ਅਯੁੱਧਿਆ (ਯੂਪੀ): ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਿਰ ਦੇ ਨਿਰਮਾਣ ਦੌਰਾਨ ਅਯੁੱਧਿਆ ਵਿੱਚ ਸ਼ਰਧਾਲੂਆਂ ਦੀ ਆਮਦ ਲਈ ਮੰਦਰ ਵਾਲੀ ਥਾਂ ਲਈ ਤਿੰਨ ਮੁੱਖ ਮਾਰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਮਾਰਗ ਬਣਾਉਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਇਨ੍ਹਾਂ ਤਿੰਨਾਂ ਵਿੱਚੋਂ ਇੱਕ ਮਾਰਗ, ਜਿਸ ਨੂੰ ਰਾਮ ਮਾਰਗ ਦਾ ਨਾਮ ਦਿੱਤਾ ਜਾਵੇਗਾ, 13 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਸਆਦਤਗੰਜ ਨੂੰ ਨਯਾ ਘਾਟ ਨਾਲ ਜੋੜੇਗਾ। ਜਿਸ ਦਾ ਨਿਰਮਾਣ 400 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੈਂਡਰ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਿਕ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਕ ਕਮੇਟੀ ਨੇ ਮੁੱਖ ਸੜਕ ਦਾ ਸਰਵੇ ਵੀ ਕੀਤਾ ਹੈ।ਰਾਮ ਮੰਦਰ ਨੂੰ ਜਾਂਦੀ ਮੁੱਖ ਸੜਕ ‘ਤੇ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਥਾਨਕ ਲੋਕਾਂ, ਜਿਨ੍ਹਾਂ ਦੇ ਘਰ ਜਾਂ ਦੁਕਾਨਾਂ ਜਾਂ ਸੜਕ ‘ਤੇ ਹੋਰ ਅਦਾਰੇ ਹਨ, ਦੇ ਮੁੜ ਵਸੇਵੇ ਦਾ ਪ੍ਰਬੰਧ ਕੀਤਾ ਜਾਵੇਗਾ। .
ਦੂਜਾ ਰਸਤਾ, ਜਿਸ ਨੂੰ ਸ਼੍ਰੀ ਰਾਮ ਜਨਮ ਭੂਮੀ ਮਾਰਗ ਕਿਹਾ ਜਾਵੇਗਾ, ਬਿਰਲਾ ਧਰਮਸ਼ਾਲਾ ਨੂੰ ਸੁਗਰੀਵ ਕਿਲੇ ਰਾਹੀਂ ਸ਼੍ਰੀ ਰਾਮ ਜਨਮ ਭੂਮੀ ਮੰਦਰ ਨਾਲ ਜੋੜੇਗਾ। ਇਸ ਸੜਕ ਨੂੰ ਬਣਾਉਣ ਦਾ ਕੰਮ ਜ਼ੋਰਾਂ ’ਤੇ ਹੈ। ਜਦੋਂ ਕਿ ਪਹਿਲਾਂ ਨਵੰਬਰ ਤੱਕ ਕੰਮ ਪੂਰਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਦਸੰਬਰ ਤੱਕ ਚੱਲੇਗਾ। ਅਯੁੱਧਿਆ ਡਿਵੀਜ਼ਨ ਦੇ ਕਮਿਸ਼ਨਰ ਨਵਦੀਪ ਰਿਣਵਾ ਨੇ ਕਿਹਾ, “ਇਸ ਸਾਲ ਦਸੰਬਰ ਤੱਕ, ਅਸੀਂ ਸੜਕ ਤਿਆਰ ਕਰ ਲਵਾਂਗੇ।”
ਤੀਜਾ ਰਸਤਾ ਹਨੂੰਮਾਨਗੜ੍ਹੀ ਦੇ ਰਸਤੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਨੂੰ ਸਿੰਗਰ ਘਾਟ ਨਾਲ ਜੋੜੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਰਗ ’ਤੇ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਇਸ ਮਾਰਗ ’ਤੇ ਪੈਂਦੇ ਜ਼ਿਆਦਾਤਰ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।