ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ

TeamGlobalPunjab
5 Min Read

-ਇਕਬਾਲ ਸਿੰਘ ਲਾਲਪੁਰਾ

ਭਾਸ਼ਾ ਜਾਂ ਬੋਲੀ ਦਾ ਸੰਬੰਧ ਇਕ ਵਿਸ਼ੇਸ਼ ਇਲਾਕੇ ਜਾ ਖ਼ਿੱਤੇ ਨਾਲ ਹੁੰਦਾ ਹੈ। ਉਸ ਖ਼ਿੱਤੇ ਦੀ ਬੋਲੀ ਨਾਲ ਉਸ ਦਾ ਸਭਿਆਚਾਰ, ਸਾਹਿਤ ਤੇ ਗੀਤ ਸੰਗੀਤ ਵੀ ਜੁੜਿਆ ਹੁੰਦਾ ਹੈ। ਇਸਦਾ ਸੰਬੰਧ ਇਕ ਖ਼ਾਸ ਫ਼ਿਰਕੇ ਨਾਲ ਨਾ ਹੋ ਉੱਥੇ ਵਸਦੀ ਸਾਰੀ ਮਨੁੱਖਤਾ ਨਾਲ ਹੁੰਦਾ ਹੈ।

ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਇਕ ਕੋਹ ਭਾਵ ਢਾਈ ਮੀਲ ‘ਤੇ ਪਾਣੀ ਦੀ ਸਵਾਦ ਤੇ ਚਾਰ ਕੋਹ ਜਾਂ ਦਸ ਮੀਲ ‘ਤੇ ਬੋਲੀ ਵਿੱਚ ਥੋੜ੍ਹਾ ਫਰਕ ਪੈ ਕੇ ਉਪ ਬੋਲੀ ਬਣ ਜਾਂਦੀ ਹੈ, ਇਸੇ ਕਾਰਨ ਪੰਜਾਬੀ ਦੀਆਂ ਵੀ ਪੋਠੋਹਾਰੀ, ਮਾਝੀ, ਝਾਂਗੀ, ਦੋਆਬੀ, ਡੋਗਰੀ, ਪਹਾੜੀ, ਮਲਵਈ ਤੇ ਪੁਆਧੀ ਆਦਿ ਅਨੇਕ ਉਪ ਭਾਸ਼ਾਵਾਂ ਹਨ।

ਇਸਲਾਮ ਧਰਮ ਕਰੀਬ 1400/1500 ਸਾਲ ਪੁਰਾਣਾ ਹੈ ਪਰ ਪੰਜਾਬੀ ਬੋਲੀ ਤਾਂ ਦਰਿਆ ਸਿੰਧ ਤੋਂ ਜਮਨਾ ਦੇ ਇਲਾਕੇ ਵਿੱਚ ਮੁੱਢ ਕਦੀਮ ਤੋਂ ਬੋਲੀ ਤੇ ਲਿਖੀ ਪੜੀ ਜਾਂਦੀ ਹੈ। ਗੁਰੂ ਕਾਲ ਵੀ ਕਰੀਬ 550 ਸਾਲ ਪੁਰਾਣਾ ਹੈ।

- Advertisement -

ਦੇਸ਼ ਦੀ ਵੰਡ ਤੋਂ ਬਾਅਦ ਵੀ ਪੱਛਮੀ ਪੰਜਾਬ, ਖ਼ੈਬਰ ਪਖ਼ਤੂਨਵਾ ਦਾ ਕੁਝ ਇਲਾਕਾ, ਜੰਮੂ ਕਸ਼ਮੀਰ, ਪੂਰਬੀ ਪੰਜਾਬ, ਚੰਡੀਗੜ੍ਹ, ਹਿਮਾਚਲ ਦੇ ਬਹੁਤੇ ਇਲਾਕੇ ਤੇ ਜਮੁਨਾ ਤੱਕ ਦੇ ਹਰਿਆਣਾ ਦੇ ਲੋਕ ਪੰਜਾਬੀ ਬੋਲਦੇ ਹਨ।

ਭਾਸ਼ਾ ਦਾ ਵਿਕਾਸ ਵੀ ਹੁੰਦਾ ਹੈ ਨਵਾਂ ਸਾਹਿਤ ਜੁੜਦਾ ਹੈ ਤੇ ਲਿਪੀ ਵਿੱਚ ਵੀ ਸੁਧਾਰ ਹੁੰਦਾ ਹੈ। ਅੱਜ ਤੋਂ ਕਰੀਬ 500 ਸਾਲ ਗੁਰਮੁਖੀ ਲਿਪੀ ਨਾਲ ਲਿਪੀ ਵਿੱਚ ਸੁਧਾਰ ਹੋਇਆ, ਜਿਸ ਰਾਹੀਂ ਸ਼ੇਖ ਫਰੀਦ, ਗੁਰੂ ਨਾਨਕ ਦੇਵ ਜੀ ਤੇ ਹੋਰ ਮਹਾਨ ਗੁਰੂਆਂ ਤੇ ਭਗਤਾਂ ਦੀ ਸਰਬ ਸਾਂਝੀ ਬਾਣੀ ਗੁਰੂ ਰੂਪ ਵਿੱਚ ਸੰਪਾਦਿਤ ਹੋ ਕੇ ਗੁਰਤਾਗਦੀ ਪ੍ਰਾਪਤ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਮਨੁੱਖਤਾ ਦੀ ਅਗਵਾਈ ਲਈ ਮੌਜੂਦ ਹੈ।

