ਕੌਸ਼ਾਂਬੀ : ਜਿੱਥੇ ਦੇਸ਼ ਇਸ ਸਮੇਂ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਉਥੇ ਹੀ ਅੱਜ ਸਵੇਰੇ ਉੱਤਰਪ੍ਰਦੇਸ਼ ਦੇ ਜ਼ਿਲ੍ਹਾ ਕੌਸ਼ਾਂਬੀ ਤੋਂ ਇੱਕ ਮੰਦਭਾਗੀ ਖਬਰ ਆਈ ਹੈ। ਅੱਜ ਸਵੇਰੇ ਜ਼ਿਲ੍ਹਾ ਕੌਸ਼ਾਂਬੀ ‘ਚ ਇੱਕ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ ‘ਚ ਗੈਸ ਸਿਲੰਡਰ ਫਟਣ ਨਾਲ ਤਿਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਦੋ ਲੜਕੀਆਂ ਅਤੇ ਇੱਕ ਔਰਤ ਸ਼ਾਮਲ ਹੈ। ਤੇਜ਼ ਧਮਾਕਾ ਹੋਣ ਨਾਲ ਪੂਰੀ ਫੈਕਟਰੀ ਅੱਗ ਦੀ ਲਪੇਟ ‘ਚ ਆ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਡੀਐਮ ਚੈਲ ਜੋਤੀ ਮੌਰਿਆ ਅਤੇ ਸੀਓ ਸਿਰਾਥੂ ਰਾਮਵੀਰ ਸਿੰਘ ਫੋਰਸ ਅਤੇ ਫਾਇਰ ਬ੍ਰਿਗੇਡ ਨਾਲ ਮੌਕੇ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸਖਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪੁਲੀਸ ਵੱਲੋਂ ਫੈਕਟਰੀ ਮਾਲਕ ਦੇ ਤਿੰਨ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਆਪ੍ਰੇਟਰ ਸਮੇਤ ਪੰਜ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇਸ ਫੈਕਟਰੀ ਨੂੰ ਬਿਨ੍ਹਾਂ ਲਾਇਸੈਂਸ ਦੇ ਗੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ।
ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਜਿਸ ‘ਚ ਗੀਤਾ (18) ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਰਾਧਿਕਾ (25) ਤੇ ਪੁਸ਼ਪਾ ਨੇ ਸਥਾਨਕ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਲੋਕ ਫੈਕਟਰੀ ‘ਚ ਮਜ਼ਦੂਰ ਵਜੋਂ ਕੰਮ ਕਰਦੇ ਸਨ। ਮ੍ਰਿਤਕਾਂ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਉੱਤਰ ਪ੍ਰਦੇਸ਼ ‘ਚ ਕੋਰੋਨਾ ਦਾ ਪ੍ਰਕੋਪ ਵੀ ਲਗਾਤਾਰ ਜਾਰੀ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਦੇ 2600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 43 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।