ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਏਐਸਆਈ ਜੌਗਾ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਅੱਤਵਾਦੀ ਸੰਗਠਨ ਤਹਰੀਕ-ਏ-ਤਾਲਿਬਾਨ ਹਿੰਦੁਸਤਾਨ ਯਾਨੀ TTH ਨੇ ਲਈ ਹੈ। ਇਸ ਵਾਰ ਸੰਗਠਨ ਦੇ ਨਾਮ ‘ਤੇ ਇੱਕ 27 ਸੈਕਿੰਡ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਏਐਸਆਈ ਜੌਗਾ ਸਿੰਘ ‘ਤੇ ਹਮਲਾ ਹੁੰਦਾ ਦਿਖਾਈ ਦੇ ਰਿਹਾ ਹੈ।
ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਵਿੱਚ ਕੀ ਕੁਝ ਦਿਖਿਆ?
ਵੀਡੀਓ ਦੀ ਸ਼ੁਰੂਆਤ ਵਿੱਚ “ਅੱਲਾਹ ਹੂ ਅਕਬਰ” ਦੇ ਨਾਅਰੇ ਸੁਣਾਈ ਦਿੰਦੇ ਹਨ ਅਤੇ ਪੰਜਾਬੀ ਤੇ ਉਰਦੂ ਵਿੱਚ ਅੱਤਵਾਦੀ ਸੰਗਠਨ ਦਾ ਨਾਮ ਲਿਖਿਆ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਮਜੀਠਾ ਦੀ ਉਹ ਸੜਕ ਦਿਖਾਈ ਜਾਂਦੀ ਹੈ ਜਿੱਥੇ ਏਐਸਆਈ ਜੌਗਾ ਸਿੰਘ ਦਾ ਕਤਲ ਕੀਤਾ ਗਿਆ ਸੀ।
ਵੀਡੀਓ ਦੇ ਕਰੀਬ 12ਵੇਂ ਸੈਕਿੰਡ ਵਿੱਚ ਦੋ ਬਾਈਕ ਸਵਾਰ ਹਮਲਾਵਰ ਕਾਲੇ ਰੰਗ ਦੀ ਐਕਟਿਵਾ ‘ਤੇ ਜਾ ਰਹੇ ਜੌਗਾ ਸਿੰਘ ‘ਤੇ ਗੋਲੀ ਚਲਾਉਂਦੇ ਹਨ। ਗੋਲੀ ਲੱਗਣ ਮਗਰੋਂ ਉਹ ਸੜਕ ਕਿਨਾਰੇ ਡਿੱਗ ਜਾਂਦੇ ਹਨ। ਇਸ ਤੋਂ ਬਾਅਦ ਹਮਲਾਵਰ ਨੇੜੇ ਜਾ ਕੇ ਇੱਕ ਹੋਰ ਗੋਲੀ ਮਾਰਦੇ ਦਿਖਾਈ ਦਿੰਦੇ ਹਨ।
ਵੀਡੀਓ ਦੇ ਅਖੀਰ ਵਿੱਚ RSS ਲਈ ਧਮਕੀਭਰਾ ਸੰਦੇਸ਼ ਵੀ ਲਿਖਿਆ ਹੋਇਆ ਦਿਖਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਇਹ ਕੁਝ ਵੀ ਨਹੀਂ ਸੀ, ਅੱਗੇ ਤੂਫ਼ਾਨ ਆਉਣਾ ਬਾਕੀ ਹੈ।”

24 ਮਈ ਨੂੰ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ 24 ਮਈ ਦੀ ਸਵੇਰ ਕਰੀਬ ਸਾਢੇ 6 ਵਜੇ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਪਿੰਡ ਹਮਜ਼ਾ ਨੇੜੇ ਏਐਸਆਈ ਜੌਗਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਗੁਰਦਾਸਪੁਰ ਦੇ ਘਣੀਏ ਦੇ ਰਹਿਣ ਵਾਲੇ ਸਨ ਅਤੇ ਅੰਮ੍ਰਿਤਸਰ ਵਿੱਚ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਸਨ।
ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਜੌਗਾ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

