ਚੰਡੀਗੜ੍ਹ – ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ‘ਚ ਮਾਨਸੂਨ ਦੀ ਦੇਰੀ ਦੇ ਚਲਦੇ ਝੋਨੇ ਦੀ ਬਿਜਾਈ ਦੇ ਲਈ ਕਿਸਾਨਾਂ ਨੂੰ 2 ਘੰਟੇ ਵੱਧ ਬਿਜਲੀ ਦਿੱਤੀ ਜਾਵੇਗੀ। ਇਸ ਦੀ ਸਪਲਾਈ ਕਿਸਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਕਰਵਾਈ ਜਾਵੇਗੀ।
ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਨਿਰਦੇਸ਼ ‘ਤੇ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਹੁਣ 8 ਘੰਟੇ ਬਿਜਲੀ ਦੀ ਥਾਂ 10 ਘੰਟੇ ਬਿਜਲੀ ਮਿਲੇਗੀ। ਇਸ ਨਾਲ ਕਿਸਾਨਾਂ ਨੂੰ ਫਸਲ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ 2 ਘੰਟੇ ਵੱਧ ਬਿਜਲੀ ਉਪਲਬਧ ਕਰਵਾਉਣ ਦੀ ਇਹ ਸਹੂਲਤ ਮਾਨਸੂਨ ਦੇ ਆਉਣ ਤੱਕ ਦਿੱਤੀ ਜਾਵੇਗੀ।
ਬਿਜਲੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ 7 ਜੁਲਾਈ ਨੂੰ ਹਰਿਆਣਾ ‘ਚ ਇਕ ਦਿਨ ਵਿਚ 12 ਹਜ਼ਾਰ 125 ਮੇਗਾਵਾਟ ਬਿਜਲੀ ਦੀ ਖਪਤ ਹੋਈ ਹੈ ਜੋ ਕਿ ਹੁਣ ਤੱਕ ਦਾ ਇਕ ਸਰਵਉੱਚ ਰਿਕਾਰਡ ਹੈ। ਬਿਜਲੀ ਵਿਭਾਗ ਵੱਲੋਂ ਸੂਬੇ ‘ਚ ਪਾਵਰ ਕੱਟ ਨਹੀਂ ਲਗਾਇਆ ਜਾਂਦਾ ਹੈ, ਜੇਕਰ ਕਿਤੇ ਕੁੱਝ ਸਮੇਂ ਦੇ ਲਈ ਬਿਜਲੀ ਰੁਕਾਵਟ ਆਉਂਦੀ ਹੈ ਤਾਂ ਮੇਨਟੇਨਸ ਦੇ ਕਾਰਨ ਹੋ ਸਕਦੀ ਹੈ।
ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਇਕ ਨੀਤੀ ਦੇ ਤਹਿਤ ਟਿਊਬਵੈਲ ਕਨੈਕਸ਼ਨ ਦਿੱਤੇ ਜਾ ਰਹੇ ਹਨ। ਸੂਬੇ ‘ਚ 100 ਫੁੱਟ ਤੋਂ ਹੇਠਾਂ ਵਾਲੇ ਖੇਤਰਾਂ ਵਿਚ ਡ੍ਰਿਪ ਸਿਸਟਮ ਸਿੰਚਾਈ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰਾਜ ਵਿਚ ਪੇਇੰਗ ਟਿਊਬਵੈਲ ਕਨੈਕਸ਼ਨ ਵੀ ਅਗਲੇ ਛੇ ਮਹੀਨੇ ਵਿਚ ਜਾਰੀ ਕਰ ਦਿੱਤੇ ਜਾਣਗੇ।