ਜੀਵਨਾਸ਼ਕ ਰਸਾਇਣਾਂ (ਪੈਸਟੀਸਾਈਡਜ਼) ਦੀ ਵਰਤੋਂ ਖੇਤੀਬਾੜੀ ਉਤਪਾਦਨ ਵਿਚ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਤੋਂ ਹੋਣ ਵਾਲੇ ਝਾੜ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਉਤਪਾਦ ਦੀ ਉੱਚ ਗੁਣਵਤਾ (ਬੀਮਾਰੀ ਅਤੇ ਕੀਟ ਰਹਿਤ) ਨੂੰ ਬਣਾਏ ਰੱਖਿਆ ਜਾ ਸਕੇ। ਕੀਟਨਾਸਕਾਂ ਦੀ ਵਿਆਪਕ ਤੇ ਬੇਲੋੜੀ, ਅਤੇ ਕੁਚੱਜੀ ਅਤੇ ਅਸੁਰਖਿੱਅਤ ਵਰਤੋਂ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੀਟਨਾਸਕਾਂ ਨੂੰ ਸਰੀਰ ਵਿਚ ਜਾਣ ਦੇ ਚਾਰ ਰਾਹ ਹਨ, ਉਹ ਹਨ: ਮੂੰਹ ਰਾਹੀਂ, ਚਮੜੀ ਨਾਲ ਸੰਪਰਕ ਰਾਹੀਂ, ਸਾਹ ਰਾਹੀਂ ਅਤੇ ਅੱਖਾਂ ਰਾਹੀਂ ਜਿਨ੍ਹਾਂ ਵਿਚੋਂ ਚਮੜੀ ਰਾਹੀਂ ਸਭ ਤੋਂ ਆਮ ਕਿਸਮ ਦਾ ਸੰਪਰਕ ਹੈ। ਇਸ ਤਰ੍ਹਾਂ ਦੇ ਸੰਪਰਕ ਅਤੇ ਜ਼ਿਆਦਾ ਅਤੇ ਗਲਤ ਵਰਤੋਂ ਕਾਰਨ ਵਾਤਾਵਰਣ ਅਤੇ ਖਾਧ ਪਦਾਰਥਾਂ ਵਿੱਚ ਰਹਿੰਦ ਖੂੰਹਦ ਮਨੁੱਖਾਂ, ਪਸੂਆਂ, ਪਾਲਤੂ ਜਾਨਵਰਾਂ, ਅਤੇ ਪਰਾਗਣਿਆਂ ’ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ। ਜਿਆਦਾ ਸੰਪਰਕ ਵਿੱਚ ਆਉਣ ਨਾਲ ਘੱਟ ਜ਼ਹਿਰੀਲਾ ਕੀਟਨਾਸ਼ਕ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ। ਸੁਚੱਜੇ ਅਤੇ ਸੁਰਖਿੱਅਤ ਤਰੀਕਿਆਂ ਨਾਲ ਇਨਾਂ ਦੀ ਵਰਤੋਂ ਨਾ ਕਰਨ ਨਾਲ ਮਨੁੱਖਾਂ, ਪਾਲਤੂ ਪਸ਼ੂਆਂ, ਆਦਿ ਵਿੱਚ ਕੀਟਨਾਸ਼ਕਾਂ ਦੇ ਮਾੜੇ ਅਸਰ ਇੱਕਦਮ ਹੀ ਨਹੀਂ, ਸਗੋਂ ਇਨ੍ਹਾਂ ਦੇ ਸੰਪਰਕ ਦੇ ਦੁਸ਼ਪ੍ਰਭਾਵ ਲੰਬੇ ਸਮੇਂ ਬਾਅਦ ਵਿੱਚ ਵੀ ਪਰਗਟ ਹੋਏ ਵੇਖੇ ਜਾ ਸਕਦੇ ਹਨ। ਕੀਟਨਾਸ਼ਕ ਦੀ ਸਹੀ ਵਰਤੋਂ ਨਾ ਕਰਨ, ਨਿਜ਼ੀ ਸਰੀਰਕ ਸੁਰੱਖਿਆ ਉਪਕਰਨਾਂ ਦੀ ਵਰਤੋਂ ਨਾ ਕਰਨ, ਅਤੇ ਲੋੜੀਂਦੀ ਸਫਾਈ ਨਾ ਰੱਖਣ ਨਾਲ ਹਾਨੀਕਾਰਕ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਵਧ ਰਹਿਂਦਾ ਹੈ। ਕੀਟਨਾਸਕਾਂ ਦੇ ਸੰਪਰਕ ਤੋਂ ਬਚਣ ਲਈ, ਸੰਪਰਕ ਦੇ ਕਾਰਨਾਂ ਤੋਂ ਬਚਣਾ ਜਰੂਰੀ ਹੈ। ਇਸ ਲਈ ਕੀਟਨਾਸਕਾਂ ਦੇ ਜੋਖਮਾਂ ਦੇ ਖਤਰਿਆਂ ਦੀ ਜਾਹਰ ਕਰਨ ਦੀ ਹੱਦ ਨੂੰ ਘਟਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਬਹੁਤ ਲਾਜ਼ਮੀ ਹਨ:
