-ਡਾ. ਚਰਨਜੀਤ ਸਿੰਘ ਗੁਮਟਾਲਾ
25 ਮਈ ਨੂੰ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਨਿਆਪੋਲਿਸ ਦੇ ਪੁਲੀਸ ਅਫ਼ਸਰਾਂ ਹੱਥੋਂ ਮਾਰੇ ਗਏ ਅਮਰੀਕੀ ਅਫ਼ਰੀਕੀ ਸਿਆਹਫ਼ਾਮ (ਕਾਲੇ) ਜਾਰਜ ਫਲਾਇਡ ਦੇ ਵਿਰੋਧ ਵਿੱਚ ਅੱਜ ਅਮਰੀਕੀ ਨਸਲਵਾਦ ਵਿਰੁੱਧ ਸਾਰੀ ਦੁਨੀਆਂ ਵਿੱਚ ਇੱਕ ਲਹਿਰ ਉੱਠ ਖੜ੍ਹੀ ਹੋਈ ਹੈ। ਜਾਰਜ ਫਲਾਇਡ ਨੂੰ 20 ਡਾਲਰਾਂ ਦੇ ਨਕਲੀ ਨੋਟ ਨਾਲ ਸਿਗਰਟ ਖ੍ਰੀਦਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਡੈਰਿਕ ਚੌਵਿਨ ਨੇ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਤਕਰੀਬਨ 8.46 ਮਿੰਟ ਗੋਡੇ ਨਾਲ ਉਸ ਦੀ ਧੌਣ ਨੂੰ ਦਬਾਈ ਰੱਖਿਆ। ਉਸ ਨੇ ਇਸ ਦਾ ਵਿਰੋਧ ਕਰਦੇ ਹੋਏ ਵਾਸਤਾ ਪਾਇਆ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲੀਸ ਅਧਿਕਾਰੀ ਨੇ ਕੋਈ ਪ੍ਰਵਾਹ ਨਾ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵਿਡਿਓ ਵਾਇਰਲ ਹੋਣ ਨਾਲ ਸੰਸਾਰ ਭਰ ਵਿੱਚ ਮੁਜ਼ਾਹਰੇ ਸ਼ੁਰੂ ਹੋ ਗਏ।
ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਪਿੱਛੇ 14 ਜੂਨ 2020 ਨੂੰ ਦੂਜੀ ਘਟਨਾ ਵਾਪਰੀ ਜਿਸ ਵਿੱਚ ਪੁਲੀਸ ਨੇ ਇੱਕ ਹੋਰ ਸਿਆਹਫਾਮ (ਕਾਲੇ) ਅਮਰੀਕੀ-ਅਫ਼ਰੀਕੀ 27 ਸਾਲ ਦੇ ਨੌਜੁਆਨ ਰੇਜ਼ਰਡ ਬਰੁਕਸ ਦੀ ਹੱਤਿਆ ਕਰ ਦਿੱਤੀ ਜਿਸ ਨੇ ਪੁਲੀਸ ਕੋਲੋਂ ਟੇਜਰ ਖੋਹ ਕੇ ਭਜਣ ਦੀ ਕੋਸ਼ਿਸ਼ ਕੀਤੀ। ਇੱਥੇ ਇਹ ਦੱਸਣਯੋਗ ਹੈ ਕਿ ਟੇਜਰ ਉਹ ਹਥਿਆਰ ਹੈ, ਜਿਸ ਵਿੱਚ 50 ਹਜ਼ਾਰ ਵੋਲਟ ਦਾ ਕਰੰਟ ਨਿਕਲਦਾ ਹੈ, ਜੋ ਭੱਜ ਰਹੇ ਅਪਰਾਧੀ ਨੂੰ ਝਟਕਾ ਦੇਂਦਾ ਹੈ, ਜਿਸ ਦਾ ਅਸਰ ਸਿਰਫ਼ 5 ਸੈਕਿੰਡ ਰਹਿੰਦਾ ਹੈ। ਇਸ ਨਾਲ ਦੋਸ਼ੀ ਕਾਬੂ ਆ ਜਾਂਦਾ ਹੈ। ਇਸ ਨਾਲ ਕਈ ਵੇਰ ਮੌਤ ਵੀ ਹੋ ਜਾਂਦੀ ਹੈ। ਜਿਸ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ ਹੈ।
25 ਮਈ ਤੋਂ ਸ਼ੁਰੂ ਹੋਏ ਜਨ ਅੰਦੋਲਨ ਵਿੱਚ ਸਾਰੇ ਵਰਗਾਂ ਦੇ ਲੋਕ ਇਕਜੁੱਟ ਹੋ ਕੇ ਇਨ੍ਹਾਂ ਹੱਤਿਆਵਾਂ ਦੇ ਵਿਰੋਧ ਵਿੱਚ ਨਿਕਲੇ ਹੋਏ ਹਨ। ਕਈ ਮੌਤਾਂ ਹੋ ਚੁੱਕੀਆਂ ਹਨ। ਅਗਜਨੀ ਤੇ ਹੋਰ ਸਾੜ ਫੂਕ ਦੇ ਨਾਲ ਅਖ਼ਬਾਰਾਂ ਭਰੀਆਂ ਪਈਆਂ ਹਨ।
ਇਸ ਅੰਦੋਲਨ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਰਵੱਈਏ ਦੀ ਵੀ ਨਿਖੇਧੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੁਜਾਹਰਾਕਾਰੀਆਂ ਨੂੰ ਠੱਗ ਤੀਕ ਕਿਹਾ ਹੈ ਅਤੇ ਦੋਸ਼ ਲਾਇਆ ਹੈ ਕਿ ਇਹ ਸਾਰਾ ਕੁੱਝ ਐਂਟਿਫਾ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਤਾਂ ਜੋ ਅਮਰੀਕਾ ਨੂੰ ਬਦਨਾਮ ਕੀਤਾ ਜਾ ਸਕੇ। ਐਂਟਿਫ਼ਾ ਇੱਕ ਸਾਮਰਾਜ ਵਿਰੋਧੀ ਜਥੇਬੰਦੀ ਹੈ ਜਿਸ ਨੂੰ ਐਂਟਿਫ਼ਾਸਿਸਟ ਜਥੇਬੰਦੀ ਕਿਹਾ ਜਾਂਦਾ ਹੈ। ਜਦ ਤੋਂ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਸੱਜੇਪੱਖੀ ਸਿਆਸਤ ਨੂੰ ਹਵਾ ਦੇਣੀ ਸ਼ੁਰੂ ਕੀਤੀ ਹੈ, ਉਸ ਸਮੇਂ ਤੋਂ ਹੀ ਇਸ ਜਥੇਬੰਦੀ ਵੱਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਵੈਸੇ ਵੀ ਕਰੋਨਾ ਦੀ ਮਾਰ ਹੇਠ ਅਮਰੀਕੀ-ਅਫ਼ਰੀਕੀ ਲੋਕ ਜ਼ਿਆਦਾ ਆਏ ਹੋਏ ਹਨ। ਕਿਉਂਕਿ ਚੋਣਾਂ ਹਨ, ਇਸ ਲਈ ਰਾਸ਼ਟਰਪਤੀ ਵੱਲੋਂ ਕਈ ਤਰ੍ਹਾਂ ਦੇ ਰੰਗ ਵਿਖਾਏ ਜਾ ਰਹੇ ਹਨ।
