ਕਿਰਤੀ ਕਿਸਾਨ ਮੋਰਚੇ ਦੇ ਮੋਹਰੀ ਇਨਕਲਾਬੀ ਯੋਧੇ ਬਾਬਾ ਗੁਰਮੁਖ ਸਿੰਘ

TeamGlobalPunjab
3 Min Read

-ਅਵਤਾਰ ਸਿੰਘ

ਗਦਰ ਪਾਰਟੀ ਦੇ ਇਨਕਲਾਬੀ ਯੋਧੇ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਦਾ ਜਨਮ 3 ਦਸੰਬਰ 1892 ਨੂੰ ਇਕ ਗਰੀਬ ਪਰਿਵਾਰ ਵਿੱਚ ਪਿਤਾ ਹੁਸ਼ਨਾਕ ਸਿੰਘ ਦੇ ਘਰ ਪਿੰਡ ਲਲਤੋਂ ਖੁਰਦ ਜਿਲਾ ਲੁਧਿਆਣਾ ਵਿਖੇ ਹੋਇਆ।

ਮੁੱਢਲੀ ਵਿਦਿਆ ਤੋਂ ਬਾਅਦ ਉਚ ਵਿਦਿਆ ਤੇ ਰੋਜ਼ਗਾਰ ਦੀ ਭਾਲ ਵਿੱਚ ਹਾਂਗਕਾਗ ਹੁੰਦੇ ਹੋਏ ਕਾਮਾਗਾਟਾ ਮਾਰੂ ਜਹਜ਼ ਰਾਂਹੀ ਵੈਨਕੂਵਰ ਨੇੜੇ ਬੰਦਰਗਾਹ ਪਹੁੰਚੇ। ਉਥੇ ਅਗਨ ਬੋਟਾਂ ਰਾਂਹੀ ਸਾਮਰਾਜੀ ਪੁਲਿਸ ਨੇ ਘੇਰਾ ਪਾ ਕੇ ਹਮਲਾ ਕਰ ਦਿੱਤਾ ਤੇ ਇਸ ਲੜਾਈ ਵਿੱਚ ਬਾਬਾ ਜੀ ਦਾ ਨਾਂ ਉਭਰ ਕੇ ਸਾਹਮਣੇ ਆਇਆ।

ਕਲਕੱਤਾ ਦੀ ਬੰਦਰਗਾਹ ਨੇੜੇ ਬਜਬਜ ਘਾਟ ਦੇ ਸਾਕੇ ਦੌਰਾਨ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਅਲੀਪੁਰ ਜੇਲ੍ਹ ਬੰਗਾਲ ਤੇ ਫਿਰ ਪਿੰਡ ਵਿੱਚ ਜੂਹਬੰਦ ਕਰ ਦਿੱਤਾ। ਉਹ ਲੱਗੀਆਂ ਰੋਕਾਂ ਨੂੰ ਤੋੜ ਕੇ ਗਦਰ ਪਾਰਟੀ ਵਿੱਚ ਸਰਗਰਮ ਹੋ ਕੇ ਕੰਮ ਕਰਨ ਲੱਗੇ।

- Advertisement -

ਸਤੰਬਰ 1915 ਵਿੱਚ ਉਨ੍ਹਾਂ ਨੂੰ ਲਾਹੌਰ ਤੋਂ ਗ੍ਰਿਫਤਾਰ ਕਰਕੇ ਜ਼ਮੀਨ ਜਬਤ ਕਰ ਲਈ। 1917 ਵਿੱਚ ਅੰਡੇਮਾਨ ਭੇਜ ਦਿੱਤਾ। 1922 ਵਿੱਚ ਜੇਲ੍ਹ ਬਦਲੀ ਸਮੇਂ ਮਦਰਾਸ ਨੇੜੇ ਚਲਦੀ ਰੇਲ ਗੱਡੀ ਵਿੱਚੋਂ ਹੱਥਕੜੀਆਂ ਤੇ ਬੇੜੀਆਂ ਸਮੇਤ ਫਰਾਰ ਹੋ ਗਏ। ਬੇੜੀਆਂ ਕਟਵਾ ਕੇ ਅਫਗਾਨਿਸਤਾਨ ਪਹੁੰਚ ਗਏ।

