ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਤਿੰਨ-ਚਾਰ ਦਿਨ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੀਆਂ ਕੀਮਤਾਂ ‘ਚ ਇੱਕ ਵਾਰ ਮੁੜ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦੇ ਆਲੂ, ਪਿਆਜ਼, ਟਮਾਟਰ ਸਣੇ ਕਈ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ। ਬਰਸਾਤ ਦੇ ਕਾਰਨ ਹੋਲਸੇਲ ਸਬਜ਼ੀ ਮੰਡੀ ‘ਚ ਹਰ ਕਿਸਮ ਦੀ ਸਬਜ਼ੀਆਂ ‘ਤੇ ਪੰਜ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਜਿਸ ਨਾਲ ਇਸ ਦਾ ਵੱਡਾ ਅਸਰ ਬਾਜ਼ਾਰਾਂ ‘ਚ ਵਿਕਣ ਵਾਲੀਆਂ ਸਬਜ਼ੀਆਂ ‘ਤੇ ਪੈ ਰਿਹਾ ਹੈ।
ਸਬਜ਼ੀਆਂ ਮਹਿੰਗੀਆਂ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਮੀਂਹ ਦੇ ਕਾਰਨ ਵਧੀ ਠੰਢ ਨਾਲ ਖੇਤਾਂ ‘ਚ ਸਬਜ਼ੀਆਂ ਤੋੜਨੀਆਂ ਮੁਸ਼ਕਲ ਹੋ ਗਈਆਂ ਹਨ ਅਤੇ ਦੂਸਰੇ ਪਾਸੇ ਮੰਡੀ ਵਿੱਚ ਲੇਬਰ ਵੀ ਪੂਰੀ ਮਾਤਰਾ ‘ਚ ਨਹੀਂ ਹੈ। ਇਸ ਕਰਕੇ ਸਬਜ਼ੀ ਦੀ ਸਪਲਾਈ ਵੀ ਘਟ ਗਈ ਹੈ। ਅਜਿਹੇ ਵਿੱਚ ਮੁਨਾਫ਼ਾਖੋਰ ਅਤੇ ਕਾਰੋਬਾਰੀ ਪੂਰੀ ਤਰ੍ਹਾਂ ਦੇ ਨਾਲ ਚੁਸਤ ਹੋ ਜਾਂਦੇ ਹਨ ਅਤੇ ਸਬਜ਼ੀਆਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਸਬਜ਼ੀਆਂ ਦੇ ਰੇਟਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ।