Home / ਓਪੀਨੀਅਨ / ਹੁਣ ਪਤਾ ਲੱਗਿਆ ਕਿ ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਵਾਲਾ ਕੰਮ ਬੰਦ ਕਰਨ ਦਾ ਬਿਆਨ ਕਿਉਂ ਦਿੱਤਾ ਸੀ, ਬੱਲੇ ਨੀ ਰਾਜਨੀਤੀਏ ਕੀ ਕੀ ਕਰਾਉਂਦੀ ਏਂ!

ਹੁਣ ਪਤਾ ਲੱਗਿਆ ਕਿ ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਵਾਲਾ ਕੰਮ ਬੰਦ ਕਰਨ ਦਾ ਬਿਆਨ ਕਿਉਂ ਦਿੱਤਾ ਸੀ, ਬੱਲੇ ਨੀ ਰਾਜਨੀਤੀਏ ਕੀ ਕੀ ਕਰਾਉਂਦੀ ਏਂ!

ਜਗਤਾਰ ਸਿੰਘ, ਸੀਨੀਅਰ ਪੱਤਰਕਾਰ ਭਾਜਪਾ ਆਗੂ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਬੰਦ ਕਰਨ ਸਬੰਧੀ ਦਿੱਤੇ ਬਿਆਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਵੰਬਰ ਮਹੀਨੇ ਵਿੱਚ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਨੂੰ ਮੁਕੰਮਲ ਕਰਨ ਲਈ ਪਾਕਿਸਤਾਨ ਅਤੇ ਭਾਰਤ ਵਾਲੇ ਪਾਸੇ ਤੋਂ ਸਰਗਰਮੀਆਂ ਸਿਖਰ ‘ਤੇ ਹਨ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਜੰਮੂ ਕਸ਼ਮੀਰ ਲਈ ਧਾਰਾ 370 ਖਤਮ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਤਣਾਅ ਵਾਲੇ ਬਣੇ ਹੋਏ ਹਨ ਅਤੇ ਦੋਹਾਂ ਮੁਲਕਾਂ ਵਿਚਕਾਰ ਗੱਲਬਾਤ ਦਾ ਰਾਹ ਵੀ ਬੰਦ ਹੋ ਚੁੱਕਾ ਹੈ। ਇਹ ਵੀ ਸੱਚਾਈ ਹੈ ਕਿ ਪਾਕਿਸਤਾਨ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਦੋਹਾਂ ਮਲਕਾਂ ਵਿਚਕਾਰ ਕਸ਼ਮੀਰ ਨੂੰ ਲੈ ਕੇ ਬਣੇ ਤਣਾਅ ਦਾ ਕਰਤਾਰਪੁਰ ਸਾਹਿਬ ਲਾਂਘੇ ‘ਤੇ ਕੋਈ ਅਸਰ ਨਹੀਂ ਪਵੇਗਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਬਰਾਨੀਅਮ ਸਵਾਮੀ ਨੂੰ ਚੰਡੀਗੜ੍ਹ ਆ ਕੇ ਇਹ ਬਿਆਨ ਦੇਣ ਦੀ ਲੋੜ ਕਿਉਂ ਪਈ? ਸੁਬਰਾਮਨੀਅਮ ਸਵਾਮੀ ਵਰਗਾ ਤਜ਼ਰਬੇਕਾਰ ਨੇਤਾ ਬਗੈਰ ਕਿਸੇ ਨੀਤੀ ਦੇ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦਾ। ਬੇਸ਼ੱਕ ਉਸ ਨੇ ਇਹ ਵੀ ਕਿਹਾ ਹੈ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ। ਹਾਕਮ ਧਿਰ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਵੱਲੋਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਨਿੱਜੀ ਕਿਵੇਂ ਹੋ ਸਕਦਾ ਹੈ। ਪੰਜਾਬ ਦੀ ਭਾਜਪਾ ਲੀਡਰਸ਼ਿੱਪ ਨੇ ਤਾਂ ਇਹ ਆਖ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪਾਰਟੀ ਦਾ ਬਿਆਨ ਨਹੀਂ ਹੈ ਸਗੋਂ ਉਸ ਦਾ ਨਿੱਜੀ ਵਿਚਾਰ ਹੈ। ਭਾਜਪਾ ਆਗੂਆਂ ਨੂੰ ਇਹ ਵੀ ਪਤਾ ਹੈ ਕਿ ਇਸ ਬਿਆਨ ਨਾਲ ਮੀਡੀਆ ਅਤੇ ਸਮਾਜਿਕ ਖੇਤਰ ਵਿੱਚ ਇੱਕ ਅਜਿਹੀ ਬਹਿਸ ਸ਼ੁਰੂ ਹੋ ਗਈ ਹੈ ਜਿਹੜੀ ਕਿ ਨਵੇਂ ਤਣਾਅ ਅਤੇ ਨਫ਼ਰਤ ਦਾ ਕਾਰਨ ਬਣ ਸਕਦੀ ਹੈ। ਪੰਜਾਬ ਸਰਹੱਦੀ ਸੂਬਾ ਹੈ ਅਤੇ ਪੰਜਾਬੀਆਂ ਨੇ ਪਿਛਲੇ ਸਮਿਆਂ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਦੇਸ਼  ਦੀ ਵੰਡ ਵੇਲੇ ਵੀ ਸਭ ਤੋਂ ਵੱਡਾ ਸੰਤਾਪ ਪੰਜਾਬ ਨੇ ਹੀ ਭੋਗਿਆ ਸੀ। ਦੋਹਾਂ ਪਾਸਿਆਂ ਦੇ ਪੰਜਾਬੀ ਇੱਕ ਦੂਜੇ ਨੂੰ ਸੁਨੇਹ ਦੀ ਭਾਵਨਾ ਨਾਲ ਵੇਖਦੇ ਹਨ। ਵਿਦੇਸ਼ਾਂ ਅੰਦਰ ਦੋਹਾਂ ਮੁਲਕਾਂ ਦੇ ਪੰਜਾਬੀਆਂ ਦੇ ਆਪਸੀ ਰਿਸਤੇ ਬੜੇ ਨਿੱਘੇ ਅਤੇ ਆਪਣੇਪਣ ਵਾਲੇ ਹਨ। ਇਸ ਲਈ ਦੁਨੀਆਂ ਭਰ ‘ਚ ਬੈਠੇ ਪੰਜਾਬੀ ਕਿਸੇ ਵੀ ਨਫਰਤ ਫੈਲਾਉਣ ਵਾਲੇ ਬਿਆਨ ਜਾਂ ਕਦਮ ਦਾ ਵਿਰੋਧ ਕਰਦੇ ਹਨ। ਪੰਜਾਬ ਨੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵਧੇਰੇ ਕੁਰਬਾਨੀਆਂ ਕੀਤੀਆਂ ਹਨ ਅਤੇ ਪਾਕਿਸਤਾਨ ਦੀ ਭਾਰਤ ਵਿਰੋਧੀ ਹਰ ਚਾਲ ਦਾ ਡਟ ਕੇ ਵਿਰੋਧ ਕੀਤਾ ਹੈ। ਹੁਣ ਕਿਸੇ ਨੇਤਾ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨਾਲ ਸਬੰਧਿਤ ਸਮਾਗਮਾਂ ਵਿੱਚ ਨਫ਼ਰਤ ਫੈਲਾਉਣ ਦੀ ਆਗਿਆ ਨਹੀਂ  ਦਿੱਤੀ ਜਾ ਸਕਦੀ। ਇਹ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਚੱਲ ਰਹੇ ਕੰਮਾਂ ਵਿੱਚ ਕੋਈ ਮੁਸ਼ਕਲ ਨਾ ਹੋਵੇ। ਇਨ੍ਹਾਂ ਤਿਆਰੀਆਂ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੱਧਰ ਦੇ ਧਾਰਮਿਕ ਆਗੂਆਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਕੌਮਾਂਤਰੀ ਪੱਧਰ ‘ਤੇ ਅਮਰੀਕਾ ਸਮੇਤ ਹੋਰਾਂ ਮੁਲਕਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਮਾਨਵਤਾ ਦਾ ਸੁਨੇਹਾ ਦੇਣ ਲਈ ਵਿਉਂਤਬੰਦੀ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮਾਂ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ  ਇਤਿਹਾਸਕ ਮੌਕੇ ‘ਤੇ ਕਰਤਾਰਪੁਰ ਸਾਹਿਬ ਲਾਂਘੇ ਦੀ ਵਿਰੋਧਤਾ ਕਰਨ ਵਾਲੇ  ਬਿਆਨ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਵੱਖ ਵੱਖ ਧਿਰਾਂ ਦੇ ਆਗੂਆਂ ਨੇ ਨਿਖੇਧੀ ਕੀਤੀ ਹੈ। ਇਸ ਮੌਕੇ ‘ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਦੀ ਜਿੰਮੇਵਾਰੀ ਹੋਰ ਵੀ ਬਣ ਵੀ ਜਾਂਦੀ ਹੈ ਕਿ ਭਾਜਪਾ ਦੀ ਲੀਡਰਸ਼ਿਪ ਕੋਲ ਸਵਾਮੀ ਦੇ ਬਿਆਨ ਕਾਰਨ ਪੈਦਾ ਹੋਈ ਸਥਿਤੀ ਦਾ ਮਾਮਲਾ ਉਠਾਇਆ ਜਾਵੇ। ਦੋਵਾਂ ਮੁਲਕਾਂ ਨੇ ਨਫ਼ਰਤ ਕਰਕੇ ਪਹਿਲਾਂ ਹੀ ਬਹੁਤ ਨੁਕਸਾਨ ਉਠਾਇਆ ਹੈ। ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਦੋਵਾਂ ਮੁਲਕਾਂ ਵਿੱਚ ਦੋਸਤੀ ਦਾ ਪੈਗਾਮ ਲੈ ਕੇ ਆਇਆ ਹੈ। ਇਸ ਮੌਕੇ ਨੂੰ ਹੱਥੋਂ ਨਹੀਂ ਗੁਆਇਆ ਜਾ ਸਕਦਾ

Check Also

ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਨਾਟਕਕਾਰ, ਰੰਗਕਰਮੀ, ਲੇਖਕ ਤੇ ਬੁੱਧੀਜੀਵੀ ਗਵਰਨਰ ਨੂੰ ਦੇਣਗੇ ਮੰਗ ਪੱਤਰ

ਚੰਡੀਗੜ੍ਹ, (ਅਵਤਾਰ ਸਿੰਘ): ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ …

Leave a Reply

Your email address will not be published. Required fields are marked *