ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਖੇਤੀ ਸਿੱਖਿਆ ਦਿਹਾੜਾ 2020 ਆਯੋਜਿਤ ਕੀਤਾ। ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਇਸ ਸੰਬੰਧੀ ਇੱਕ ਵੈਬੀਨਾਰ ‘ਖੇਤੀ ਵਿੱਚ ਸਿੱਖਿਆ ਅਤੇ ਮੁਹਾਰਤ ਵਿਕਾਸ ਦੀਆਂ ਸੰਭਾਵਨਾਵਾਂ’ ਵਿਸ਼ੇ ਤੇ ਕਰਵਾਇਆ। ਇਸ ਵਿੱਚ ਲੁਧਿਆਣਾ, ਬਠਿੰਡਾ, ਪਟਿਆਲਾ, ਬਰਨਾਲਾ, ਮੁਹਾਲੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਸਕੂਲਾਂ ਤੋਂ 200 ਦੇ ਕਰੀਬ ਅਧਿਆਪਕ ਅਤੇ ਦਸਵੀਂ-ਬਾਰਵੀ ਦੇ ਵਿਦਿਆਰਥੀ ਸ਼ਾਮਿਲ ਹੋਏ। ਇਸ ਸਮਾਗਮ ਦੌਰਾਨ ਬੱਚਿਆਂ ਨੂੰ ਖੇਤੀ ਖੇਤਰ ਵਿੱਚ ਸਿੱਖਿਆਂ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਅਧਿਆਪਕ ਡਾ. ਸੁਖਦੀਪ ਕੌਰ ਨੇ ਖੇਤੀ ਖੇਤਰ ਵਿੱਚ ਪੀ.ਏ.ਯੂ. ਵੱਲੋਂ ਚਲਾਏ ਜਾਂਦੇ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਪਾਬੀ ਦੀ ਖੇਤੀ ਕਾਰੋਬਾਰ ਸੰਬੰਧੀ ਸਿਖਲਾਈ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਪੰਜਾਬ ਦੇ ਖੇਤੀ ਵਿਕਾਸ ਵਿੱਚ ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਯੋਗਦਾਨ ਬਾਰੇ ਗੱਲ ਕੀਤੀ। ਇਸ ਸਮਾਗਮ ਨੂੰ ਡਾ. ਪ੍ਰੀਤੀ ਸ਼ਰਮਾ ਨੇ ਸੰਚਾਲਿਤ ਕੀਤਾ।
ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵੱਲੋਂ ਵੀ ਖੇਤੀ ਸਿੱਖਿਆ ਦਿਹਾੜਾ ਮਨਾਉਂਦਿਆਂ ਇੱਕ ਆਨਲਾਈਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ‘ਖੇਤੀ ਵਿੱਚ ਜੀਵ ਵਿਗਿਆਨ ਦੀ ਭੂਮਿਕਾ’ ਵਿਸ਼ੇ ਤੇ ਵਿਭਾਗ ਦੇ ਪੀ ਐਚ ਡੀ ਅਤੇ ਐਮ ਐਸ ਸੀ ਦੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਲਗਭਗ 45 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪੀ ਐਚ ਡੀ ਵਰਗ ਵਿੱਚ ਕੁਮਾਰੀ ਨਵਕਿਰਨ ਕੌਰ ਅਤੇ ਐਮ ਐਸ ਸੀ ਵਿੱਚੋਂ ਕੁਮਾਰੀ ਸੋਮਿਆ ਜੈਨ ਦੀਆਂ ਪੇਸ਼ਕਾਰੀਆਂ ਨੂੰ ਜੱਜਾਂ ਨੇ ਸਰਵੋਤਮ ਕਿਹਾ। ਜੁਆਲੋਜੀਕਲ ਸੁਸਾਇਟੀ ਦੇ ਪ੍ਰਧਾਨ ਡਾ. ਡੀ ਕੇ ਕੋਚੜ ਨੇ ਇਸ ਦਿਨ ਦੇ ਮਹੱਤਵ ਅਤੇ ਇਤਿਹਾਸ ਬਾਰੇ ਗੱਲ ਕੀਤੀ। ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਖੇਤੀ ਸਿੱਖਿਆ ਵਿੱਚ ਜੁਆਲੋਜੀ ਦੇ ਮਹੱਤਵ ਨੂੰ ਉਘਾੜਦਿਆਂ ਇਸ ਖੇਤਰ ਵਿੱਚ ਨਵੇਂ ਮੌਕਿਆਂ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ।