ਚੰਡੀਗੜ੍ਹ: ਦੇਸ਼ ਤੇ ਸੂਬੇ ਭਰ ‘ਚ ਸਵਾਈਨ ਫਲੂ ਦੇ ਮਾਮਲਿਆਂ ‘ਚ ਆਮ ਵਾਧੇ ਦੇ ਵਿਚਕਾਰ, ਜਲੰਧਰ ‘ਚ ਇਸ ਸੀਜ਼ਨ ‘ਚ ਸਵਾਈਨ ਫਲੂ ਨਾਲ ਮੌਤ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੂਰੇ ਸੂਬੇ ‘ਚ ਹੁਣ ਤੱਕ ਸਵਾਈਨ ਫਲੂ ਨਾਲ ਸੰਕਰਮਿਤ ਪਾਏ ਗਏ ਮਰੀਜ਼ਾਂ ਦੀ ਗਿਣਤੀ 220 ਤੱਕ ਪਹੁੰਚ ਗਈ ਹੈ। ਮ੍ਰਿਤਕ ਵਿਅਕਤੀ ਦੀ ਉਮਰ 85 ਸਾਲ ਸੀ ਤੇ ਉਹ ਕ੍ਰੋਨਿਕ ਔਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (COPD) ਤੋਂ ਪੀੜਤ ਸੀ। 4 ਅਗਸਤ ਦੀ ਸ਼ਾਮ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਅਨੁਸਾਰ ਅੰਤਿਮ ਨਤੀਜਾ ਹੈਲਥ ਆਡਿਟ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਜਲੰਧਰ ਦੇ ਜਮਸ਼ੇਰ ਖਾਸ ਦੇ ਤਾਜਪੁਰ ਵਾਸੀ ਮੂਲ ਰਾਜ ਨੂੰ ਸਾਹ ਲੈਣ ਵਿੱਚ ਤਕਲੀਫ਼ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (COPD) ਦੀ ਸਮੱਸਿਆ ਸੀ। ਸਿਹਤ ਵਿਭਾਗ ਅਨੁਸਾਰ ਮੂਲ ਰਾਜ ਦਾ 2 ਸਤੰਬਰ ਨੂੰ GMC ਅੰਮ੍ਰਿਤਸਰ ਵਿੱਚ H1N1 ਟੈਸਟ ਪਾਜ਼ੀਟਿਵ ਆਇਆ ਸੀ।
ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਮਰੀਜ਼ ਪਹਿਲਾਂ ਤੋਂ ਹੀ COPD ਸਮੇਤ ਹੋਰ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਕਮਜ਼ੋਰ ਸੀ। ਅਜਿਹੇ ਵਿੱਚ ਸਿਰਫ਼ H1N1 ਇਨਫੈਕਸ਼ਨ ਨੂੰ ਹੀ ਮੌਤ ਦਾ ਕਾਰਨ ਮੰਨਣਾ ਫਿਲਹਾਲ ਠੀਕ ਨਹੀਂ ਹੋਵੇਗਾ।
ਸਿਹਤ ਵਿਭਾਗ ਨੇ ਕਿਹਾ- ਆਡਿਟ ਤੋਂ ਬਾਅਦ ਸਪੱਸ਼ਟ ਹੋਵੇਗਾ ਮੌਤ ਦਾ ਕਾਰਨ
ਸਿਵਲ ਹਸਪਤਾਲ ਜਲੰਧਰ ਦੀ ਐਮਐਸ ਨਮਿਤਾ ਘਈ ਨੇ ਦੱਸਿਆ ਕਿ ਮਰੀਜ਼ ਇਮਿਊਨੋ-ਕੰਪ੍ਰੋਮਾਈਜ਼ਡ ਸਨ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਸਿਹਤ ਸਮੱਸਿਆਵਾਂ ਸਨ। ਇਸ ਲਈ ਉਨ੍ਹਾਂ ਦੀ ਮੌਤ H1N1 ਕਾਰਨ ਹੋਈ ਹੈ ਜਾਂ ਕਿਸੇ ਹੋਰ ਬਿਮਾਰੀ ਕਾਰਨ, ਇਸ ਦਾ ਪਤਾ ਹੈਲਥ ਆਡਿਟ ਤੋਂ ਬਾਅਦ ਹੀ ਲੱਗੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਕਿਹਾ ਕਿ H1N1 ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2026 ਵਿੱਚ ਸਾਹਮਣੇ ਆਇਆ ਸਟ੍ਰੇਨ ਅਜੇ ਤੱਕ ਨਵਾਂ ਜਾਂ ਮਿਊਟੇਟਿਡ ਸਟ੍ਰੇਨ ਨਹੀਂ ਪਾਇਆ ਗਿਆ ਹੈ। ਮੰਤਰੀ ਮੁਤਾਬਕ ਜਲੰਧਰ ਵਿੱਚ 85 ਸਾਲਾ ਮਰੀਜ਼ ਦੀ ਮੌਤ ਦਾ ਕਾਰਨ ਸਵਾਈਨ ਫਲੂ ਹੋਣ ਦੀ ਸੰਭਾਵਨਾ ਘੱਟ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