ਕੇਵਲ ਇਹ ਹੀ ਨਹੀਂ ਪੁਰਾਤਨ ਕਿੱਸੇ, ਕਹਾਣੀਆਂ ਹੋਰ ਧਰਮ ਗ੍ਰੰਥ ਇਸ ਮਹਾਨ ਸਭਿਆਚਾਰ ਤੇ ਬੋਲੀ ਦੀ ਗਵਾਹੀ ਭਰਦੀ ਹੈ।

ਪੰਜਾਬੀ ਦੇ ਮਹਾਨ ਲੇਖਕ ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੂਰੀ , ਚਮਨ ਲਾਲ ਸ਼ੁਗ਼ਲ, ਸ਼ਿਵ ਕੁਮਾਰ ਬਟਾਲਵੀ , ਪੀਲੂ , ਬੁੱਲੇ ਸ਼ਾਹ , ਹਾਸ਼ਮ , ਸ਼ਾਹ ਮੁਹਮਦ, ਪ੍ਰੋ : ਮੋਹਣ ਸਿੰਘ, ਵਿਧਾਤਾ ਸਿੰਘ ਤੀਰ, ਭਾਇਆ ਈਸ਼ਰ ਸਿੰਘ, ਸੁਰਜੀਤ ਪਾਤਰ ਆਦਿ ਦੀਆ ਰਚਨਾਵਾਂ ਸਾਰੇ ਪੰਜਾਬ ਵਿੱਚ ਗਾਈਆਂ ਤੇ ਪੜ੍ਹੀਆਂ ਜਾਂਦੀਆਂ ਹਨ। ਇਹ ਕਿਸੇ ਨੂੰ ਓਪਰੀਆਂ ਵੀ ਨਹੀਂ ਲਗਦੀਆਂ।

ਲਹਿੰਦੇ ਪੰਜਾਬ ਦਾ ਇਹ ਹੋਕਾ ਮਾਂ ਬੋਲੀ ਨੂੰ ਭੁੱਲ ਜਾਉਗੇ! ਕੱਖਾਂ ਵਾਂਗ ਰੁਲ਼ ਜਾਉਗੇ !! ਪੂਰਾ ਸੱਚ ਹੈ !!

- Advertisement -

ਰਾਜਨੀਤੀ ਕਰਨ ਵਾਲ਼ਿਆਂ ਨੇ ਲਹਿੰਦੇ ਪੰਜਾਬ ਵਾਲ਼ਿਆਂ ਤੋਂ ਮਾਂ ਬੋਲੀ ਖੋਹ ਲਈ ਹੈ। ਸਕੂਲਾਂ ਵਿੱਚ ਇਹ ਬੋਲੀ ਬੋਲਣ ਵਾਲ਼ਿਆਂ ਨੂੰ ਉਜਡ ਹੀ ਨਹੀਂ ਆਖਦੇ ਬਲਿਕਿ ਜੁਰਮਾਨਾ ਵੀ ਕਰਦੇ ਹਨ। ਅੰਗਰੇਜ਼ ਸਰਕਾਰ ਨੇ ਖਾਲਸਾ ਦੀਆਂ ਦੋਵੇਂ ਭਾਸ਼ਾਵਾਂ ਗੁਰਮੁਖੀ ਤੇ ਫ਼ਾਰਸੀ ਬੰਦ ਕਰ ਕੇ ਉਰਦੂ ਤੇ ਅੰਗਰੇਜ਼ੀ ਪੜਨ ਬੋਲਣ ਵਾਲੇ ਕਲਰਕ ਬਣਾ ਦਿੱਤੇ।

ਪੂਰਬੀ ਪੰਜਾਬ ਦੇ ਪੰਜਾਬੀ ਵਿਰੋਧੀਆਂ ਨੇ ਬੋਲੀ ਦੇ ਨਾਂ ‘ਤੇ ਸੂਬੇ ਦਾ ਵਿਰੋਧ ਕਰਦਿਆਂ ਆਪਣੀ ਮਾਂ ਬੋਲੀ ਨੂੰ ਮੰਨਣ ਤੋਂ ਇਨਕਾਰੀ ਹੋ ਪੰਜਾਬ ਨੂੰ ਚਾਰ ਹਿਸਿਆਂ ਵਿੱਚ ਵੰਡਾ ਲਿਆ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਭੁੱਲ ਕੇ ਭਰਾ ਭਰਾ ਦੇ ਦੁਸ਼ਮਣ ਬਣ ਗਏ ਤੇ ਪੰਜਾਬ ਲਹੂ ਲੁਹਾਨ ਕਰ ਲਿਆ।
ਪੰਜਾਬੀ ਅੱਗੇ ਕੀ ਵਧਣੀ ਸੀ ਘਰ ਵਿੱਚ ਹੀ ਬੇਗਾਨੀ ਹੋ ਗਈ।

1941 ਵਿੱਚ 26 ਫੀਸਦੀ ਪੰਜਾਬੀ ਬੋਲਣ ਵਾਲੇ ਅੱਜ ਘਟ ਕੇ 1.75 ਫੀਸਦੀ ਰਹਿ ਗਏ ਹਨ। ਪੰਜਾਬੀ ਬੋਲਦੇ ਲੋਕਾਂ ਨੇ ਨਾ ਤਾਂ ਪਲਾਇਣ ਹੀ ਕੀਤਾ ਹੈ ਨਾ ਬੀਜ ਨਾਸ ਹੋਇਆ ਹੈ, ਪਰ 1849 ਵਾਲੀ ਗਲਤੀ ਕਰ ਡੋਗਰੀ ਪੰਜਾਬੀ ਬੋਲਣ ਵਾਲੇ ਵੀ ਮਾਂ ਬੋਲੀ ਤੋਂ ਆਕੀ ਹੋ ਗਏ ਲੱਗਦੇ ਹਨ।

ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਨੂੰ ਕੇਵਲ ਸਿੱਖਾਂ ਦੀ ਬੋਲੀ ਤੇ ਲਿਪੀ ਮੰਨ, ਹੋਰ ਪੰਜਾਬੀ ਜਿਵੇਂ ਆਪਣੀ ਮਾਂ ਨੂੰ ਮਤਰੇਈ ਆਖ ਦੂਜਿਆਂ ਦੀ ਚੁੱਕ ਵਿੱਚ ਜਿਸ ਟਾਹਣੀ ‘ਤੇ ਬੈਠੇ ਹਨ ਉਸਨੂੰ ਹੀ ਵੱਢੀ ਗਏ ਹਨ। ਹਿਮਾਚਲ, ਹਰਿਆਣਾ, ਜੰਮੂ ਤੇ ਪੱਛਮੀ ਪੰਜਾਬੀ ਪੜਣ ਤੋਂ ਹੀ ਮਹਿਰੂਮ ਹਨ।

ਕੋਈ ਫ਼ਿਲਮੀ ਗਾਣਾ ਪੰਜਾਬੀ ਚਾਸ਼ਣੀ ਤੋਂ ਬਿਨਾ ਮਕਬੂਲ ਨਹੀਂ ਹੁੰਦਾ, ਗਿੱਧਾ, ਭੰਗੜਾ, ਲੁੱਡੀਆਂ ਵੀ ਪੰਜਾਬੀ ਬੋਲੀ ਤੋਂ ਬਿਨਾ ਅਧੂਰੀਆਂ ਹਨ।

ਸ਼ਿਸ਼ਟਾਚਾਰ ਤੇ ਸੇਵਾ ਵਿੱਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ, ਪਰ ਟੈਂ ਵੀ ਕਿਸੇ ਦੀ ਨਹੀਂ ਮਨੰਦੇ।
ਮਾਂ ਸਾਡੀ ਸਭ ਦੀ ਸਾਂਝੀ ਹੈ, ਅੰਦਿਰ ਝਾਤੀ ਮਾਰੋ !! ਜੰਮੂ ਸਣੇ ਪੂਰੇ ਪੰਜਾਬੀ ਖ਼ਿੱਤੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਅੱਗੇ ਰੱਖੀਏ, ਆਵਾਜ ਵੀ ਬਣੀਏ ਤੇ ਜੈ ਕਾਰਾ ਵੀ ਛੱਡੀਏ।

ਫੇਰ ਆਓ ਉਏ ਪੰਜਾਬੀ ਸਿੱਖੋ, ਹਿੰਦੂ ਤੇ ਮੁਸਲਮਾਨੋ, ਮਾਂ ਬੋਲੀ ਨਾ ਭੁਲੀਐ ਤੇ ਮਿਲ ਕੇ ਮਾਂ ਬੋਲੀ ਦੀ ਇਜ਼ਤ ਤੇ ਸ਼ਾਨ ਵਧਾਈਏ !!

ਸਰਕਾਰ ਜੀ ਸਾਨੂੰ ਇਕੱਠੇ ਹੋਣ ਦਿਉ ਲੜਾਉ ਨਾ, ਵੰਡੋ ਨਾ !!

Share this Article
Leave a comment