-ਵਰਿੰਦਰਪਾਲ ਸਿੰਘ
ਯੂਰੀਆ ਖਾਦ ਦੀ ਬੇਲੋੜੀ ਵਰਤੋਂ ਨਾਲ ਵਧੇ ਉਤਪਾਦਨ ਖਰਚ ਤਾਂ ਯੂਰੀਆ ਤੇ ਮਿਲਦੀ ਭਾਰੀ ਸਬਸਿਡੀ ਕਾਰਨ ਕਿਸਾਨਾਂ ਨੂੰ ਮਹਿਸੂਸ ਨਹੀਂ ਹੁੰਦੇ, ਪ੍ਰੰਤੂ ਲੋੜ ਤੋਂ ਵੱੱਧ ਯੂਰੀਆ ਖਾਦ ਦੀ ਵਰਤੋਂ ਨਾਲ ਵਾਤਾਵਰਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।ਚੇਤੇ ਰਹੇ ਕਿ ਲੋੜੋਂ ਵਧੇਰੀ ਵਰਤੋਂ ਕਾਰਨ ਆਸਮਾਨ ਵਿਚ ਗੈਸ ਬਣ ਕੇ ਉਡੀ ਨਾਈਟਰੋਜਨ ਬ੍ਰਹਿਮੰਡੀ ਤਪਸ਼ ਦਾ ਕਾਰਨ ਬਣਦੀ ਹੈ ਅਤੇ ਕੁਦਰਤ ਵਲੋਂ ਇਸ ਧਰਤੀ ਦੇ ਵਸਨੀਕਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਲਈ ਤਾਣੀ ਛਤਰੀ (ਓਜੋਨ ਤਹਿ) ਦੀ ਘਣਤਾ ਨੂੰ ਘਟਾਉਂਦੀ ਹੈ।ਇਸ ਨਾਲ ਚਮੜੀ ਦੇ ਕੈਂਸਰ ਅਤੇ ਅੱੱਖਾਂ ਦੀਆਂ ਬਿਮਾਰੀਆਂ ਆਦਿਕ ਰੋਗਾਂ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।ਦੂਸਰੇ ਪਾਸੇ ਲੋੜੋਂ ਵਧੇਰੇ ਪਾਈ ਯੂਰੀਆ ਖਾਦ ਦੇ ਧਰਤੀ ਵਿਚ ਜੀਰ ਜਾਣ ਨਾਲ ਪੀਣ ਵਾਲੇ ਪਾਣੀ ਦਾ ਪ੍ਰਦੂਸ਼ਣ ਭਿਆਨਕ ਰੋਗਾਂ ਨੂੰ ਜਨਮ ਦੇ ਦੇਵੇਗਾ।ਇਸ ਦੇ ਨਾਲ ਹੀ ਵਾਧੂ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀਆਂ ਗੂੜੇ ਹਰੇ ਰੰਗ ਦੀਆਂ ਫ਼ਸਲਾਂ ਕੀੜੇ-ਮਕੌੜਿਆਂ ਦੇ ਹਮਲੇ ਦਾ ਵਧੇਰੇ ਸ਼ਿਕਾਰ ਹੋ ਕੇ ਉਤਪਾਦਨ ਖਰਚ ਵਧਾ ਦਿੰਦੀਆਂ ਹਨ।ਲੋੜ ਤੋਂ ਵੱੱਧ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀ ਭਾਰੀ ਫ਼ਸਲ ਪੱਕਣ ਸਮੇਂ ਆਈਆਂ ਬਾਰਸ਼ਾਂ ਜਾਂ ਤੇਜ ਹਵਾਵਾਂ ਨਾਲ ਡਿੱਗ ਕੇ ਇਸ ਨੁਕਸਾਨ ਨੂੰ ਹੋਰ ਵਧਾ ਦਿੰਦੀ ਹੈ।