ਅਮਰੀਕਾ ਵਿੱਚ ਨਸਲਵਾਦ ਦਾ ਇਤਿਹਾਸ ਬਹੁਤ ਪੁਰਾਣਾ ਹੈ। ਆਦਿਵਾਸੀ ਅਮਰੀਕੀਆਂ ਦੇ ਮਾੜੇ ਦਿਨ 1462 ਵਿੱਚ ਹੀ ਸ਼ੁਰੂ ਹੋ ਗਏ ਸਨ ਜਦ ਕੋਲੰਬਸ ਜੋ ਕਿ ਭਾਰਤ ਲੱਭਣ ਤੁਰਿਆ ਸੀ, ਗ਼ਲਤੀ ਨਾਲ ਅਮਰੀਕਾ ਜਾ ਵੜ੍ਹਿਆ। ਗੋਰੇ ਲੋਕਾਂ ਨੇ ਆਦਿ ਵਾਸੀਆਂ ਨਾਲ ਲੜ੍ਹਾਈਆਂ ਲੜ੍ਹ ਕੇ ਉਨ੍ਹਾਂ ਨੂੰ ਮਾਰ ਮੁਕਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਸਾਂਭਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮੂਲ ਵਾਸੀਆਂ ਦੀ ਗਿਣਤੀ ਆਟੇ ਵਿਚ ਲੂਣ ਸਮਾਨ ਹੈ। ਉਹ ਆਪਣੀ ਪਛਾਣ ਬਚਾਉਣ ਵਿਚ ਜੁਟੇ ਹੋਏ ਹਨ।
ਨਸਲਵਾਦ ਦਾ ਕਰੂਪ ਚਿਹਰਾ ਯੂਰਪੀਅਨਾਂ ਦੀ ਵੱਡੀ ਗਿਣਤੀ ਵਿਚ ਆਉਣ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਨੂੰ ਉੱਥੋਂ ਦੀ ਜ਼ਮੀਨ ਨੂੰ ਵਾਹੁਣ ਤੇ ਹੋਰ ਕੰਮਾਂ ਲਈ ਮਜ਼ਦੂਰਾਂ ਦੀ ਲੋੜ ਸੀ, ਉਨ੍ਹਾਂ ਨੇ ਰਿਸ਼ਟਪੁਸ਼ਟ ਅਫ਼ਰੀਕੀਆਂ ਨੂੰ 1600 ਦੇ ਪਹਿਲੇ ਸਾਲਾਂ ਵਿੱਚ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਆਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਗੋਰੇ ਲੋਕ ਅਮਰੀਕਾ ਆ ਕੇ ਵੱਸਣ ਲੱਗੇ, ਜਿਸ ਨਾਲ ਗ਼ੁਲਾਮੀ ਪ੍ਰਥਾ ਵੀ ਸ਼ੁਰੂ ਹੋ ਗਈ। ਇਨ੍ਹਾਂ ਗ਼ੁਲਾਮਾਂ ਬਾਰੇ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਵਿਕਾਊ ਵਸਤੂਆਂ ਵਾਂਗ ਉਨ੍ਹਾਂ ਨੂੰ ਸੰਗਲਾਂ ਨਾਲ ਨੂੜ ਕੇ ਲਿਆਂਦਾ ਜਾਂਦਾ ਤੇ ਖੁੱਲ੍ਹੀ ਮੰਡੀ ਵਿੱਚ ਵੇਚਿਆ ਜਾਂਦਾ। ਇੱਕ ਪਰਿਵਾਰ ਦੇ ਵੱਖ-ਵੱਖ ਜੀਆਂ ਨੂੰ ਵੱਖ-ਵੱਖ ਲੋਕਾਂ ਨੂੰ ਵੇਚਿਆ ਜਾਂਦਾ। ਮਾਂ ਪਿਉ ਬਥੇਰੇ ਤਰਲੇ ਕਰਦੇ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲੋਂ ਅਲਗ ਨਾ ਕਰੋ। ਬੱਚੇ ਨੂੰ ਜਬਰੀ ਮਾਂ ਪਿਉ ਕੋਲੋਂ ਖੋਹਿਆ ਜਾਂਦਾ ਪਰ ਉਨ੍ਹਾਂ ਦੇ ਕੀਰਨਿਆਂ ਨੂੰ ਕੋਈ ਨਾ ਸੁਣਦਾ। ਇਨ੍ਹਾਂ ਬਚਿਆਂ ਵਿਚੋਂ ਕਈਆਂ ਨੇ ਵੱਡੇ ਹੋ ਕੇ ਬੜੀਆਂ ਦਰਦਨਾਕ ਕਹਾਣੀਆਂ ਕਾਨੀਬੱਧ ਕੀਤੀਆਂ ਹਨ। ਇੱਕ ਥਾਂ ਦੇ ਗ਼ੁਲਾਮ ਵੱਖ-ਵੱਖ ਥਾਂਈਂ ਨਿਲਾਮ ਕੀਤੇ ਜਾਂਦੇ ਤਾਂ ਜੋ ਉਹ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕਣ। ਪੰਜਾਬੀ ਵਿਚ ਸ. ਗੁਰਚਰਨ ਸਿੰਘ ਜੈਤੋ ਨੇ ਕਈ ਪੁਸਤਕਾਂ ਅਮਰੀਕਾ ਜਾ ਕੇ ਇਨ੍ਹਾਂ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਲਿਖੀਆਂ ਹਨ। ਉਨ੍ਹਾਂ 2017 ਵਿਚ ‘ਭਗੌੜੇ ਗ਼ੁਲਾਮ’ ਨਾਮੀ ਪੁਸਤਕ ਲਿਖੀ ਹੈ ਜੋ ਕਿ ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪੀ ਹੈ। ਇਸ ਵਿਚ ਉਨ੍ਹਾਂ ਨੇ ਉਨ੍ਹਾਂ ਗ਼ੁਲਾਮਾਂ ਦੀਆਂ ਦਰਦਨਾਕ ਕਹਾਣੀਆਂ ਲਿਖੀਆਂ ਹਨ ਜੋ ਮਾਲਕਾਂ ਤੋਂ ਦੁਖੀ ਹੋ ਕੇ ਭਜ ਜਾਂਦੇ ਸਨ ਕਿਉਂਕਿ ਉਹ ਸਮਾਜ ਵਿਚ ਆਮ ਨਾਗਰਕ ਦੀ ਤਰ੍ਹਾਂ ਨਹੀਂ ਰਹਿ ਸਕਦੇ ਸਨ ਜਿਵੇਂ ਜੇਲ ਵਿੱਚੋਂ ਭਜਾ ਕੈਦੀ ਨਹੀਂ ਰਹਿ ਸਕਦਾ।
ਅਮਰੀਕੀ ਲਾਬਿਰੇਰੀਆਂ ਵਿਚ ਇਨ੍ਹਾਂ ਅਫ਼ਰੀਕੀ ਅਮਰੀਕੀ ਲੋਕਾਂ ਨਾਲ ਹੋਏ ਜ਼ੁਲਮ ਦੀਆਂ ਅਨੇਕਾਂ ਪੁਸਤਕਾਂ ਮਿਲਦੀਆਂ ਹਨ। ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲੋਂ ਡੰਡੇ ਦੇ ਜ਼ੋਰ ਦੇ ਨਾਲ ਕੰਮ ਲਿਆ ਜਾਂਦਾ ਸੀ। ਜੇ ਕੋਈ ਕੰਮ ਨਾ ਕਰਦਾ ਜਾਂ ਥੱਕ ਕੇ ਸਾਹ ਲੈਂਦਾ ਤਾਂ ਉਨ੍ਹਾਂ ਨੂੰ ਛਾਂਟੇ ਮਾਰੇ ਜਾਂਦੇ। ਇਨ੍ਹਾਂ ਛਾਂਟਿਆਂ ਦੇ ਅੱਗੇ ਕਿੱਲ ਲੱਗੇ ਹੁੰਦੇ ਸਨ। ਜਦ ਇਹ ਛਾਂਟੇ ਵੱਜਦੇ ਤਾਂ ਉਨ੍ਹਾਂ ਦੇ ਸਰੀਰ ਲਹੂ ਲੁਹਾਨ ਹੋ ਜਾਂਦੇ। ਦੁਖਦਾਈ ਪੱਖ ਇਹ ਹੈ ਕਿ ਮਿਸਾਚੂਸਟ ਵਿੱਚ 1641 ਵਿੱਚ ਗ਼ੁਲਾਮੀ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ। ਅਠਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਬਰਤਾਨੀਆ ਖ਼ਿਲਾਫ਼ ਵਿਦਰੋਹ ਉੱਠ ਖੜ੍ਹਾ ਹੋਇਆ। ਇਸ ਦੇ ਬਾਵਜੂਦ ਵੀ ਇਨ੍ਹਾਂ ਅਫ਼ਰੀਕੀ ਅਮਰੀਕੀਆਂ ਨੂੰ ਡਰਾਉਣ ਧਮਕਾਉਣ ਲਈ ਕੁ ਕਲਕਸ਼ ਕਲੈਨ ਨੇ 1867 ਵਿੱਚ ਇੱਕ ਗੁਪਤ ਜਥੇਬੰਦੀ ਬਣਾਈ ਜਿਸ ਦਾ ਕੰਮ ਕਾਲੇ ਭਾਈਚਾਰੇ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਕਤਲ ਕਰਨਾ ਸੀ। 1873 ਵਿੱਚ ਕੋਲਫੈਕਸ ਤੇ 1874 ਵਿੱਚ ਕੋਸ਼ਾਟ ਨੇ ਕਾਲਿਆ ਦਾ ਕਤਲੇਆਮ ਕੀਤਾ । ਅਨੇਕਾਂ ਅਜਿਹੀਆਂ ਉਦਾਹਰਨਾਂ ਹਨ। ਜੇ ਤਿੰਨ ਗੋਰੇ ਮਰਦੇ ਸਨ ਤਾਂ 40 ਤੋਂ 50 ਕਾਲੇ ਮਾਰੇ ਜਾਂਦੇ ਸਨ। ਇਹ 20ਵੀਂ ਸਦੀ ਤੀਕ ਚੱਲਦਾ ਰਿਹਾ। ਇਹ ਰੁੱਕਿਆ ਇਸ ਕਰਕੇ ਕਿ ਇਤਿਹਾਸਕਾਰਾਂ ਨੇ ਇਸਦਾ ਪਤਾ ਲਾ ਲਿਆ।
ਇਕ ਹੋਰ ਪਹਿਲੂ ਹੈ ਕਿ ਗੋਰਿਆਂ ਤੇ ਕਾਲਿਆਂ ਲਈ ਵੱਖ-ਵੱਖ ਕਾਨੂੰਨ ਬਣਾਏ ਗਏ। 1890 ਤੋਂ 1940 ਤੀਕ ਦੇ ਇਸ ਸਮੇਂ ਨੂੰ ਜਿਮ ਕਰੋਅ ਯੁੱਗ ਕਿਹਾ ਜਾਂਦਾ ਹੈ। ਨਿੱਕੇ-ਨਿੱਕੇ ਜ਼ੁਰਮਾਂ ਲਈ ਗੋਰੇ ਕਾਲਿਆਂ ਨੂੰ ਫਾਹੇ ਲਾ ਦੇਂਦੇ। ਅਮਰੀਕੀ ਕਾਲਿਆਂ ਦੇ ਕਤਲੇਆਮ ਜਾਂ ਇੰਝ ਕਹਿ ਲਉ ਘਲੂਘਾਰਿਆਂ ਨੂੰ ਦਰਸਾਉਣ ਲਈ ਮਿਲਵਾਕੀ, ਵਿਸਕੌਸਿਨ ਵਿੱਚ ਇੱਕ ਅਜਾਇਬ ਘਰ ਬਣਿਆ ਹੈ, ਜਿੱਥੇ ਇਨ੍ਹਾਂ ਜ਼ੁਲਮਾਂ ਨੂੰ ਦਰਸਾਇਆ ਗਿਆ ਹੈ। ਵਿਸ਼ਵ ਯੁੱਧ ਪਹਿਲੇ ਤੇ ਦੂਜੇ ਵਿੱਚ ਅਨੇਕਾਂ ਇਨ੍ਹਾਂ ਅਫ਼ਰੀਕੀ ਅਮਰੀਕੀਆਂ ਨੇ ਭਾਗ ਲਿਆ। ਇਨ੍ਹਾਂ ਕਰਕੇ 1948 ਵਿੱਚ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਕੀਤਾ ਜਾਣ ਲੱਗਾ।
