ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਨਵੀਆਂ ਕੰਮ ਦਰਾਂ ਜਾਰੀ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਦੀ ਹਾਜ਼ਰੀ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਨਵੀਆਂ ਕੰਮ ਦਰਾਂ (ਸੀ.ਐਸ.ਆਰ.) ਦਾ ਚੌਥਾ ਐਡੀਸ਼ਨ ਜਾਰੀ ਕੀਤਾ।

ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਇਸ ਕਾਰਜ ਵਿੱਚ ਆਪਣਾ ਬਹੁਮੁੱਲਾ ਤੇ ਲਾਮਿਸਾਲ ਯੋਗਦਾਨ ਪਾਉਣ ਲਈ ਮੁਬਾਰਕਬਾਦ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਆਗਾਮੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਇਹ ਨਵੀਆਂ ਦਰਾਂ ਲਾਗੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸੀ.ਐਸ.ਆਰ. ਦੀਆਂ ਪਹਿਲੀਆਂ ਦਰਾਂ ਸਾਲ 1962 ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਲ 1987 ਤੇ 2010 ਵਿੱਚ ਜ਼ਿਕਰਯੋਗ ਸੋਧਾਂ ਕੀਤੀਆਂ ਗਈਆਂ। ਹੁਣ ਦਸ ਸਾਲਾਂ ਦੇ ਵਕਫ਼ੇ ਮਗਰੋਂ ਸੀ.ਐਸ.ਆਰ. 2020 ਵਿੱਚ ਵਿਆਪਕ ਸੋਧਾਂ ਜਾਰੀ ਕੀਤੀਆਂ ਗਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਵਿੱਚ ਅਚਾਨਕ ਆਏ ਆਰਥਿਕ ਸੰਕਟ ਦੇ ਬਾਵਜੂਦ ਸੂਬਾ ਸਰਕਾਰ ਰਾਜ ਦੇ ਵਿਕਾਸ ਲਈ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਨਵੀਆਂ ਦਰਾਂ ਤਿਆਰ ਕਰਨ ਵੇਲੇ ਮਜ਼ਦੂਰਾਂ ਨੂੰ ਵਿੱਤੀ ਤੌਰ ’ਤੇ ਆਪਣੇ ਪੈਰਾ ਸਿਰ ਖੜੇ ਕਰਨ ਉਤੇ ਵੀ ਖ਼ਾਸ ਤੌਰ ਉਪਰ ਵਿਚਾਰ ਕੀਤਾ ਗਿਆ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਸੀ.ਐਸ.ਆਰ. ਨੂੰ ਪੁਸਤਕ ਦਾ ਰੂਪ ਦੇਣ ਲਈ ਦੋ ਸਾਲ ਮਿਹਨਤ ਕਰਨ ਵਾਲੇ ਵਿਭਾਗ ਦੇ ਸਟਾਫ਼ ਦਾ ਵੀ ਸਨਮਾਨ ਕੀਤਾ।

- Advertisement -

ਇਸੇ ਦੌਰਾਨ, ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਨਵੀਆਂ ਦਰਾਂ ਮੌਜੂਦਾ ਤੇ ਭਵਿੱਖੀ ਲੋੜਾਂ, ਤਕਨਾਲੌਜੀ ਦੇ ਵਿਕਾਸ ਅਤੇ ਜੀ.ਐਸ.ਟੀ. ਲਾਗੂ ਹੋਣ ਕਾਰਨ ਸੋਧੇ ਹੋਏ ਟੈਕਸ ਢਾਂਚੇ ਨੂੰ ਧਿਆਨ ਵਿੱਚ ਰੱਖ ਕੇ ਵਿਉਂਤੀਆਂ ਗਈਆਂ। ਇਹ ਦਰਾਂ ਤੈਅ ਕਰਨ ਵੇਲੇ ਮੌਜੂਦਾ ਬਾਜ਼ਾਰੀ ਦਰਾਂ ਦਾ ਵੀ ਗੰਭੀਰਤਾ ਨਾਲ ਅਧਿਐਨ ਕੀਤਾ ਗਿਆ। ਕਈ ਨਵੀਆਂ ਮਦਾਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਗ਼ੈਰ ਸ਼ਡਿਊਲ ਆਈਟਮਾਂ ਦੀ ਲੋੜ ਨੂੰ ਘੱਟ ਤੋਂ ਘੱਟ ਕੀਤਾ ਗਿਆ ਹੈ।

ਇਨ੍ਹਾਂ ਦਰਾਂ ਵਿੱਚ ਸੋਧਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰਦਿਆਂ ਮੁੱਖ ਇੰਜਨੀਅਰ ਪੀ.ਡਬਲਯੂ.ਡੀ. (ਬੀ.ਐਂਡ.ਆਰ.) ਵਰਿੰਦਰਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਨਵੀਆਂ ਦਰਾਂ ਹਰੇਕ ਮਦ ਦੇ ਆਧਾਰ ਉਤੇ ਵਿਸਤਾਰ ਨਾਲ ਵਿਉਂਤੀਆਂ ਗਈਆਂ ਹਨ। ਇਸ ਤੋਂ ਇਲਾਵਾ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੇ ਖੇਤਰ ਵਿੱਚ ਵਿਕਾਸ ਲਈ ਨਵੀਂ ਤਕਨਾਲੌਜੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ‘ਗਰੀਨ ਬਿਲਡਿੰਗਜ਼’ ਦਾ ਇਕ ਨਵਾਂ ਅਧਿਆਇ ਵੀ ਇਨ੍ਹਾਂ ਦਰਾਂ ਵਿੱਚ ਜੋੜਿਆ ਗਿਆ ਹੈ। ਇਸ ਸਮੇਂ ਮੁੱਖ ਇੰਜਨੀਅਰਾਂ ਦੀ ‘ਡਾਇਰੈਕਸ਼ਨ ਕਮੇਟੀ’ ਨੇ ਧੰਨਵਾਦੀ ਮਤਾ ਪੇਸ਼ ਕੀਤਾ।

ਇਸ ਦੌਰਾਨ ਇੰਜਨੀਅਰ ਮੁਕੇਸ਼ ਗੋਇਲ, ਇੰਜਨੀਅਰ ਜੇ.ਐਸ. ਮਾਨ, ਇੰਜਨੀਅਰ ਟੀ.ਐਸ. ਚਾਹਲ, ਇੰਜਨੀਅਰ ਅਰੁਣ ਕੁਮਾਰ, ਇੰਜਨੀਅਰ ਰਾਜ ਕੁਮਾਰ (ਸਾਰੇ ਮੁੱਖ ਇੰਜਨੀਅਰ ਪੀ.ਡਬਲਯੂ.ਡੀ., ਬੀ.ਐਂਡ.ਆਰ.) ਅਤੇ ਮੁੱਖ ਆਰਕੀਟੈਕਟ ਸਪਨਾ ਹਾਜ਼ਰ ਸਨ।

Share this Article
Leave a comment