਘਟਨਾ ਨੂੰ ਪੜ੍ਹ ਅਤੇ ਦੇਖ ਕੇ ਹਰ ਭਾਰਤੀ ਦਾ ਦਿਲ ਇਕ ਵਾਰ ਕਹਿੰਦਾ ਕਿ ਕੀ ਅਸੀਂ ਇਸ ਦਰਿੰਦਗੀ ਵਾਲੇ ਮੁਲਕ ਦੇ ਵਾਸੀ ਹਾਂ।

- Advertisement -

ਯੂ ਪੀ ਦੇ ਹਾਥਰਸ ਵਿੱਚ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਦੀ ਸ਼ਿਕਾਰ 20 ਸਾਲਾ ਦਲਿਤ ਲੜਕੀ ਦੀ ਮੰਗਲਵਾਰ (29, ਸਤੰਬਰ 2020) ਰਾਤ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਰਿਪੋਰਟਾਂ ਮੁਤਾਬਿਕ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਹਾਥਰਸ ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਦੇ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ। ਪੀੜਤਾ ਨੂੰ ਸੋਮਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਮੈਡੀਕਲ ਕਾਲਜ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ। ਉਹ ਪਿਛਲੇ ਦੋ ਹਫ਼ਤਿਆਂ ਤੋਂ ਜ਼ਿੰਦਗੀ ਤੇ ਮੌਤ ਵਿਚਕਾਰ ਲੜਾਈ ਲੜ ਰਹੀ ਸੀ।

ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨਾਲ 14 ਸਤੰਬਰ ਨੂੰ ਉਦੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਜਦੋਂ ਉਹ ਆਪਣੀ ਮਾਂ ਅਤੇ ਭਰਾ ਨਾਲ ਖੇਤਾਂ ਵਿਚੋਂ ਘਾਹ ਖੋਤਣ ਗਈ ਸੀ। ਭਰਾ ਘਾਹ ਦੀ ਪੰਡ ਚੁੱਕ ਕੇ ਘਰ ਆ ਗਿਆ ਸੀ। ਮਾਂ ਥੋੜੀ ਦੂਰ ਘਾਹ ਵੱਢ ਰਹੀ ਸੀ। ਉਹ ਕੁਝ ਦੂਰ ਪਿਛਾਂਹ ਸੀ। ਉੱਥੇ ਹੀ ਉਸ ਨਾਲ ਖਿੱਚ ਧੂਹ ਕਰ ਕੇ ਸਮੂਹਿਕ ਬਲਾਤਕਾਰ ਕੀਤਾ ਗਿਆ। ਜਦ ਮਾਂ ਨੇ ਦੇਖਿਆ ਤਾਂ ਉਹ ਬੇਹੋਸ਼ ਪਈ ਸੀ।

ਪਰਿਵਾਰ ਪੀੜਤਾ ਨੂੰ ਉਸੇ ਹਾਲਤ ਵਿੱਚ ਪਹਿਲਾਂ ਨੇੜਲੇ ਸਿਹਤ ਕੇਂਦਰ ਲੈ ਕੇ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਥੋਂ ਡਾਕਟਰਾਂ ਨੇ ਉਸ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ। ਇਥੇ 13 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹਿਣ ਮਗਰੋਂ ਸੋਮਵਾਰ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਆਂਦਾ ਸੀ ਜਿੱਥੇ ਉਸਦੀ ਮੌਤ ਹੋ ਗਈ।

ਪੀੜਤਾ ਦੇ ਭਰਾ ਅਨੁਸਾਰ ਉਸ ਦੀ ਜੀਭ ਕੱਟ ਦਿੱਤੀ ਗਈ ਸੀ, ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਸਰੀਰ ਦਾ ਇੱਕ ਹਿੱਸਾ ਕੰਮ ਨਹੀਂ ਕਰ ਰਿਹਾ ਸੀ। ਉਹ ਬੋਲਣ ਤੋਂ ਅਸਮਰਥ ਸੀ ਕੇਵਲ ਇਸ਼ਾਰੇ ਨਾਲ ਸਮਝਾ ਰਹੀ ਸੀ। ਸਮੂਹਿਕ ਬਲਾਤਕਾਰ ਪਿੰਡ ਦੇ ਹੀ ਉੱਚੀ ਜਾਤੀ ਨਾਲ ਸੰਬੰਧਤ ਚਾਰ ਲੋਕਾਂ ‘ਤੇ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

- Advertisement -

ਰਿਪੋਰਟਾਂ ਅਨੁਸਾਰ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਦਾ ਕਹਿਣਾ ਹੈ ਕਿ ਚਾਰ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਅਦਾਲਤ ਤੋਂ ਫ਼ਾਸਟ ਟਰੈਕ ਸੁਣਵਾਈ ਦੀ ਮੰਗ ਕਰਨਗੇ। ਪੀੜਤਾ ਦੇ ਪਰਿਵਾਰ ਨੂੰ ਪਿੰਡ ਵਿੱਚ ਸੁਰੱਖਿਆ ਦਿੱਤੀ ਗਈ ਹੈ। ਹਾਲਾਂਕਿ ਕਿ ਪੀੜਤਾ ਦੇ ਪਰਿਵਾਰ ਨੂੰ ਸਰਕਾਰੀ ਤੌਰ ‘ਤੇ 10 ਲੱਖ ਦੇ ਕਰੀਬ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ ਪਰ ਕੀ ਇਸ ਪੈਸੇ ਨਾਲ “ਬੇਟੀ ਬਚਾਓ” ਦਾ ਨਾਅਰਾ ਸਫਲ ਹੁੰਦਾ ਜਾਪਦਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਲੜਕੀ ਦਾ ਪਰਿਵਾਰ ਤਰਲੇ ਕਰ ਰਿਹਾ ਸੀ ਕਿ ਲੜਕੀ ਦੀ ਲਾਸ਼ ਉਸ ਦੇ ਘਰ ਲਿਜਾ ਕੇ ਅੰਤਿਮ ਰਸਮਾਂ ਪੂਰੀਆਂ ਕਰਨ ਦਿੱਤੀਆਂ ਜਾਣ। ਪਰ ਪੁਲਿਸ ਨੇ ਪਰਿਵਾਰ ਨੂੰ ਘਰ ਦੇ ਅੰਦਰ ਬੰਦ ਕਰਕੇ ਬਾਹਰ ਪੁਲਿਸ ਦਾ ਪਹਿਰਾ ਲਾ ਕੇ ਰਾਤ ਨੂੰ 3 ਵਜੇ ਦੇ ਕਰੀਬ ਅੰਤਿਮ ਸੰਸਕਾਰ ਕਰ ਦਿੱਤਾ।

ਲੋਕਾਂ ਦੇ ਮਨਾਂ ‘ਚ ਗੁੱਸਾ ਹੈ

ਹਾਥਰਸ ਬਲਾਤਕਾਰ ਪੀੜਤ ਦੀ ਮੌਤ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਬਹੁਤ ਗੁੱਸਾ ਹੈ। ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਉੱਠ ਰਹੀ ਹੈ। ਇਸੇ ਦੌਰਾਨ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਪੀੜਤਾ ਦੀ ਮਾਂ ਨੂੰ ਦਿਲਾਸਾ ਦਿਵਾਉਂਦਿਆਂ ਕਿਹਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ। ਇਕ ਟੀ ਵੀ ਚੈਨਲ ਨਾਲ ਗੱਲ ਕਰਦਿਆਂ ਆਸ਼ਾ ਦੇਵੀ ਨੇ ਕਿਹਾ ਕਿ ਇਸ ਘਟਨਾ ਬਾਰੇ ਕਹਿਣ ਲਈ ਉਸ ਕੋਲ ਕੋਈ ਸ਼ਬਦ ਨਹੀਂ ਹਨ। ਅਜਿਹੇ ਹਾਲਾਤ ‘ਚੋਂ ਉਹ ਗੁਜਰ ਚੁਕੀ ਹੈ। ਮੈਂ ਪੀੜਤ ਦੇ ਪਰਿਵਾਰ ਦਾ ਦਰਦ ਸਮਝ ਸਕਦੀ ਹਾਂ। ਪਰ ਇਨਸਾਫ ਲਈ ਖੁੱਲ੍ਹ ਕੇ ਲੜਨਾ ਪਵੇਗਾ।

ਪਹਿਲਾਂ ਪੁਲਿਸ ਵਾਲਿਆਂ ਦੀ ਹੋਵੇ ਜਾਂਚ

ਆਸ਼ਾ ਦੇਵੀ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪਰ ਹਕੀਕਤ ਨਹੀਂ ਬਦਲ ਰਹੀ। ਮੂੰਹ ਛਿਪਾਉਣ ਨਾਲ ਕੁਝ ਨਹੀਂ ਹੋਵੇਗਾ, ਇਨਸਾਫ ਲਈ ਆਵਾਜ਼ ਉਠਾਉਣੀ ਪਵੇਗੀ। ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਕਹਿੰਦੀ ਹੈ ਕਿ ਬਲਾਤਕਾਰ ਨਹੀਂ ਹੋਇਆ। ਅਗਰ ਬਲਾਤਕਾਰ ਨਹੀਂ ਹੋਇਆ ਤਾਂ ਮੈਡੀਕਲ ਜਾਂਚ ਕਰਵਾਉਂਦੇ। ਪੁਲਿਸ ਕੋਲ ਰਿਕਾਰਡ ਨਹੀਂ ਹੈ। ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ। ਇਸ ਘਟਨਾ ਵਿੱਚ ਪਹਿਲਾਂ ਪੁਲਿਸ ਵਾਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਰਾਜਧਾਨੀ ਦਿੱਲੀ ਵਿੱਚ ਚਲਦੀ ਬੱਸ ਵਿੱਚ ਲੜਕੀ ਨਿਰਭਯਾ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। 7 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਇਸ ਇਨਸਾਫ ਦੀ ਲੜਾਈ ਵਿੱਚ ਨਿਰਭਯਾ ਦੀ ਮਾਂ ਨੇ ਪੂਰੀ ਤਾਕਤ ਝੋਕ ਦਿੱਤੀ ਸੀ।

ਇਸੇ ਦੌਰਾਨ ਯੂ ਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇੱਕ ਟਵੀਟ ਕਰ ਕੇ ਕਿਹਾ ਕਿ ਹਾਥਰਸ ਵਿੱਚ ਦਲਿਤ ਕੁੜੀ ਨੂੰ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਫਿਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਜੋ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਹੈ। ਪੀੜਤਾ ਦੀ ਮੌਤ ਤੋਂ ਬਾਅਦ ਮਾਇਆਵਤੀ ਨੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਅਤੇ ਮੁਲਜ਼ਮਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਇਨਸਾਫ ਤਾਂ ਓਹੀ ਹੋਣਾ ਜੋ ਪਹਿਲਾਂ ਹੁੰਦਾ ਆਇਆ ਹੈ।

Share this Article
Leave a comment