ਕੇਰਲ : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 10 ਦਿਨਾਂ ਦੀ ਸੋਚ-ਵਿਚਾਰ ਤੋਂ ਬਾਅਦ ਆਖ਼ਰਕਾਰ ਕਾਂਗਰਸ ਨੇ ਵੀਡੀ ਸਤੀਸ਼ਨ ਦੇ ਨਾਂ ਦਾ ਐਲਾਨ ਕੇਰਲ ਦੇ ਮੁੱਖ ਮੰਤਰੀ ਵਜੋਂ ਕਰ ਦਿੱਤਾ ਹੈ। ਵੀਡੀ ਸਤੀਸ਼ਨ ਕੇਰਲ ਤੋਂ ਛੇ ਵਾਰ ਵਿਧਾਇਕ ਰਹੇ ਹਨ। ਕੇਰਲ ਦੇ ਸੀਐਮ ਦੀ ਦੌੜ ਵਿੱਚ ਵੀਡੀ ਸਤੀਸ਼ਨ ਅਤੇ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵਿਚਕਾਰ ਸਖ਼ਤ ਮੁਕਾਬਲਾ ਸੀ। ਆਖ਼ਰਕਾਰ ਵੀਡੀ ਸਤੀਸ਼ਨ ਦੇ ਨਾਂ ‘ਤੇ ਮੋਹਰ ਲੱਗ ਗਈ।
ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਵਿਖੇ ਮੁਕੁਲ ਵਾਸਨਿਕ, ਦੀਪਾ ਦਾਸ ਮੁਨਸ਼ੀ ਅਤੇ ਅਜੇ ਮਾਕਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ। ਕਾਂਗਰਸ ਆਗੂ ਦੀਪਾ ਦਾਸਮੁੰਸ਼ੀ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਕਾਂਗਰਸ ਨੇ 7 ਮਈ ਨੂੰ ਤਿਰੂਵਨੰਤਪੁਰਮ ਵਿੱਚ ਮੀਟਿੰਗ ਕੀਤੀ ਸੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਚਰਚਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਵੀਡੀ ਸਤੀਸ਼ਨ ਕੇਰਲ ਦੇ ਮੁੱਖ ਮੰਤਰੀ ਹੋਣਗੇ।
ਨਾਮ ਦਾ ਐਲਾਨ ਹੋਣ ਤੋਂ ਬਾਅਦ ਸਤੀਸ਼ਨ ਨੇ ਕਿਹਾ, “ਮੈਂ ਇਸ ਅਹੁਦੇ ਨੂੰ ਨਿੱਜੀ ਪ੍ਰਾਪਤੀ ਨਹੀਂ ਬਲਕਿ ਰੱਬੀ ਕਿਰਪਾ ਮੰਨਦਾ ਹਾਂ। ਮੈਂ ਕੇਸੀ ਵੇਣੂਗੋਪਾਲ, ਰਮੇਸ਼ ਚੇਨੀਥਲਾ ਸਮੇਤ ਸਾਰੇ ਆਗੂਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਕੰਮ ਕਰਾਂਗਾ।”
ਕੋਚੀ ਨੇੜੇ ਨੇਤੂਰ ਵਿੱਚ ਜਨਮੇ ਵੀਡੀ ਸਤੀਸ਼ਨ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਵਕੀਲ ਅਤੇ ਸਮਾਜਿਕ ਕਾਰਕੁਨ ਤੋਂ ਬਾਅਦ ਸਤੀਸ਼ਨ ਨੇ ‘ਕੇਰਲ ਸਟੂਡੈਂਟਸ ਯੂਨੀਅਨ’ ਰਾਹੀਂ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਕਾਂਗਰਸ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ। ਬੁਲਾਰੇ ਅਤੇ ਸੜਕਾਂ ‘ਤੇ ਜੁਝਾਰੂ ਰਾਜਨੀਤੀ ਕਰਨ ਵਾਲੇ ਸਤੀਸ਼ਨ 2001 ਤੋਂ ਪਰਵੂਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।
ਵੀਡੀ ਸਤੀਸ਼ਨ ਕੇਰਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਸਾਲ 2021 ਤੋਂ 2026 ਤੱਕ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਵਾਜ਼ ਉਠਾ ਕੇ ਇੱਕ ਮਜ਼ਬੂਤ ਨੇਤਾ ਵਜੋਂ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਲੈਫਟ (LDF) ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ। ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੇ ਵਧ-ਚੜ੍ਹ ਕੇ ਕਾਂਗਰਸ ਦਾ ਪ੍ਰਚਾਰ ਕੀਤਾ ਅਤੇ ਪਾਰਟੀ ਨੂੰ ਜਿੱਤ ਦਿਵਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

