ਕੋਰੋਨਾਵਾਇਰਸ ਦਾ ਪ੍ਰਕੋਪ: ਦੁਨੀਆ ਭਰ ‘ਚ ਰੁਜ਼ਗਾਰ ਪ੍ਰਭਾਵਿਤ: ਨੌਜਵਾਨਾਂ ਨੂੰ ਧਿਆਨ ਰੱਖਣ ਦੀ ਸਲਾਹ

TeamGlobalPunjab
6 Min Read

ਅਵਤਾਰ ਸਿੰਘ

ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਦਾ ਖੌਫ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਬੈਠੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਤੇ ਪੜ੍ਹਦੇ ਆਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਦੀ ਚਿੰਤਾ ਲੱਗੀ ਹੋਈ ਹੈ, ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਭਾਰਤ ਵਿੱਚ ਰਹਿੰਦੇ ਆਪਣੇ ਸਕੇ ਸੰਬੰਧੀਆਂ ਦੀ ਚਿੰਤਾ ਹੋ ਰਹੀ ਹੈ। ਦਹਿਸ਼ਤ ਦਾ ਮਾਹੌਲ ਹੈ। ਹਰ ਬੰਦਾ ਇਹਤਿਆਤ ਤਾਂ ਵਰਤ ਰਿਹਾ ਹੈ ਪਰ ਫਿਰ ਵੀ ਕੰਮ ਧੰਦੇ ਤਾਂ ਕਰਨੇ ਹੀ ਪੈਣੇ ਹਨ।

ਨਵਾਂਸ਼ਹਿਰ ਦੇ ਬੰਗਾ ਦੇ ਸੁਰਜੀਤ ਦੇ ਦੋਵੇਂ ਬੱਚੇ ਕੈਨੇਡਾ ਦੇ ਬਰੈਂਪਟਨ ਵਿੱਚ ਪੜ੍ਹ ਰਹੇ ਹਨ, ਹਾਲਾਂਕਿ ਉਹ ਬਿਲਕੁਲ ਠੀਕ ਠਾਕ ਹਨ, ਖ਼ਬਰਾਂ ਸੁਣ ਕੇ ਉਨ੍ਹਾਂ ਦੇ ਪਰਿਵਾਰ ਕਾਫੀ ਚਿੰਤਤ ਹਨ। ਇਸੇ ਤਰ੍ਹਾਂ ਦੁਆਬੇ ਦੇ ਵਧੇਰੇ ਗਿਣਤੀ ਵਿੱਚ ਵਿਦੇਸ਼ਾਂ ‘ਚ ਰਹਿੰਦੇ ਲੋਕਾਂ ਦੇ ਇਧਰ ਰਹਿੰਦੇ ਪਰਿਵਾਰ ਕਾਫੀ ਫ਼ਿਕਰਮੰਦ ਹਨ।
ਖਰੜ ਦੇ ਅਵਤਾਰ ਸਿੰਘ ਦੇ ਦੋਵੇਂ ਲੜਕੇ ਵਿਦੇਸ਼ ਰਹਿੰਦੇ ਹਨ। ਇਕ ਕੈਨੇਡਾ ਅਤੇ ਦੂਜਾ ਨਿਉਜੀਲੈਂਡ ਰਹਿੰਦਾ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ। ਚੰਡੀਗੜ੍ਹ ਦੇ ਅਮਰ ਲਾਲ ਜਿਨ੍ਹਾਂ ਦਾ ਬੇਟਾ ਜਰਮਨੀ ਰਹਿੰਦਾ ਹੈ, ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਸ ਦੀ ਨੌਕਰੀ ‘ਤੇ ਕਾਫੀ ਅਸਰ ਪਿਆ ਹੈ। ਇਸੇ ਤਰ੍ਹਾਂ ਇੰਗਲੈਂਡ ਤੋਂ ਕੁਝ ਸਮਾਂ ਪਹਿਲਾਂ ਜਲੰਧਰ ਆਏ ਇਕ ਦੋਸਤ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਇੰਗਲੈਂਡ ਵਿਚ ਟੁਆਇਲਟ ਪੇਪਰ ਦਾ ਕਾਲ ਪੈ ਗਿਆ ਹੈ। ਇੰਗਲੈਂਡ ਰਹਿੰਦੇ ਐੱਸ ਬਲਵੰਤ ਦਾ ਕਹਿਣਾ ਹੈ ਕਿ ਹਾਲਾਤ ਠੀਕ ਨਹੀਂ ਹਨ। ਬਚਾਓ ਵਿਚ ਹੀ ਬਚਾਅ ਹੈ। ਇਸ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੇ ਰੁਜ਼ਗਾਰ ਕਾਫੀ ਪ੍ਰਭਾਵਿਤ ਹੋ ਰਹੇ ਹਨ।

