ਗੁਜਰਾਤ : ਗੁਜਰਾਤ ਹਾਈ ਕੋਰਟ ਨੇ ਮੰਗਲਵਾਰ ਨੂੰ 2008 ਦੇ ਸੀਰੀਅਲ ਬਲਾਸਟ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਇਸ ਮਾਮਲੇ ਵਿੱਚ 56 ਲੋਕ ਮਾਰੇ ਗਏ ਸਨ ਅਤੇ 246 ਜ਼ਖ਼ਮੀ ਹੋਏ ਸਨ। ਹਾਈ ਕੋਰਟ ਨੇ 38 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਅਤੇ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਵਿੱਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।ਦੋਸ਼ੀ ਪਾਏ ਗਏ ਸਾਰੇ 49 ਲੋਕਾਂ ਨੂੰ ਆਪਣੀ ਸਜ਼ਾ ਭੁਗਤਣੀ ਪਵੇਗੀ।
ਅਦਾਲਤ ਨੇ ਰਾਜ ਸਰਕਾਰ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ, ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ 5 ਲੱਖ ਰੁਪਏ ਅਤੇ ਮਾਮੂਲੀ ਰੂਪ ਵਿੱਚ ਜ਼ਖ਼ਮੀਆਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ। ਇਹ ਭੁਗਤਾਨ 31 ਮਾਰਚ, 2027 ਤੱਕ ਕਰਨਾ ਲਾਜ਼ਮੀ ਹੈ।
ਅਹਿਮਦਾਬਾਦ ਲੜੀਵਾਰ ਧਮਾਕਿਆਂ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਫਰਵਰੀ 2022 ਵਿੱਚ ਸਜ਼ਾ ਦਾ ਐਲਾਨ ਕੀਤਾ ਸੀ। ਇਸ ਕੇਸ ਵਿੱਚ 49 ਵਿੱਚੋਂ 38 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਅਹਿਮਦਾਬਾਦ ਵਿੱਚ ਕਈ ਥਾਵਾਂ ‘ਤੇ ਤਾਬੜਤੋੜ ਬੰਬ ਧਮਾਕੇ ਹੋਏ ਸਨ। ਇਸ ਵਿੱਚ 56 ਲੋਕਾਂ ਦੀ ਮੌਤ ਹੋਈ ਸੀ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਇੰਡੀਅਨ ਮੁਜਾਹਿਦੀਨ (IM) ਨੇ ਲਈ ਸੀ।
ਇਹ ਬੰਬ ਧਮਾਕੇ ਸਰਕਾਰੀ ਹਸਪਤਾਲਾਂ, ਅਹਿਮਦਾਬਾਦ ਸਿਵਲ ਹਸਪਤਾਲ ਅਤੇ ਐਲ.ਜੀ. ਹਸਪਤਾਲ, ਬੱਸ ਅੱਡੇ, ਬਾਜ਼ਾਰ ਅਤੇ ਪਾਰਕਿੰਗ ਵਰਗੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸਾਈਕਲਾਂ ਅਤੇ ਕਾਰਾਂ ਵਿੱਚ ਟਿਫ਼ਨ ਬੰਬਾਂ ਰਾਹੀਂ ਕੀਤੇ ਗਏ ਸਨ। ਪਹਿਲਾ ਬੰਬ ਧਮਾਕਾ ਬਾਜ਼ਾਰ ਵਿੱਚ ਹੋਣ ਤੋਂ ਬਾਅਦ, ਜਦੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ, ਉਦੋਂ ਅੱਤਵਾਦੀਆਂ ਨੇ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਦੇ ਬਾਹਰ ਕਾਰ ਬਲਾਸਟ ਕੀਤਾ ਸੀ।
ਗੁਜਰਾਤ ਪੁਲਿਸ ਨੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਦੇ ਆਦੇਸ਼ ‘ਤੇ ਐਸ.ਆਈ.ਟੀ. (SIT) ਬਣਾਈ ਸੀ। ਪੁਲਿਸ ਨੇ 19 ਦਿਨਾਂ ਵਿੱਚ ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਤੋਂ ਅੱਤਵਾਦੀ ਨੈੱਟਵਰਕ ਦਾ ਭੰਡਾਫੋੜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