ਰੂਸ ਵਿੱਚ ਇਨਕਲਾਬ ਆਉਣ ਦੇ ਪ੍ਰਭਾਵ ਨਾਲ 1925 ਵਿੱਚ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਵੱਖ ਵੱਖ ਦੇਸ਼ਾਂ ਤੇ ਫਿਰ 1928 ਅਮਰੀਕਾ ਜਾ ਕੇ ਗਦਰ ਪਾਰਟੀ ਦੀ ਮੁੜ ਜਥੇਬੰਦੀ ਦਾ ਕੰਮ ਸ਼ੁਰੂ ਕੀਤਾ।

ਅਗਲੇ ਸਾਲ ਵਾਪਸ ਅਫਗਾਨਿਸਤਾਨ ਆ ਕੇ ਇਨਕਲਾਬੀ ਕੰਮ ਦੀ ਵਾਗਡੋਰ ਸੰਭਾਲੀ। 1934 ਵਿੱਚ ‘ਕੇਸ਼ੋ ਰਾਮ’ ਨਾਂ ਹੇਠ ਕਿਰਤੀ ਪਾਰਟੀ ਦੀ ਅਗਵਾਈ ਵਿਚ ਕਿਸਾਨ ਮੋਰਚੇ ਦੀ ਕਮਾਨ ਸੰਭਾਲੀ। ਫਿਰ ‘ਕਿਰਤੀ’ ਤੇ ‘ਲਾਲ ਢੰਡੋਰਾ’ ਪਰਚਿਆਂ ਦੇ ਸੰਪਾਦਕ ਰਹੇ।

1936 ਤੋਂ 1946 ਤੱਕ ਵੱਖ ਵੱਖ ਜੇਲ੍ਹਾਂ ਵਿੱਚ ਰਹੇ। ਆਜ਼ਾਦੀ ਤੋਂ ਬਾਅਦ 1948 ਤੋਂ 1952 ਤੱਕ ਗੁਪਤਵਾਸ ਰਹਿ ਕੇ ਨਵਾਂ ਲੋਕਰਾਜੀ ਪ੍ਰਬੰਧ ਕਾਇਮ ਕਰਨ ਲਈ ਹਥਿਆਰਬੰਦ ਮੁਜਾਰਾ ਲਹਿਰ ਦੀ ਅਗਵਾਈ ਕੀਤੀ।

1959 ਨੂੰ ਪੰਜਾਬ ਕਿਸਾਨ ਸਭਾ ਦੀ ਕਮਾਂਡ ਹੇਠ ਖੁਸ਼ਹੈਸੀਅਤੀ ਟੈਕਸ ਵਿਰੁੱਧ ਜੇਤੂ ਮੋਰਚਾ ਲਾਇਆ। 1962 ਨੂੰ ਚੀਨ ਜੰਗ ਸਮੇਂ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ।

- Advertisement -

ਬਿਰਧ ਅਵਸਥਾ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਬੇਮਿਸਾਲ ਸਹਾਇਤਾ ਕਰਵਾਈ। 13 ਮਾਰਚ 1977 ਨੂੰ ਬਾਬਾ ਜੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਜ਼ਿੰਦਗੀ ਦਾ ਇਕ ਇਕ ਪਲ ਜਮਹੂਰੀ ਇਨਕਲਾਬ ਰਾਂਹੀ ਨਵਾਂ ਨਰੋਆ ਸਮਾਜਵਾਦੀ ਰਾਜ ਪ੍ਰਬੰਧ ਉਸਰਨ ਦੇ ਮਹਾਨ ਕਾਰਜ ਨੂੰ ਸਮਰਪਿਤ ਸੀ।

Share this Article
Leave a comment