ਰਿਪੋਰਟਾਂ ਮੁਤਾਬਿਕ ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਨੌਜਵਾਨਾਂ ਦੀ ਰੋਗ ਪ੍ਰਤੀ ਰੋਧਕ ਸਮਰੱਥਾ ਵੀ ਕੋਰੋਨਾਵਾਇਰਸ ਤੋਂ ਮੁਕਤ ਨਹੀਂ ਹੈ। ਉਹ ਆਪਸੀ ਮੇਲ ਮਿਲਾਪ ਤੋਂ ਬਚਣ। ਕਮਜ਼ੋਰ ਅਤੇ ਬਜ਼ੁਰਗ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ।

- Advertisement -

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਦੱਸਿਆ ਹੈ ਕਿ ਨੌਜਵਾਨਾਂ ਵੱਲੋਂ ਕੀਤੀ ਗਈ ਚੋਣ ਕਿਸੇ ਲਈ ਜੀਵਨ ਅਤੇ ਮੌਤ ਦਾ ਅੰਤਰ ਬਣ ਸਕਦੀ ਹੈ। ਸਿਹਤ ਸੰਗਠਨ ਮੁਖੀ ਦੀ ਟਿੱਪਣੀ ਅਨੁਸਾਰ ਬਹੁਤ ਸਾਰੇ ਦੇਸਾਂ ਵਿੱਚ ਨੌਜਵਾਨ ਸਿਹਤ ਚਿਤਾਵਨੀਆਂ ਸੰਬੰਧੀ ਚਿੰਤਾ ਨਹੀਂ ਕਰਦੇ। ਨੌਜਵਾਨਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਸਿਰਫ ਬਜ਼ੁਰਗਾਂ ਨੂੰ ਘੇਰਦਾ ਹੈ।

ਰਿਪੋਰਟਾਂ ਅਨੁਸਾਰ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫ਼ਿਊ ਦੀ ਅਪੀਲ ਕੀਤੀ ਹੈ। ਭਾਰਤੀ ਰੇਲਵੇ ਨੇ ਵੀ 24 ਘੰਟਿਆਂ ਲਈ ਰੇਲ ਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ। ਜਨਤਾ ਕਰਫਿਊ ਦੇ ਮੱਦੇਨਜ਼ਰ ਸ਼ਨਿਚਰਵਾਰ ਰਾਤ 12 ਵਜੇ ਤੋਂ ਐਤਵਾਰ ਰਾਤ ਦਸ ਵਜੇ ਤੱਕ ਕੋਈ ਯਾਤਰੀ ਰੇਲ ਗੱਡੀਆਂ ਨਹੀਂ ਚੱਲਣਗੀਆਂ। ਸਾਰੀਆਂ ਮੇਲ ਤੇ ਐਕਸਪ੍ਰੈੱਸ ਗੱਡੀਆਂ ਆਪੋ-ਆਪਣੇ ਸਟੇਸ਼ਨਾਂ ‘ਤੇ ਖੜ੍ਹ ਜਾਣਗੀਆਂ।

ਅਮਰੀਕਾ ਦੇ ਵੱਡੀ ਆਬਾਦੀ ਵਾਲੇ ਸੂਬੇ ਕੈਲੇਫੋਰਨੀਆ ਨੇ ਘਰਾਂ ਅੰਦਰ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ। ਰਿਪੋਰਟਾਂ ਮੁਤਾਬਿਕ ਅਮਰੀਕਾ ਵਿੱਚ ਵਾਇਰਸ ਨਾਲ ਹੁਣ ਤੱਕ 230 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 18 ਹਜ਼ਾਰ ਤੋਂ ਵੱਧ ਪ੍ਰਭਾਵਿਤ ਹਨ। ਦੁਨੀਆਂ ਵਿੱਚ 2,50,000 ਪਾਜ਼ਿਟਿਵ ਕੇਸ ਮਿਲਣ ਦੀਆਂ ਖ਼ਬਰ ਹਨ ਅਤੇ 10,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਇਸੇ ਤਰ੍ਹਾਂ ਰਿਪੋਰਟਾਂ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੀ ਬੀਤੇ ਵੀਰਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ 569 ਕੇਸਾਂ ਦੀ ਪੁਸ਼ਟੀ ਹੋਈ ਹੈ, 8 ਮੌਤਾਂ ਹੋ ਚੁੱਕੀਆਂ ਹਨ। ਅੱਜ ਤਕ ਹੋਰ ਵਧਣ ਦਾ ਅਨੁਮਾਨ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਕੋਰੋਨਾਵਾਇਰਸ ਤੋਂ ਪੀੜਤ ਹੈ। ਕੈਨੇਡਾ ਨੇ 18 ਮਾਰਚ, 2020 ਤੋਂ 30 ਜੂਨ, 2020 ਤੱਕ ਯਾਤਰੀਆਂ ‘ਤੇ (ਟਰੈਵਲ ਬੈਨ) ਲਾਗੂ ਕਰ ਦਿੱਤਾ ਹੈ, ਸਰਕਾਰ ਦੀ ਸੂਚੀ ‘ਚ ਆਉਂਦੇ ਲੋਕ ਹੀ ਇਸ ਸਮੇਂ ਦੌਰਾਨ ਕੈਨੇਡਾ ਦਾਖਲ ਹੋ ਸਕਦੇ ਹਨ। ਕੈਨੇਡਾ ਵਿੱਚ ਗਰੌਸਰੀ ਸਟੋਰਾਂ ਦੀਆਂ ਸ਼ੈਲਫਾਂ ਖਾਲੀ ਹੋ ਗਈਆਂ। ਖਾਸ ਕਰਕੇ ਆਟੇ ਅਤੇ ਟਾਇਲਟ ਪੇਪਰ ਮੁੱਕ ਗਿਆ ਹੈ।

ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੋਗਾ ਵਿੱਚ ਕਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਨਾਲ ਸਿੱਝਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਜ਼ਿਲ੍ਹੇ ’ਚ ਵਿਦੇਸ਼ਾਂ ਤੋਂ ਆਏ 400 ਤੋਂ ਵੱਧ ਲੋਕਾਂ ਨੂੰ 15 ਦਿਨ ਤੱਕ ਆਪਣੇ ਘਰ ’ਚੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਪਿੰਡਾਂ ’ਚ ਧਾਰਮਿਕ ਸਥਾਨਾਂ ਰਾਹੀਂ ਇਨ੍ਹਾਂ ਨੂੰ ਪਾਬੰਦ ਰਹਿਣ ਲਈ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ। ਡੀ ਸੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕੋਵਿਡ-2019 (ਕਰੋਨਾਵਾਇਰਸ) ਸੰਬੰਧੀ ਇਕ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਮੋਗਾ ਜਿਲ੍ਹੇ ’ਚ ਵਿਦੇਸ਼ਾਂ ਤੋਂ ਆਏ 400 ਤੋਂ ਵੱਧ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਨੂੰ 15 ਦਿਨ ਤੱਕ ਘਰ ’ਚੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਵਿਅਕਤੀਆਂ ਉੱਤੇ ਮੋਬਾਈਲ ਲੋਕੇਸ਼ਨ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੇ ਕਿਸੇ ਨੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਆਈਪੀਸੀ. ਦੀ ਧਾਰਾ 188 ਅਧੀਨ ਐਫ਼ਆਈਆਰ ਦਰਜ ਕੀਤੀ ਜਾ ਸਕਦੀ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਸ ਬਿਮਾਰੀ ਤੋਂ ਡਰਨ ਦੀ ਥਾਂ ਜਾਗਰੂਕ ਹੋ ਕੇ ਬਚਿਆ ਜਾ ਸਕਦਾ ਹੈ। ਬਿਮਾਰੀ ਤੋਂ ਸੁਰੱਖਿਅਤ ਰਹਿਣ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।

- Advertisement -

ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ/ਮੈਰੀਟੋਰੀਅਸ/ਆਦਰਸ਼/ਏਡਿਡ/ਪ੍ਰਾਈਵੇਟ ਸਕੂਲਾਂ ਨੂੰ ਮੁਕੰਮਲ ਬੰਦ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਜ਼ਿਲ੍ਹੇ ਦੇ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਮੁਕੰਮਲ ਬੰਦ ਕਰਨ ਦੇ ਮਾਮਲੇ ਵਿੱਚ ਦਿਖਾਈ ਸਖਤੀ ਕਰ ਦਿੱਤੀ ਹੈ। ਮਾਨਸਾ ਦੇ ਸਿੱਖਿਆ ਵਿਭਾਗ ਨੇ ਡੀਏਵੀ ਸਕੂਲ ਖੈਰਾ ਖੁਰਦ ਦੀ ਮਾਨਤਾ ਰੱਦ ਕਰ ਦਿੱਤੀ ਹੈ।

ਇਸ ਸਥਿਤੀ ਦੌਰਾਨ ਦਿਹਾੜੀਦਾਰ, ਮਜ਼ਦੂਰ ਵਰਗ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਪਰ ਇਸ ਮਹਾਮਾਰੀ ਤੋਂ ਬਚਣ ਲਈ ਸਾਵਧਾਨੀ ਹੀ ਕਾਰਗਰ ਰਾਹ ਹੈ।

Share this Article
Leave a comment