ਚੰਡੀਗੜ੍ਹ : ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਵਿਜੀਲੈਂਸ ਨੇ ਬਲਬੀਰ ਸਿੱਧੂ ਖਿਲਾਫ਼ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ਮੰਤਰੀ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਬਲਬੀਰ ਸਿੱਧੂ ਨੇ ਮੰਤਰੀ ਰਹਿੰਦਿਆਂ ਮੁਹਾਲੀ ਅਤੇ ਰੋਪੜ ਦੇ ਵੱਖ ਵੱਖ ਪਿੰਡਾਂ ‘ਚ ਜ਼ਮੀਨ ਖਰੀਦੀ ਸੀ, ਜਿਸ ‘ਤੇ ਨਜ਼ਰ ਹੁਣ ਵਿਜੀਲੈਂਸ ਨੇ ਰੱਖ ਲਈ ਹੈ।
ਇਸ ਤੋਂ ਇਲਾਵਾ ਬਲਬੀਰ ਸਿੱਧੂ ਦੀ ਪਤਨੀ ਦੇ ਨਾਮ ‘ਤੇ ਖਰੀਦੀ ਗਈ ਜਾਇਦਾਦ ਦਾ ਲੇਖਾ ਵੀ ਵਿਜੀਲੈਂਸ ਲੈਣ ਲੱਗੀ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਦੇ ਭਰਾ ਦੇ ਨਾਮ ‘ਤੇ ਖਰੀਦੀ ਜ਼ਮੀਨ ਦੀ ਵੀ ਪੜਾਤ ਕੀਤੀ ਜਾ ਰਹੀ ਹੈ। ਬਲਬੀਰ ਸਿੱਧੂ ਦੇ ਭਰਾ ਮੁਹਾਲੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਦੋ ਦਿਨ ਪਹਿਲਾਂ ਹੀ ਜੀਤੀ ਸਿੱਧੂ ਨੂੰ ਮੇਅਰ ਦੇ ਅਹੁਦੇ ਤੋਂ ਪੰਜਾਬ ਸਰਕਾਰ ਨੇ ਹਟਾ ਦਿੱਤਾ ਸੀ। ਸਾਬਕਾ ਮੇਅਰ ਜੀਤੀ ਸਿੱਧੂ ‘ਤੇ ਇਲਜ਼ਾਮ ਸਨ ਕਿ ਉਹਨਾਂ ਨੇ ਮੇਅਰ ਰਹਿੰਦਿਆ ਗੈਰ ਕਾਨੂੰਨੀ ਤਰੀਕੇ ਨਾਲ ਨਿੱਜੀ ਕੰਪਨੀ ਨੂੰ ਟੈਂਡਰ ਅਲਾਟ ਕੀਤੇ ਸਨ।
ਬਲਬੀਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਿਹਤ ਮੰਤਰੀ ਰਹਿ ਚੁੱਕੇ ਹਨ। ਕੈਪਟਨ ਨੂੰ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਤਾਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਬਲਬੀਰ ਸਿੱਧੂ ਨੂੰ ਕੈਬਿਨਟ ਮੰਤਰੀ ਤੋਂ ਲਾਂਭੇ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬਲਬੀਰ ਸਿੱਧੂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।