ਸਿਵਲ ਰਾਈਟਸ ਐਕਟ 1964 ਵਿੱਚ ਸਭ ਅਮਰੀਕੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ। ਇਸ ਦਾ ਸਿੱਟਾ ਹੀ ਸੀ ਕਿ ਅਫ਼ਰੀਕੀ ਅਮਰੀਕੀ ਮੂਲ ਦੇ ਬਾਰਾਕ ਓਬਾਮਾ ਦੋ ਵੇਰ ਅਮਰੀਕਾ ਦੇ ਰਾਸ਼ਟਰਪਤੀ ਬਣੇ।
ਅਫ਼ਰੀਕੀ ਅਮਰੀਕੀ ਲੋਕਾਂ ਦਾ ਖੇਡਾਂ ਤੇ ਹੋਰ ਖੇਤਰ ਵਿਚ ਬਹੁਤ ਯੋਗਦਾਨ ਹੈ। ਇਸ ਦੇ ਬਾਵਜੂਦ ਉਨ੍ਹਾਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਦਾ ਹੋਣਾ ਦੁਰਭਾਗਾ ਹੀ ਕਿਹਾ ਜਾ ਸਕਦਾ ਹੈ। ਅਸਲ ਵਿਚ ਅਮਰੀਕਾ ਵਿਚ ਬਾਕੀ ਘੱਟ ਗਿਣਤੀਆਂ ਨਾਲ ਵੀ ਕਈ ਵਾਰ ਮਾੜਾ ਵਿਵਹਾਰ ਕੀਤਾ ਜਾਂਦਾ ਹੈ।
ਸਿੱਖਾਂ ਨਾਲ ਵੀ ਵਿਤਕਰਾ ਕਰਨ ਦੀਆਂ ਘਟਨਾਵਾਂ ਵੀ ਕਦੇ ਕਦੇ ਵਾਪਰਦੀਆਂ ਰਹਿੰਦੀਆਂ ਹਨ। ਉੱਥੇ ਕਈ ਐਸੀਆਂ ਨਸਲਪ੍ਰਸਤ ਜਥੇਬੇਧੀਆਂ ਹਨ, ਜਿਹੜੀਆਂ ਕਹਿੰਦੀਆਂ ਹਨ ਕਿ ਅਮਰੀਕਾ ਗੋਰਿਆਂ ਦਾ ਦੇਸ਼ ਹੈ, ਇਸ ਲਈ ਬਾਕੀ ਕੌੰਮਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਜਿਸ ਦੀ ਉਦਾਹਰਣ ਅਮਰੀਕਾ ਦੇ ਓਕ ਕ੍ਰੀਕ ਗੁਰਦੁਆਰੇ ਵਿਚ 5 ਅਗਸਤ 2012 ਨੂੰ ਇਕ ਸਿਰਫਿਰੇ ਨਵ-ਨਾਜੀਵਾਦੀ ਸਾਬਕਾ ਅਮਰੀਕੀ ਫੌਜੀ ਵੇਡ ਮਾਈਕਲ ਪੇਜਰ ਵੱਲੋਂ ਕੀਤੇ ਹਮਲੇ ਦੀ ਹੈ । ਇਸ ਹਮਲੇ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਨਹੀਂ, ਸਗੋਂ ਅਮਰੀਕੀਆਂ ਨੂੰ ਵੀ ਡੂੰਘੇ ਸਦਮੇ ਵਿਚ ਲੈ ਆਂਦਾ ਹੈ। ਪੁਲੀਸ ਵਲੋਂ ਸਮੇਂ ਸਿਰ ਪੁੱਜਣ ਅਤੇ ਪੁਲੀਸ ਕਰਮਚਾਰੀ ਵੱਲੋਂ ਦਲੇਰੀ ਵਖਾਉਂਦੇ ਹੋਏ ਹਮਲਾਵਰ ਨੂੰ ਮਾਰਨ ਕਰਕੇ ਇਕ ਬਹੁਤ ਵੱਡਾ ਦੁਖਾਂਤ ਹੋਣੋ ਟੱਲ ਗਿਆ। ਗੁਰਦੁਆਰੇ ਦੇ ਬੱਚਿਆਂ ਵੱਲੋਂ ਅੰਦਰ ਜਾ ਕੇ ਹਮਲਾਵਰ ਬਾਰੇ ਜਾਣਕਾਰੀ ਦੇਣ ਅਤੇ ਗੁਰਦੁਆਰੇ ਦੇ ਪ੍ਰਧਾਨ ਸ. ਸਤਵੰਤ ਸਿੰਘ ਕਾਲੇਕਾ ਦੀ ਦਲੇਰਾਨਾ ਕਾਰਵਾਈ ਨੇ ਸੰਗਤ ਦੀਆਂ ਵੱਡਮੁਲੀਆਂ ਜਾਨਾਂ ਬਚਾਉਣ ਵਿਚ ਸਹਾਇਤਾ ਕੀਤੀ ਭਾਵੇਂ ਕਿ ਕਾਲੇਕਾ ਇਸ ਕਾਰਵਾਈ ਸਮੇਂ ਹਮਲਾਵਰ ਦੇ ਹਮਲੇ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਸਮੇਤ 7 ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ ਤੇ 3 ਜਖ਼ਮੀ ਹੋਏ।
ਅਮਰੀਕਾ ਵਿਚ 11 ਸਤੰਬਰ 2000 ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ‘ਤੇ ਹਮਲੇ ਕੀਤੇ ਗਏ। ਆਪਣੇ ਸਟੋਰ ਦੇ ਬਾਹਰ ਬੂਟਿਆਂ ਨੂੰ ਪਾਣੀ ਦੇ ਰਿਹਾ ਐਰੀਜੋਨਾ ਵਾਸੀ ਸ. ਬਲਬੀਰ ਸਿੰਘ ਸੋਢੀ ਨੂੰ ਇਸੇ ਤਰ੍ਹਾਂ ਸਿਰਫਿਰੇ ਅਮਰੀਕੀ ਫੌਜੀ ਨੇ ਗੋਲੀ ਦਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਉਸ ਦਾ ਭਰਾ ਤੇ 5 ਹੋਰ ਸਿੱਖ ਇਸ ਨਸਲੀ ਵਿਤਕਰੇ ਕਰਕੇ ਮਾਰੇ ਗਏ। 14 ਜੂਨ 2020 ਨੂੰ ਰਾਸ਼ਟਰਪਤੀ ਅਤੇ ਟਰੰਪ ਨੇ ਸਮੂਹ ਅਮਰੀਕੀਆਂ ਨੂੰ ਗ਼ੁਲਾਮੀ ਦੀ ਬੁਰਾਈ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਸਮਾਂ ਦਸੇਗਾ ਕਿ ਅਮਰੀਕਾ ਵਿਚ ਆਮ ਵਰਗੇ ਹਾਲਾਤ ਕਦੋਂ ਬਣਨਗੇ ਤੇ ਨਸਲਵਾਦ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਂਦੇ ਹਨ।
ਸੰਪਰਕ: 91 9417533060