ਵੰਦੇ ਭਾਰਤ ਮਿਸ਼ਨ : ਰੂਸ ‘ਚ ਫਸੇ 143 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

TeamGlobalPunjab
2 Min Read

ਇੰਦੌਰ : ਕੋਰੋਨਾ ਮਹਾਮਾਰੀ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਨਾਗਰਿਕ ਫਸੇ ਹੋਏ ਹਨ। ਭਾਰਤ ਸਰਕਾਰ ਵੱਲੋਂ ਇਨ੍ਹਾਂ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸਨ’ ਅਤੇ ‘ਆਪਰੇਸ਼ਨ ਸਮੁੰਦਰ ਸੇਤੂ’ ਮਿਸ਼ਨ ਚਲਾਇਅ ਗਿਆ ਹੈ। ਇਸ ਮਿਸ਼ਨ ਤਹਿਤ ਵਿਸ਼ੇਸ਼ ਜਹਾਜ਼ਾਂ ਰਾਹੀਂ ਡੇਢ ਲੱਖ ਦੇ ਕਰੀਬ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਇਸੇ ਕੜੀ ਤਹਿਤ ਅੱਜ ਵੀਰਵਾਰ ਸਵੇਰੇ ਰੂਸ ‘ਚ ਲੰਬੇ ਸਮੇਂ ਤੋਂ ਫਸੇ 143 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਇੰਦੌਰ ਦੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਿਆ।

ਸਥਾਨਕ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਰੂਸ ਦੀ ਰਾਜਧਾਨੀ ਮਾਸਕੋ ਦੇ ਦੋਮੋਦੇਦੋਵੋ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਦਿੱਲੀ ਹੁੰਦੇ ਹੋਏ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 3.40 ਵਜੇ ਇੰਦੌਰ ਪਹੁੰਚਿਆ। ਸਿਹਤ ਵਿਭਾਗ ਅਨੁਸਾਰ ਇਹ ਸਾਰੇ ਯਾਤਰੀ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਜਿਨ੍ਹਾਂ ‘ਚੋਂ 24 ਯਾਤਰੀ ਇੰਦੌਰ ਦੇ ਅਤੇ ਬਾਕੀ ਯਾਤਰੀ ਮੱਧ ਪ੍ਰਦੇਸ਼ ਦੇ ਬਾਕੀ ਸ਼ਹਿਰਾਂ ਨਾਲ ਸਬੰਧਿਤ ਹਨ। ਇਨ੍ਹਾਂ ਸਾਰਿਆਂ ਨੂੰ ਇੰਦੌਰ ਸ਼ਹਿਰ ਦੇ ਵੱਖ-ਵੱਖ ਕੁਆਰੰਟੀਨ ਸੈਂਟਰਾਂ ‘ਚ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਵਿਦੇਸ਼ ‘ਚ ਫਸੇ 144 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕ੍ਰੇਨ ਤੋਂ ਦਿੱਲੀ ਹੁੰਦੇ ਹੋਏ ਸਵੇਰੇ 5.40 ਵਜੇ ਇੰਦੌਰ ਪਹੁੰਚੀ ਸੀ। ਯਾਤਰੀਆਂ ਦੇ ਇਸ ਸਮੂਹ ‘ਚ 29 ਯਾਤਰੀ ਇੰਦੌਰ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਬਾਕੀ ਮੱਧ ਪ੍ਰਦੇਸ਼ ਦੇ ਛੱਤੀਸਗੜ੍ਹ, ਗੁਜਰਾਤ ਅਤੇ ਮਹਾਂਰਾਸ਼ਟਰ ਨਾਲ ਸਬੰਧਿਤ ਸਨ।

Share this Article
Leave a comment