ਕੀਟਨਾਸਕਾਂ ਦੀ ਵਰਤੋਂ ਲਈ ਸਾਵਧਾਨੀਆਂ
ਵਰਤੋਂ ਤੋਂ ਪਹਿਲਾਂ
1. ਕੀਟਨਾਸਕਾਂ ਨੂੰ ਸਿਰਫ ਰਜਿਸਟਰਡ ਡੀਲਰ ਤੋਂ ਹੀ ਖਰੀਦੋ ਅਤੇ ਬੈਚ ਨੰਬਰ, ਰਜਿਸਟ੍ਰੇਸਨ ਨੰਬਰ, ਲੇਬਲਾਂ ’ਤੇ ਸਮਾਪਤੀ ਦੀ ਮਿਤੀ ਵੇਖੋ ਅਤੇ
ਨਕਲੀ/ ਮਿਲਾਵਟੀ ਰਸਾਇਣਾਂ ਤੋਂ ਬਚਣ ਲਈ ਸਹੀ ਬਿੱਲ ਜ਼ਰੂਰ ਪ੍ਰਾਪਤ ਕਰੋ।
2. ਕੀਟਨਾਸਕਾਂ ਦੀ ਸਿਰਫ ਲੋੜੀਂਦੀ ਮਾਤਰਾ ਦੀ ਹੀ ਖਰੀਦ ਕਰੋ।
3. ਕੀਟਨਾਸਕਾਂ ਨੂੰ ਸਿਰਫ ਲੇਬਲ ਵਾਲੇ / ਅਸਲ ਡੱਬਿਆਂ ਵਿਚ ਹੀ ਰੱਖੋ।
4. ਕੀਟਨਾਸਕਾਂ ਨੂੰ ਬੱਚਿਆਂ ਅਤੇ ਪਸੂਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
5. ਕੀਟਨਾਸਕਾਂ ਦੀ ਭੰਡਾਰਨ ਦੀ ਜਗ੍ਹਾ ਨੂੰ ਧੁੱਪ ਅਤੇ ਬਾਰਸ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ। ਚੇਤਾਵਨੀ ਦੇ ਚਿੰਨ੍ਹ ਨਾਲ ਉਸ ਖੇਤਰ /
ਅਲਮਾਰੀ ਨੂੰ ਨਿਸਾਨ ਲਗਾਓ ਜਿੱਥੇ ਕੀਟਨਾਸਕਾਂ ਨੂੰ ਸਟੋਰ ਕੀਤਾ ਗਿਆ ਹੈ।
6. ਕੀਟਨਾਸਕਾਂ ਨੂੰ ਕਦੇ ਵੀ ਖਾਣੇ ਦੇ ਭਾਂਡਿਆਂ, ਪੀਣ ਵਾਲੀਆਂ ਬੋਤਲਾਂ ਜਾਂ ਨਿਸਾਨ-ਰਹਿਤ ਡੱਬਿਆਂ ਵਿਚ ਨਾ ਪਾਉ, ਕਿਉਂਕਿ ਇਸ ਨਾਲ ਦੂਸਰੇ ਲੋਕ
ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ।
7. ਆਵਾਜਾਈ ਦੇ ਦੌਰਾਨ ਕੀਟਨਾਸਕਾਂ ਨੂੰ ਵੱਖਰਾ ਰੱਖੋ. ਕੀਟਨਾਸਕਾਂ ਨੂੰ ਕਦੇ ਵੀ ਖਾਣੇ / ਚਾਰੇ / ਖਾਣ ਪੀਣ ਵਿੱਚ ਵਰਤੇ ਜਾਣ ਵਾਲੇ ਬਾਰਦਾਨੇ ਦੇ ਨਾਲ
ਨਾ ਲਿਜਾਓ।
8. ਕੀਟਨਾਸਕਾਂ ਨੂੰ ਵਰਤੋਂ ਵਾਲੀ ਥਾਂ ਤੇ ਸਾਵਧਾਨੀ ਨਾਲ ਲਿਜਾਇਆ ਜਾਣਾ ਚਾਹੀਦਾ ਹੈ। ਆਵਾਜਾਈ ਦੌਰਾਨ ਕੀਟਨਾਸ਼ਕਾਂ ਦੇ ਡੱਬਿਆਂ ਦੇ ਢੱਕਣ
ਚੰਗੀ ਤਰ੍ਹਾਂ ਬੰਦ ਹੋਣ ਤਾਂ ਜੋ ਇਹ ਪੈਕਿੰਗ ਵਿੱਚੋਂ ਨਾ ਛਲਕਨ।
9. ਸਹੀ ਵਰਤੋਂ, ਜੋਖਮਾਂ ਅਤੇ ਲੋੜੀਂਦੀਆਂ ਸਾਵਧਾਨੀਆਂ ਨੂੰ ਨਿਰਧਾਰਤ ਅਤੇ ਪਾਲਣ ਕਰਨ ਲਈ ਵਰਤੋਂ ਤੋਂ ਪਹਿਲਾਂ ਕੀਟਨਾਸਕ ਕੰਟੇਨਰ ਤੇ ਲੱਗੇ
ਲੇਬਲ ਦੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।
10. ਡੱਬੇ ਦੇ ਲੇਬਲ ਤੇ ਬਣੇ ਵਾਰਨਿੰਗ ਚੌਕੋਰ ਦੇ ਹੇਠਲੇ ਤਿਕੋਣ ਦਾ ਰੰਗ ਕੀਟਨਾਸਕਾਂ ਦੇ ਜਹਿਰੀਲੇ-ਪਣ ਦੀ ਡਿਗਰੀ ਬਾਰੇ ਜਾਨਕਾਰੀ ਦਿੰਦਾ ਹੈ। ਡੱਬੇ
‘ਤੇ ਇਸ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੋ। ਹੇਠਲੇ ਤਿਕੋਣ ਦਾ ਰੰਗ ਜ਼ਹਿਰ ਦੀ ਸ਼੍ਰੇਣੀ ਉਪਰਲਾ ਤਿਕੋਣ (ਸ਼ਬਦ) ਲ਼ਾਲ ਅਤਿ ਜ਼ਹਿਰੀਲਾ ਜ਼ਹਿਰ ਪੀਲਾ ਬਹੁਤ ਜ਼ਹਿਰੀਲਾ ਜ਼ਹਿਰ ਨੀਲਾ ਦਰਮਿਆਨਾ ਜ਼ਹਿਰੀਲਾ ਖਤਰਾ ਹਰਾ ਘੱਟ ਜ਼ਹਿਰੀਲਾ ਸਾਵਧਾਨੀ।
11. ਲੇਬਲ ਉੱਤੇ ਦੱਸੇ ਜ਼ਹਿਰ ਤੋੜ (ਐਂਟੀਡੋਟ) ਨੂੰ ਸੁਵਿਧਾ ਵਿੱਚ ਰੱਖੋ ਤਾਂ ਜੋ ਅਚਨਚੇਤ ਕੀਟਨਾਸ਼ਕ ਨਿਗਲਣ ਜਾਂ ਸਾਹ ਰਾਹੀਂ ਸਰੀਰ ਅੰਦਰ ਜਾਣ ਦੀ ਸਥਿਤੀ ਵਿੱਚ ਕੰਮ ਆ ਸਕੇ। ਤੀਬਰ ਅਤੇ ਅਚਾਨਕ ਵਿਸ਼ੈਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਲੇਬਲ ਅਤੇ ਪੈਕਿੰਗ ਵਗੈਰਾ ਆਪਣੇ ਨਾਲ ਰੱਖੋ ਤਾਂ ਜੋ ਦੱਸੇ ਅਨੁਸਾਰ ਡਾਕਟਰ ਦੁਆਰਾ ਫੌਰੀ ਤੌਰ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ।
12. ਰਸਾਇਣ ਦੀ ਮਾਤਰਾ ਅਤੇ ਪਾਣੀ ਦੀ ਮਾਤਰਾ ਨਿਰਧਾਰਤ ਕਰਨ ਲਈ ਜਰੂਰੀ ਹਿਸਾਬ ਲਗਾੳ। ਜਰੂਰਤ ਅਨੁਸਾਰ/ ਸਿਰਫ ਲੋੜੀਂਦੀ ਘੋਲ ਦੀ ਮਾਤਰਾ ਹੀ ਤਿਆਰ ਕਰੋ।
13. ਇਹ ਸੁਨਿਸਚਿਤ ਕਰੋ ਕਿ ਕੀਟਨਾਸਕ-ਉਪਕਰਣ ਸਹੀ ਵਰਤੋਂ ਦੀ ਹਾਲਤ ਵਿੱਚ ਹੋਵੇ। ਜੇ ਨਹੀਂ, ਤਾਂ ਇਸ ਨੂੰ ਕਿਸੇ ਜਾਣਕਾਰ ਮਕੈਨਿਕ ਤੋਂ ਮੁਰੰਮਤ ਕਰਵਾਓ। ਸਹੀ ਕਿਸਮ ਦੇ ਉਪਕਰਣ ਅਤੇ ਸਹੀ ਆਕਾਰ ਵਾਲੀਆਂ ਨੋਜਲਾਂ ਦੀ ਚੋਣ ਕਰ। ਲੀਕ ਕਰ ਰਹੇ ਜਾਂ ਖਰਾਬ ਉਪਕਰਣ ਦੀ ਵਰਤੋਂ ਨਾ ਕਰੋ। ਰੁੱਕੇ ਨੋਜਲ ਨੂੰ ਮੂੰਹ ਨਾਲ ਸਾਫ ਨਾ ਕਰੋ। ਉਪਕਰਣਾਂ ਨੂੰ ਹਰ ਵਰਤੋਂ ਤੋਂ ਪਹਿਲਾਂ ਉਣਾਂ ਦਾ ਸਹੀ ਰੱਖ-ਰਖਾਵ, ਚੈੱਕਿੰਗ ਅਤੇ ਕੈਲੀਬਰੇਸ਼ਨ ਜ਼ਰੂਰੀ ਹੈ। ਪਿੱਠੂ ਪੰਪ ਜਾਂ ਹੱਥ ਨਾਲ ਸਪਰੇ ਕਰਨ ਵਾਲੇ ਪੰਪ ਲੀਕ ਨਹੀਂ ਕਰਨੇ ਚਾਹੀਦੇ ਤਾਂ ਜੋ ਸਪਰੇ ਕਰਨ ਵਾਲਾ ਕਾਮਾ ਕੀਟਨਾਸ਼ਕ ਦੇ ਸੰਪਰਕ ਵਿੱਚ ਨਾ ਆਵੇ।
14. ਕੀਟਨਾਸਕਾਂ ਅਤੇ ਨਦੀਨ-ਨਾਸਕਾਂ ਲਈ ਵੱਖਰੇ ਸਪਰੇਅਰ ਦੀ ਹੀ ਵਰਤੋਂ ਕਰੋ।
15. ਜਾਂਚ ਕਰੋ ਕਿ ਕਾਮਿਆਂ ਲਈ ਢੁੁਕਵੇਂ ਕੀਟਨਾਸਕ ਸੁਰੱਖਿਆ ਉਪਕਰਣ, ਭਾਵ ਪੀ.ਪੀ.ਈ. (ਹੱਥਾਂ ਦੇ ਦਸਤਾਨੇ, ਚਿਹਰੇ ਦੇ ਮਾਸਕ, ਕੈਪ, ਸੁਰੱਖਿਆ ਕਪੜੇ, ਐਪਰਨ, ਆਰ.ਪੀ.ਈ. (ਸਾਹ ਪ੍ਰੋਟੈਕਸਨ ਉਪਕਰਣ) ਅਤੇ ਕੰਨ ਸੁਰੱਖਿਆ ਉਪਕਰਣ, ਆਦਿ) ਉਪਲਬਧ ਹਨ। ਇਹ ਸੁਨਿਸਚਿਤ ਕਰੋ ਕਿ ਸਾਫ ਸੁਥਰੇ ਕੱਪੜੇ ਉਪਲਬਧ ਹਨ ਤਾਂ ਜੋ ਕਰਮਚਾਰੀ ਕੀਟਨਾਸਕਾਂ ਦੀ ਵਰਤੋਂ ਤੋਂ ਬਾਅਦ ਜ਼ਲਦੀ ਹੀ ਸਾਫ ਸੁਥਰੇ ਕੱਪੜੇ ਪਹਿਨ ਸਕਣ। ਕੀਟਨਾਸਕਾਂ ਨੂੰ ਸੰਭਾਲਣ ਅਤੇ ਇਸਤੇਮਾਲ ਕਰਨ ਸਮੇਂ ਗਲਤ ਪੀ.ਪੀ.ਈ. ਦੀ ਵਰਤੋਂ ਜੋਖਮ ਨੂੰ ਵਧਾਏਗੀ। ਇਸ ਸਮਝ ਨਾਲ ਕਿ ਪੀ.ਪੀ.ਈ. ਰਸਾਇਣਕ ਜ਼ਹਿਰਾਂ ਦਾ ਸਰੀਰ ਨਾਲ ਸੰਪਰਕ ਨੂੰ ਘਟਾਉਂਦੇ ਹਨ, ਪਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਰੋਕਦੇ, ਇਸ ਲਈ ਢੁਕਵੇਂ ਸੁਰੱਖਿਆ ਕਪੜਿਆਂ ਦੀ ਵਰਤੋਂ ਤੋਂ ਇਲਾਵਾ ਬਾਕੀ ਸਾਰੀਆਂ ਸਾਵਧਾਨੀਆਂ ਨੂੰ ਵੀ ਧਿਆਨ ਵਿੱਚ ਰਖਣਾ ਅਤੇ ਉਨਾਂ ਦੀ ਪਾਲਣਾ ਕਰਨੀ ਜਰੂਰੀ ਹੈ। ਦਸਤਾਨੇ ਕੂਹਣੀ ਤੱਕ ਪਾਉਣੇ ਚਾਹੀਦੇ ਹਨ ਅਤੇ ਇਹ ਲੀਕ-ਪਰੂਫ ਹੋਣੇ ਚਾਹੀਦੇ ਹਨ। ਛਿੜਕਾਅ ਕਰਨ ਤੋਂ ਬਾਅਦ ਦਸਤਾਨਿਆਂ ਵਾਲੇ ਹੱਥ ਧੋਵੋ ਤਾਂ ਜੋ ਦਸਤਾਨੇ ਉਤਾਰਨ ਵੇਲੇ ਹੱਥਾਂ ਤੇ ਕੋਈ ਰਸਾਇਣ ਨਾ ਲੱਗੇ। ਦਸਤਾਨੇ ਉਤਾਰਨ ਤੋਂ ਬਾਅਦ ਹੱਥ ਸਾਬਣ ਨਾਲ ਫੇਰ ਧੋਵੋ।
16. ਸਾਫ ਕੱਪੜਿਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਤਾਂ ਜੋ ਛਿੜਕਾਅ ਤੋਂ ਬਾਅਦ ਕਾਮੇ ਵਰਤੇ ਹੋਏ ਕੱਪੜੇ ਉਤਾਰ ਕੇ ਇਹ ਕੱਪੜੇ ਪਾਏ ਜਾ ਸਕਣ। ਪੀ.ਪੀ.ਈ. ਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਕਰ ਕੇ ਰੱਖੌ।