ਪੰਜਾਬ ਦੀਆਂ ਸਾਰੀਆਂ ਮੁੱਖ ਫ਼ਸਲਾਂ (ਕਣਕ, ਕੱਦੂ ਕੀਤੇ ਝੋਨੇ, ਸਿੱਧੀ ਬਿਜਾਈ ਵਾਲੇ ਝੋਨੇ, ਬਾਸਮਤੀ, ਮੱਕੀ ਅਤੇ ਬੀ.ਟੀ. ਨਰਮੇ) ਵਿਚ ਲੋੜ ਅਨੁਸਾਰ ਯੂਰੀਆ ਦੀ ਵਰਤੋਂ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੀ.ਏ.ਯੂ.-ਪੱਤਾ ਰੰਗ ਚਾਰਟ ਵਿਧੀ ਦੀ ਸਿਫ਼ਾਰਸ਼ ਕੀਤੀ ਗਈ ਹੈ।ਇਸ ਵਿਧੀ ਦੀ ਵਰਤੋਂ ਨਾਲ ਪੰਜਾਬ ਅਤੇ ਹੋਰ ਸੂਬਿਆਂ (ਹਰਿਆਣਾ, ਯੂ.ਪੀ., ਗੁਜਰਾਤ ਅਤੇ ਰਾਜਸਥਾਨ) ਦੇ ਕਿਸਾਨ ਆਪਣਾ ਮੁਨਾਫ਼ਾ ਵਧਾ ਰਹੇ ਹਨ।ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਸੀਆਂ ਦੇ ਕਿਸਾਨਾਂ ਨੇ ਇਸ ਵਿਧੀ ਦੀ ਵਰਤੋਂ ਨਾਲ ਕਣਕ ਵਿਚ 20-50 ਕਿੱਲੋ ਯੂਰੀਆ/ਏਕੜ ਦੀ ਬੱਚਤ ਕਰਕੇ ਪੂਰੇ ਝਾੜ ਪ੍ਰਾਪਤ ਕੀਤੇ ਹਨ।ਪੱਤਾ ਰੰਗ ਚਾਰਟ ਵਿਧੀ ਅਪਣਾਉਣ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਘੱਟ ਹੋਇਆ, ਸਿੱਟੇ ਵਜੋਂ ਕਿਸਾਨਾਂ ਦਾ ਜ਼ਹਿਰਾਂ ਉਪਰ ਹੋਣ ਵਾਲਾ ਖ਼ਰਚ ਬਚ ਗਿਆ ਅਤੇ ਮੁਨਾਫ਼ਾ ਵਧ ਗਿਆ।
ਇਸ ਵਿਧੀ ਦੀ ਵਰਤੋਂ ਨੂੰ ਹੋਰ ਸੁਖਾਲਿਆਂ ਕਰਨ ਲਈ ਭੂਮੀ ਵਿਗਿਆਨ ਵਿਭਾਗ ਨੇ ਹੁਣ ਮੋਬਾਈਲ ਫੋਨ ਲਈ ‘ਪੀ.ਏ.ਯੂ. ਯੂਰੀਆ ਗਾਈਡ ਐਪ’ ਵੀ ਤਿਆਰ ਕਰ ਦਿੱਤੀ ਹੈ।’ਪੀ.ਏ.ਯੂ. ਯੂਰੀਆ ਗਾਈਡ ਐਪ’ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਉਪਲੱਬਧ ਹੈ ਅਤੇ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਐਪ ਦੀ ਸਹਾਇਤਾ ਨਾਲ ਤੁਸੀਂ ਆਪਣੇ ਫੋਨ ਵਿਚ ਪੱੱਤਿਆਂ ਦੇ ਹਰੇਪਣ ਦੀ ਜਾਣਕਾਰੀ ਭਰ ਕੇ ਪੰਜਾਬ ਦੀਆਂ ਸਾਰੀਆਂ ਮੁੱਖ ਫ਼ਸਲਾਂ ਵਿਚ ਯੂਰੀਆ ਖਾਦ ਦੀ ਵਰਤੋਂ ਸੰਬੰਧੀ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।ਪੱੱਤਿਆਂ ਦੇ ਹਰੇਪਣ ਨੂੰ ਦੇਖਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਖਰੀਦ ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ, ਕਿਤਾਬਾਂ ਦੀ ਦੁਕਾਨ, ਗੇਟ ਨੰਬਰ 1, ਪੀ.