ਮੁੰਬਈ : ਭਾਰਤੀ ਸਿਨੇਮ ਜਗਤ ਦੇ ਦਿੱਗਜ਼ ਕਲਾਕਾਰ ਦਿਲੀਪ ਕੁਮਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਲੀਪ ਕੁਮਾਰ ਪਿਛਲੇ ਪੰਜ ਦਿਨਾਂ ਤੋਂ ਸਾਂਹ ਦੀ ਦਿੱਕਤ ਦੇ ਚਲਦਿਆਂ ਮੁੰਬਈ ਦੇ ਪੀ.ਡੀ. ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਸਨ । ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਾਂਦਰਾ ਸਥਿਤ ਪਾਲੀ ਹਿਲ ਬੰਗਲੇ ਤੇ ਲੈ ਜਾਇਆ ਗਿਆ।
ਹਸਪਤਾਲ ਤੋਂ ਛੁੱਟੀ ਮਿਲਣ ਸਮੇਂ 98 ਸਾਲਾ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਵੀ ਉਨ੍ਹਾਂ ਦੇ ਨਾਲ ਸਨ।
ਦਿਲੀਪ ਕੁਮਾਰ ਨੂੰ ਛੁੱਟੀ ਮਿਲਣ ਤੋਂ ਬਾਅਦ ਸਾਇਰਾ ਬਾਨੋ ਨੇ ਕਿਹਾ ਕਿ “ਦਿਲੀਪ ਸਾਹਿਬ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਰੰਗ ਲਿਆਈਆਂ ਹਨ, ਉਹ ਹੁਣ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਮੈਂ ਦਿਲੀਪ ਸਾਹਿਬ ਦੇ ਸਾਰੇ ਚਾਹੁਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ । ਤੁਸੀਂ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ।”
ਦਿਲੀਪ ਕੁਮਾਰ ਦੀ ਬਿਮਾਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਇਰਾ ਬਾਨੋ ਨੇ ਕਿਹਾ ਕਿ ਉਨ੍ਹਾਂ ਦੇ ਫ਼ੇਫ਼ੜਿਆਂ ਵਿੱਚੋਂ ਪਾਣੀ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ ਹੈ ਅਤੇ ਡਾਕਟਰਾਂ ਵੱਲੋਂ ਚੰਗੀ ਤਰ੍ਹਾਂ ਕੀਤੇ ਇਲਾਜ ਤੋਂ ਬਾਅਦ ਹੁਣ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿਚ ਹਰ ਤਰ੍ਹਾਂ ਦੀ ਇਹਤਿਆਤ ਵਰਤਣ ਅਤੇ ਐਂਟੀਬਾਓਟਿਕਸ ਦੇਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦਿਲੀਪ ਕੁਮਾਰ ਦੀ ਛਾਤੀ ਵਿਚ ਜਮਾਂ ਪਾਣੀ ਨੂੰ ਕੱਢਣ ਵਾਸਤੇ ਮਾਈਨਰ ਸਰਜਰੀ ਕੀਤੀ ਗਈ ਸੀ। ਮੈਡੀਕਲ ਭਾਸ਼ਾ ਵਿੱਚ ਇਸ ਨੂੰ ‘ਪਲਯੂਰਲ ਐਸਪੀਰੇਸ਼ਨ’ (Pleural Aspiration) ਕਿਹਾ ਜਾਂਦਾ ਹੈ।