17. ਇਹ ਸੁਨਿਸਚਿਤ ਕਰੋ ਕਿ ਕਾਰਜ ਕਰਨ ਵਾਲੀ ਥਾਂ ’ਤੇ ਕਾਫੀ ਪਾਣੀ, ਸਾਬਣ ਅਤੇ ਤੌਲੀਏ ਉਪਲਬਧ ਹਨ।
18. ਕੀਟਨਾਸ਼ਕ (ਬਰੈਂਡ), ਉਸਦਾ ਨਿਰੂਪਣ (ਫਾਰਮੁਲੇਸ਼ਨ), ਮੁੱਖ ਜ਼ਹਿਰ (ਟੈਕਨੀਕਲ) ਅਤੇ ਮਾਤਰਾ ਸਿਫਾਰਿਸ਼ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ।
19. ਜੇ ਆਲੇ-ਦੁਆਲੇ ਸ਼ਹਿਦ ਮੱਖੀ ਪਾਲਣ ਹੋ ਰਿਹਾ ਹੈ ਤਾਂ ਆਪਣੇ ਕੀਟਨਾਸਕ ਦੀ ਵਰਤੋਂ ਕਰਨ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕਾਂ ਨੂੰ ਸਪਰੇ ਦੇ ਸਮੇਂ ਜਾਂ ਦਿਨ ਬਾਰੇ ਦੱਸੋ, ਤਾਂ ਜੋ ਉਹ ਅਗਲੇਰੀ ਢੁਕਵੀਂ ਸਾਵਧਾਨੀ ਵਰਤ ਸਕਣ।
20. ਕੀੜੇਮਾਰ ਜ਼ਹਿਰਾਂ ਦੀ ਵਰਤੋਂ ਤੋਂ ਪਹਿਲਾਂ ਪੱਕੇ ਫਲ, ਸਬਜੀਆਂ ਅਤੇ ਖਾਣ ਵਾਲੇ ਪ ੱਤੇ, ਆਦਿ ਤੋੜ ਲਵੋ।
ਵਰਤੋਂ ਦੌਰਾਨ
ਕੀਟਨਾਸਕਾਂ ਨੂੰ ਹਰ ਸਮੇਂ ਇਸ ਸਮਝ ਨਾਲ ਵਰਤਿਆ ਜਾਣਾ ਚਾਹੀਦਾ ਹੈ ਕਿ ਸਾਰੇ ਰਸਾਇਣਕ ਕੀਟਨਾਸਕ ਜਹਿਰੀਲੇ ਹਨ ਅਤੇ ਇਸ ਦੀ ਵਰਤੋਂ ਦੌਰਾਨ ਲੇਬਲ ਦੇ ਨਿਰਦੇਸਾਂ ਦੀ ਪਾਲਣਾ ਕਰਨਾ ਅਤੇ ਆਪਣੇ ਆਪ ਅਤੇ ਹੋਰਾਂ ਨੂੰ ਕੀਟਨਾਸਕ ਦੇ ਸੰਪਰਕ ਤੋਂ ਦੂਰ ਰਖਣਾ ਜ਼ਰੂਰੀ ਹੈ।
1. ਸਪਰੇ ਕਰਨ ਦਾ ਫੈਸਲਾ ਜ਼ਰੂਰਤ ਦੇ ਅਧਾਰ ਤੇ ਹੀ ਹੋਣਾ ਚਾਹੀਦਾ ਹੈ ਜਾਂ ਆਰਥਿਕ ਕਗਾਰ ਦੀ ਸੀਮਾ (ਜਿੱਥੇ ਲਾਗੂ ਹੋਵੇ) ਦੀ ਪਾਲਣਾ ਕਰਨੀ ਚਾਹੀਦੀ ਹੈ।
2. ਰਸਾਇਣਾਂ ਦੀ ਵਰਤਣ ਲਈ ਲੇਬਲ ਅਤੇ ਇਸ਼ਤਿਹਾਰ ਤੇ ਦੱਸੇ ਨਿਰਦੇਸਾਂ ਦੀ ਮੁੜ ਜਾਂਚ ਕਰੋ।
3. ਕੀਟਨਾਸਕ ਪੈਕਿੰਗ ਨੂੰ ਧੱਕੇ ਨਾਲ ਨਾ ਫਾੜੋ/ ਤੋੜੋ/ ਖੋਲੋ, ਇਹਨਾਂ ਪੈਕਿੰਗਾਂ ਨੂੰ ਖੋਲਣ ਲਈ ਚਾਕੂ ਦਾ ਪ੍ਰਯੋਗ ਕਰੋ।
4. ਕੀਟਨਾਸ਼ਕ ਦੇ ਘੋਲ ਦੀ ਓਨੀ ਮਾਤਰਾ ਹੀ ਬਣਾਓ, ਜਿੰਨ੍ਹੀ ਜ਼ਰੂਰਤ ਹੈੇ ਤਾਂ ਜੋ ਛਿੜਕਾਅ ਤੋਂ ਬਾਅਦ ਵਾਧੂ ਘੋਲ ਨਾ ਬਚੇ।
5. ਬੱਚੇ, ਬਜੁਰਗ ਅਤੇ ਕੋਈ ਬਿਮਾਰੀ ਗ੍ਰਸਤ ਲੋਕ ਕੀਟਨਾਸਕਾਂ ਦੀ ਵਰਤੋਂ ਨਾ ਕਰਣ।