ਏ.ਯੂ. ਅਤੇ ਵਖ-ਵੱੱਖ ਜ਼ਿਲ੍ਹਿਆਂ ਵਿਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਕਿਸਾਨ ਸੇਵਾ ਕੇਂਦਰਾਂ ਤੋਂ ਕੀਤੀ ਜਾ ਸਕਦੀ ਹੈ।ਇਸ ਐਪ ਦੀ ਸਹਾਇਤਾ ਨਾਲ ਤੁਸੀਂ ਗਰੀਨ ਸੀਕਰ ਯੰਤਰ ਨਾਲ ਰੀਡਿੰਗ ਲੈ ਕੇ ਵੀ ਯੂਰੀਆ ਦੀ ਲੋੜ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਕਣਕ ਵਿਚ ਪੀ.ਏ.ਯੂ. ਯੂਰੀਆ ਗਾਈਡ ਵਰਤਣ ਦੀ ਵਿਧੀ:
ਪੱਤਾ ਰੰਗ ਚਾਰਟ ਦੀ ਵਰਤੋਂ ਨਾਲ:
1. ਕਣਕ ਦੀ ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਮਿੱਟੀਆਂ ਵਿਚ 55 ਕਿੱਲੋ ਡੀ.ਏ.ਪੀ./ਏਕੜ ਪਾਓ।ਬਿਜਾਈ ਸਮੇਂ ਯੂਰੀਆ ਪਾਉਣ ਦੀ ਲੋੜ ਨਹੀਂ।
2. ਪਹਿਲੇ ਪਾਣੀ ਨਾਲ (ਬਿਜਾਈ ਤੋਂ 21-28 ਦਿਨ ਬਾਅਦ), ਸਮੇਂ ਸਿਰ ਬੀਜੀ ਕਣਕ ਨੂੰ 40 ਕਿੱਲੋ ਅਤੇ ਪਛੇਤੀ (ਅੱਧ ਦਸੰਬਰ ਤੋਂ ਬਾਅਦ ਬੀਜੀ) ਕਣਕ ਨੂੰ 25 ਕਿੱਲੋ ਯੂਰੀਆ/ਏਕੜ ਪਾਓ।
3. ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨ ਬਾਅਦ), ਖੇਤ ਦੀ ਨੁੰਮਾਇਦਗੀ ਕਰਨ ਵਾਲੇ ਅਤੇ ਬਿਮਾਰੀ/ਕੀੜਿਆਂ ਦੇ ਹਮਲੇ ਤੋਂ ਰਹਿਤ 10 ਜਾਂ ਵੱਧ ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਬੂਟੇ ਨਾਲੋਂ ਤੋੜੇ ਬਿਨਾ ਆਪਣੇ ਪਰਛਾਵੇਂ ਵਿੱਚ ਪੀ.ਏ.ਯੂ. ਪੱਤਾ ਰੰਗ ਚਾਰਟ ਨਾਲ ਮਿਲਾਓ।
4. ਜੇ ਬਾਰਸ਼ ਕਾਰਨ ਦੂਜੇ ਪਾਣੀ ਵਿੱਚ ਦੇਰੀ ਹੋਵੇ ਅਤੇ ਖੇਤ ਵਿੱਚ ਲੋੜੀਂਦੀ ਨਮੀ ਹੋਵੇ, ਤਾਂ ਬਿਜਾਈ ਤੋਂ 50-55 ਦਿਨ ਬਾਅਦ, ਪੀ.ਏ.ਯੂ. ਪੱਤਾ ਰੰਗ ਚਾਰਟ ਨਾਲ ਰੀਡਿੰਗ ਲੈ ਲਉ।
5. ਇਹ ਰੀਡਿੰਗ ਪੀ.ਏ.ਯੂ. ਯੂਰੀਆ ਗਾਈਡ ਐਪ ਵਿੱਚ ਭਰੋ ਅਤੇ ਖੇਤ ਨੂੰ ਲੋੜੀਂਦੀ ਯੂਰੀਆ ਖਾਦ ਦੀ ਮਾਤਰਾ ਦੀ ਜਾਣਕਾਰੀ ਪ੍ਰਾਪਤ ਕਰੋ।
ਗਰੀਨਸੀਕਰ ਦੀ ਵਰਤੋਂ ਨਾਲ:
1. ਕਣਕ ਦੀ ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਮਿੱਟੀਆਂ ਵਿਚ 55 ਕਿੱਲੋ ਡੀ.ਏ.ਪੀ./ਏਕੜ ਪਾਓ।ਖੇਤ ਵਿੱਚ ਬਿਜਾਈ ਸਮੇਂ ਯੂਰੀਆ ਪਾਉਣ ਦੀ ਲੋੜ ਨਹੀਂ, ਪਰ 4 ਮਰਲੇ (ਲਗਭਗ 100 ਵਰਗ ਮੀਟਰ) ਥਾਂ ਵਿੱਚ ਇੱਕ ‘ਵੱਧ ਖਾਦ ਵਾਲਾ ਕਿਆਰਾ’ ਬਣਾਓ, ਜਿਸ ਵਿੱਚ ਬਿਜਾਈ ਵਾਲੇ ਦਿਨ 1 ਕਿੱਲੋ ਯੂਰੀਆ ਹੋਰ ਪਾ ਦਿਓ।ਜ਼ਰੂਰੀ ਹੈ ਕਿ ਖੇਤ ਅਤੇ ‘ਵਧ ਖਾਦ ਵਾਲੇ ਕਿਆਰੇ’ ਵਿੱਚ ਕਣਕ ਦੀ ਕਿਸਮ ਅਤੇ ਬਿਜਾਈ ਦੀ ਮਿਤੀ ਇੱਕ ਹੀ ਹੋਵੇ।
2. ਪਹਿਲੇ ਪਾਣੀ ਨਾਲ (ਬਿਜਾਈ ਤੋਂ 21-28 ਦਿਨ ਬਾਅਦ), ਸਮੇਂ ਸਿਰ ਬੀਜੀ ਕਣਕ ਨੂੰ 40 ਕਿੱਲੋ ਅਤੇ ਪਛੇਤੀ (ਅੱਧ ਦਸੰਬਰ ਤੋਂ ਬਾਅਦ ਬੀਜੀ) ਕਣਕ ਨੂੰ 25 ਕਿੱਲੋ ਯੂਰੀਆ/ਏਕੜ ਪਾਓ।’ਵੱਧ ਖਾਦ ਵਾਲੇ ਕਿਆਰੇ’ ਵਿੱਚ 600 ਗਰਾਮ ਯੂਰੀਆ ਹੋਰ ਪਾ ਦਿਓ।
3. ਖੇਤ ਵਿੱਚ ਬਿਮਾਰੀ/ਕੀੜਿਆਂ ਦੇ ਹਮਲੇ ਅਤੇ ਨਦੀਨਾਂ ਦੀ ਰੋਕਥਾਮ ਠੀਕ ਢੰਗ ਨਾਲ ਕਰੋ।
4. ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨ ਬਾਅਦ), ਖੇਤ ਅਤੇ ‘ਵੱਧ ਖਾਦ ਵਾਲੇ ਕਿਆਰੇ’ ਦੇ ਤਿੰਨ ਵੱਖ-ਵੱਖ ਹਿੱਸਿਆਂ ਵਿੱਚੋਂ ਗਰੀਨਸੀਕਰ ਰੀਡਿੰਗ ਲਉ। ਗਰੀਨਸੀਕਰ ਰੀਡਿੰਗ ਲੈਣ ਲਈ ਗਰੀਨਸੀਕਰ ਨੂੰ ਫ਼ਸਲ ਤੋਂ 75 ਸੈਂਟੀਮੀਟਰ ਉਚਾ ਰੱਖ ਕੇ, 6-8 ਮੀਟਰ ਦਾ ਫ਼ਾਸਲਾ ਹੌਲ਼ੀ ਰਫ਼ਤਾਰ ਨਾਲ ਤੁਰੋ।
5. ਜੇ ਬਾਰਸ਼ ਕਾਰਨ ਦੂਜੇ ਪਾਣੀ ਵਿੱਚ ਦੇਰੀ ਹੋਵੇ ਅਤੇ ਖੇਤ ਵਿੱਚ ਲੋੜੀਂਦੀ ਨਮੀ ਹੋਵੇ, ਤਾਂ ਦੂਜੇ ਪਾਣੀ ਦੀ ਉਡੀਕ ਨਾ ਕਰੋ ਅਤੇ ਬਿਜਾਈ ਤੋਂ 50-55 ਦਿਨ ਬਾਅਦ, ਗਰੀਨ ਸੀਕਰ ਨਾਲ ਰੀਡਿੰਗ ਲੈ ਲਉ।
6. ਇਹ ਰੀਡਿੰਗ ਪੀ.ਏ.ਯੂ. ਯੂਰੀਆ ਗਾਈਡ ਐਪ ਵਿੱਚ ਭਰੋ ਅਤੇ ਖੇਤ ਨੂੰ ਲੋੜੀਂਦੀ ਯੂਰੀਆ ਖਾਦ ਦੀ ਮਾਤਰਾ ਦੀ ਜਾਣਕਾਰੀ ਪ੍ਰਾਪਤ ਕਰੋ।
ਸੰਪਰਕ: 98882-77222