6. ਕੀਟਨਾਸਕਾਂ ਨੂੰ ਕਦੇ ਵੀ ਖੇਤ ਵਿਚ ਬਿਨਾ ਨਿਗਰਾਨੀ ਦੇ ਨਾ ਰੱਖੋ। ਉਤਸੁਕ ਬੱਚੇ ਜਾਂ ਜਾਨਵਰ ਆਕਰਸਤ ਹੋ ਸੰਪਰਕ ਵਿੱਚ ਆ ਸਕਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
7. ਕੀਟਨਾਸਕਾਂ ਨੂੰ ਵਰਤੋਂ ਤੋਂ ਪਹਿਲਾਂ ਸਾਫ ਸੁਰੱਖਿਆ ਪ੍ਰਦਾਨ ਕਰਨ ਵਾਲੇ ਕੱਪੜੇ (ਪੀ.ਪੀ.ਈ.) ਪਹਿਨੋ। ਜੇ ਵਰਤੋਂ ਦੇ ਦੌਰਾਨ ਕੱਪੜੇ ਗੰਦੇ ਹੋ ਜਾਂਦੇ ਹਨ, ਤਾਂ ਇਨਾਂ ਨੂੰ ਤੁਰੰਤ ਬਦਲੋ।
8. ਕੀਟਨਾਸਕਾਂ ਨਾਲ ਸਰੀਰ ਦੇ ਸੰਪਰਕ ਤੋਂ ਪ੍ਰਹੇਜ ਕਰੋ। ਜੇ ਸਰੀਰ ਦਾ ਕੀਟਨਾਸਕਾਂ ਨਾਲ ਸੰਪਰਕ ਹੋ ਜਾਂਦਾ ਹੈ, ਤਾਂ ਤੁਰੰਤ ਸਾਬਣ ਅਤੇ ਪਾਣੀ ਨਾਲ ਧੋ ਲਵੋ।
9. ਕੀਟਨਾਸਕਾਂ ਨਾਲ ਕੰਮ ਕਰਦੇ ਸਮੇਂ ਕਦੇ ਆਪਣੀਆਂ ਅੱਖਾਂ ਜਾਂ ਚਿਹਰੇ ਨੂੰ ਨਾ ਮਲੋ। ਕੀਟਨਾਸਕਾਂ ਦੇ ਮੂੰਹ ਜਾਂ ਸਾਹ ਰਾਹੀਂ ਸਰੀਰ ਵਿੱਚ ਜਾਣ ਤੋਂ ਬਚੋੋ।
10. ਕੀਟਨਾਸਕਾਂ ਦੀ ਵਰਤੋਂੇ ਸਮੇਂ ਨਾ ਕੁਝ ਪੀਓ, ਨਾ ਖਾਓ। ਕੰਮ ਕਰਨ ਵਾਲੇ ਖੇਤਰ ਵਿਚ ਖਾਣ ਪੀਣ ਦੀਆਂ ਚੀਜਾਂ, ਪੀਣ ਵਾਲੇ ਪਾਣੀ ਜਾਂ ਖਾਣਾ ਬਣਾਉਣ ਵਾਲੇ ਬਰਤਨ ਨਾ ਰੱਖੋ।
11. ਜੇ ਪਹਿਲਾਂ ਕਿਸੇ ਸਪਰੇਅਰ ਦੀ ਵਰਤੋਂ ਨਦੀਨ ਨਾਸ਼ਕ ਲਈ ਕੀਤੀ ਗਈ ਹੈ, ਤਾਂ ਹੋਰ ਕੀਟਨਾਸਕਾਂ ਦੀ ਵਰਤੋਂ ਤੋਂ ਪਹਿਲਾਂ ਇਸ ਨੂੰ ਮਿੱਠੇ ਸੋਡੇ ਦੇ ਘੋਲ (ਲਗਭਗ 2 ਗ੍ਰਾਮ ਪ੍ਰਤੀ ਲੀਟਰ) ਨਾਲ ਚੰਗੀ ਤਰ੍ਹਾਂ ਧੋ ਲਵੋ।
12. ਸੰਘਣੇ ਕੀਟਨਾਸਕਾਂ ਦੇ ਸਪਰੇਅ ਘੋਲ ਡਰੰਮਾਂ ਵਿਚ ਲੰਬੀ ਲਕੱੜ ਦੀ ਵਰਤੋਂ ਕਰਦਿਆਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਤਾਂ ਜ ੋਕਿਸੇ ਤੇ ਇਸ ਦੇ ਛਿੱਟੇ ਨਾ ਪੈਣ।
13. ਤੇਜ ਹਵਾ ਵਾਲੇ ਦਿਨ ਕੀਟਨਾਸਕਾਂ ਦੀ ਵਰਤੋਂ ਨਾ ਕਰੋ। ਸਪਰੇਅ ਹਵਾ ਦੀ ਦਿਸਾ ਵਿਚ ਕੀਤੀ ਜਾਣੀ ਚਾਹੀਦੀ ਹੈ।
14. ਉਨ੍ਹਾਂ ਵਿਅਕਤੀਆਂ ਦਾ ਲੋੜੀਂਦਾ ਧਿਆਨ ਰੱਖੋ ਜਿਨ੍ਹਾਂ ਨੇ ਪਹਿਲਾਂ ਕੀਟਨਾਸਕਾਂ ਦੀ ਵਰਤੋਂ ਨਹੀਂ ਕੀਤੀ ਹੈ। ਇੱਕ ਅਣਜਾਣ ਜਾਂ ਨਵੇਂ ਕਰਮਚਾਰੀ ਦੇ ਨੁਕਸਾਨ ਹੋਣ ਦੀ ਸੰਭਾਵਨਾ ਵੱਧੇਰੇ ਹੁੰਦੀ ਹੈ।
15. ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵਿੱਚ ਲੱਗੇ ਕਾਮਿਆਂ ਲਈ ਅਰਾਮ ਦੇ ਸਮੇਂ ਦੀ ਵਿਵਸਥਾ ਕਰੋ। ਕਰਮਚਾਰੀ ਨੂੰ ਦਿਨ ਵਿਚ ਅੱਠ ਘੰਟੇ ਤੋਂ ਵੱਧ ਸਪਰੇ ਦਾ ਕੰਮ ਨਹੀਂ ਕਰਨਾ ਚਾਹੀਦਾ।
16. ਗਰਮ ਮੌਸਮ ਵਿਚ, ਕੀਟਨਾਸਕਾਂ ਦਾ ਛਿੜਕਾਅ ਸਵੇਰੇ ਜਲਦੀ ਜਾਂ ਦੇਰ ਸਾਮ ਨੂੰ ਕਰੋ। ਇਸ ਸਮੇਂ, ਸੁਰੱਖਿਅਤ ਕਪੜੇ ਪਹਿਨਣਾ ਅਸੁਵਿਧਾਜਨਕ ਨਹੀਂ ਹੁੰਦੇ।
17. ਦਾਣੇਦਾਰ ਜ਼ਹਿਰਾਂ ਦੇ ਛਿੜਕਾਅ ਵੇਲੇ ਹਮੇਸਾਂ ਦਸਤਾਨੇ ਪਾਓ। ਜੇ ਤੁਹਾਡੇ ਹੱਥਾਂ ਜਾਂ ਬਾਹਾਂ ’ਤੇ ਕੱਟ ਜਾਂ ਜਖਮ ਹੋਣ ਤਾਂ ਦਾਣਿਆਂ ਵਾਲੀਆਂ ਜੀਵਨਾਸ਼ਕਾਂ ਦੇ ਛਿੜਕਾਅ ਨਾ ਕਰੋ।
ਵਰਤੋਂ ਤੋਂ ਬਾਅਦ
1. ਬਚੇ ਹੋਏ ਕੀਟਨਾਸਕਾਂ ਦੇ ਡੱਬਿਆਂ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰਨ ਤੋਂ ਬਾਅਦ ਸਟੋਰ ਵਿਚ ਵਾਪਸ ਰੱਖੋ।
2. ਕੀਟਨਾਸ਼ਕਾਂ ਦੇ ਖਾਲੀ ਡੱਬੇ ਚੰਗੀ ਤਰ੍ਹਾਂ ਧੋ ਕੇ ਅਤੇ ਤੋੜ-ਮਰੋੜ ਕੇ ਹੀ ਸੁੱਟਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੀ ਮੁੜ ਵਰਤੋਂ ਨਾਂ ਹੋ ਸਕ,ੇ ਪਰ ਧਿਆਨ ਰੱਖੋ ਕਿ ਉਸ ਡੱਬੇ ਦਾ ਲੇਬਲ ਨਸ਼ਟ ਨਾ ਹੋਵੇ, ਇਸ ਨਾਲ ਉਸ ਦੇ ਕੀਟਨਾਸ਼ਕ ਜਾਂ ਰਸਾਇਣ ਵਾਲੇੇ ਡੱਬੇ ਹੋਣ ਬਾਰੇ ਪਤਾ ਲੱਗੇਗਾ। ਇਹਨਾਂ ਖਾਲੀ ਡੱਬਿਆਂ ਨੂੰ ਡੂੰਘਾ ਦਬਾ ਦਿਓ ਦਾਂ ਕੂੜੇ ਵਿੱਚ ਸੁੱਟ ਦਿਓ। ਇੰਨ੍ਹਾਂ ਨੂੰ ਜਲਾਉਣ ਤੋਂ ਪਰਹੇਜ਼ ਕਰੋ ਜਿਸ ਨਾਲ ਕਿ ਧਮਾਕਾ ਹੋਣ ਦਾ ਖਤਰਾ ਹੋ ਸਕਦਾ ਹੈ।
3. ਸਪਰੇਅ ਉਪਕਰਣਾਂ ਵਿਚ ਕੀਟਨਾਸਕਾਂ ਨੂੰ ਕਦੇ ਨਾ ਛੱਡੋ। ਜੇ ਉਪਕਰਣਾਂ ਵਿਚ ਕੁਝ ਵਧੇਰੇ ਕੀਟਨਾਸਕ ਬਚੀ ਹੋਈ ਹੈ, ਤਾਂ ਇਸ ਨੂੰ ਬੰਜਰ/ ਅਣਵਾਹੀ ਜਮੀਨ (ਰਸਤੇ ਅਤੇ ਜੀਆਂ ਦੇ ਸੰਪਰਕ ਤੋਂ ਦੂਰ) ’ਤੇ ਖਾਲੀ ਕਰੋ। ਸਿੰਜਾਈ ਨਹਿਰਾਂ/ ਖਾਲਾਂ, ਛੱਪੜਾਂ, ਖੂਹਾਂ ਜਾਂ ਨਦੀਆਂ ਵਿਚ ਇਹ ਬਿਲਕੁਲ ਨਾ ਪਾਓ।
4. ਖਾਲੀ ਸਪਰੇਅ ਉਪਕਰਣ ਨੂੰ ਪਹਿਲਾਂ ਡਿਟਰਜੈਂਟ ਅਤੇ ਪਾਣੀ ਨਾਲ ਧੋਵੋ ਅਤੇ ਫਿਰ ਇਸ ਨੂੰ ਖੁੱਲੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ।
5. ਸਾਬਣ ਅਤੇ ਸਾਫ ਪਾਣੀ ਨਾਲ ਨਹਾਓ। ਵਰਤੇ ਕੱਪੜੇ ਵੱਖਰੇ ਤੌਰ ਤੇ ਧੋ ਲਓ। ਵਰਤੇ ਕੱਪੜੇ ਘਰ ਨੂੰ ਦੂਜੇ ਕੱਪੜਿਆਂ ਦੇ ਨਾਲ ਧੋਣ ਲਈ ਨਾ ਲਿਆਓ।
6. ਕੀਟਨਾਸਕਾਂ ਦੀ ਵਰਤੋਂ ਦਾ ਰਿਕਾਰਡ ਰੱਖੋ।
7. ਵੱਖ-ਵੱਖ ਕੀਟਨਾਸ਼ਕਾਂ ਦੀ ਸਪਰੇਅ ਤੋਂ ਬਾਅਦ ਖੇਤ ਵਿੱਚ ਦੁਬਾਰਾ ਬਿਨ੍ਹਾਂ ਸੁਰੱੱਖਿਆ ਕੱਪੜਿਆਂ ਤੋਂ ਦਾਖਲ ਹੋਣ ਲਈ ਵੀ ਆਮ ਤੌਰ ਤੇ ਘੱਟੋ-ਘੱਟ ਸਮੇਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਸ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹ ਅੰਤਰਾਲ ਕਾਮਿਆਂ ਨੂੰ ਜ਼ਹਿਰ ਦੇ ਸੰਭਾਵਿਤ ਦੁਸ਼ਪ੍ਰਭਾਵਾਂ ਤੋਂ ਬਚਾਉਂਦਾ ਹੈ। ਜਿੱਥੇ ਇਹ ਸਮਾਂ ਜਾਂ ਅੰਤਰਾਲ ਲੇਬਲ ਤੇ ਘੋਸ਼ਿਤ ਨਾ ਕੀਤਾ ਹੋਵੇ, ਉੱਥੇ ਇਸ ਨੂੰ ਘੱਟੋ-ਘੱਟ 24 ਘੰਟੇ ਮੰਨਣਾ ਚਾਹੀਦਾ ਹੈ ਅਤੇ ਜਦੋਂ ਤੱਕ ਸਪਰੇ ਕੀਤਾ ਰਸਾਇਣ ਸੁੱਕ ਨਾ ਜਾਵੇ।
ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਘਟਾਉਣ ਲਈ ਸੁਝਾਅ
1. ਕੀਟਨਾਸਕ ਦੀ ਚੋਣ
2. ਆਪਣੀਆਂ ਫਸਲਾਂ ਤੇ ਹਮਲਾ ਕਰਨ ਵਾਲੇ ਕੀੜਿਆਂ ਬਾਰੇ ਜਾਣੋ ਅਤੇ ਉਨ੍ਹਾਂ ਦੇ ਰੋਕਥਾਮ ਦੇ ਤਰੀਕਿਆਂ ਬਾਰੇ ਮਾਹਿਰਾਂ ਦੀ ਸਲਾਹ ਲਓ ਜਾਂ ਪੀ.ਏ.
ਯੂ ਦੀਆਂ ਵੱਖ ਵੱਖ ਫਸਲਾਂ ਸਬੰਧੀ ਸਿਫਾਰਿਸ਼ਾਂ ਦੀ ਪਾਲਣਾ ਕਰੋ।
3. ਜਿਥੇ ਵੀ ਸੰਭਵ ਹੋਵੇ, ਕੀਟ-ਨਿਯੰਤਰਣ ਦੇ ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਓ- ਖੇਤੀ ਉਤਪਾਦਕਤਾ ਅਤੇ ਵਾਤਾਵਰਣ ਉੱਤੇ ਪੈਣ ਵਾਲੇ
ਥੋੜ੍ਹੇ ਅਤੇ ਲੰਮੇ ਸਮੇਂ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖੋ, ਖਾਸਕਰ ਸੰਯੁਕਤ ਕੀਟ ਪ੍ਰਬੰਧ (ਆਈ. ਪੀ. ਐਮ.) ਨੂੰ ਤਰਜੀਹ ਦਿੳ।
4. ਪਾਬੰਦੀਸ਼ੁਦਾ ਕੀਟਨਾਸ਼ਕ ਨਾ ਵਰਤੋ।
-ਪੁਸ਼ਪਿੰਦਰ ਕੌਰ ਬਰਾੜ, ਬਲਪ੍ਰੀਤ ਕੌਰ ਕੰਗ ਅਤੇ ਪ੍ਰਦੀਪ ਕੁਮਾਰ ਛੁਨੇਜਾ
(ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ)