ਟਰੰਪ ਪ੍ਰਸ਼ਾਸਨ ‘ਚ ਵੱਡੀ ਉਥਲ -ਪੁਥਲ ! ਯੂਐਸ ਨੇਵੀ ਸੈਕਟਰੀ ਜੌਨ ਫੈਲਨ ਨੇ ਅਚਾਨਕ ਦਿੱਤਾ ਅਸਤੀਫਾ

Global Team
3 Min Read

ਵਾਸ਼ਿੰਗਟਨ ਡੀਸੀ : ਅਮਰੀਕੀ ਜਲ ਸੈਨਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਜੰਗ ਦੇ ਵਿਚਕਾਰ ਅਮਰੀਕੀ ਜਲ ਸੈਨਾ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਵਿੱਚ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਐਲਾਨ ਕੀਤਾ ਕਿ ਨੇਵੀ ਸਕੱਤਰ ਜੌਨ ਫੈਲਨ ਆਪਣਾ ਅਹੁਦਾ ਛੱਡ ਰਹੇ ਹਨ।

ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਜਲ ਸੈਨਾ ਨੇ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜੰਗਬੰਦੀ ਦੀ ਨਾਜ਼ੁਕ ਸਥਿਤੀ ਦੇ ਵਿਚਕਾਰ ਦੁਨੀਆ ਭਰ ਵਿੱਚ ਤੇਹਰਾਨ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਰੱਖਿਆ ਸਕੱਤਰ ਦੇ ਲੋਕ ਸੰਪਰਕ ਸਹਾਇਕ ਸੀਨ ਪਾਰਨੇਲ ਨੇ ‘ਐਕਸ’ (X) ‘ਤੇ ਇਸ ਸੰਬੰਧੀ ਇਕ ਬਿਆਨ ਵਿੱਚ ਫੇਲਨ ਦੀਆਂ ਸੇਵਾਵਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਲ ਸੈਨਾ ਵਿਭਾਗ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਸੀਂ ਸਕੱਤਰ ਫੇਲਨ ਦੀਆਂ ਸੇਵਾਵਾਂ ਲਈ ਧੰਨਵਾਦੀ ਹਾਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।”

ਫੇਲਨ, ਜਿਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਪਿਛਲੇ ਸਾਲ ਮਾਰਚ ਵਿੱਚ ਸੀਨੇਟ ਦੁਆਰਾ ਕੀਤੀ ਗਈ ਸੀ, ਰੱਖਿਆ ਸਕੱਤਰ ਪੀਟ ਹੇਗਸੇਥ ਦੀ ਅਗਵਾਈ ਵਿੱਚ ਪੈਂਟਾਗਨ ਤੋਂ ਕਈ ਉੱਚ-ਪੱਧਰੀ ਅਸਤੀਫ਼ਿਆਂ ਦੀ ਲੜੀ ਵਿੱਚ ਨਵਾਂ ਨਾਂ ਹਨ। ਉਨ੍ਹਾਂ ਦਾ ਜਾਣਾ ਪਿਛਲੇ ਮਹੀਨੇ ਫ਼ੌਜ ਮੁਖੀ ਜਨਰਲ ਰੈਂਡੀ ਜਾਰਜ ਅਤੇ ਦੋ ਹੋਰ ਜਰਨਲਾਂ ਨੂੰ ਹਟਾਏ ਜਾਣ ਤੋਂ ਬਾਅਦ ਹੋਇਆ ਹੈ। ਇਨ੍ਹਾਂ ਕਦਮਾਂ ਨੇ ਰੱਖਿਆ ਵਿਭਾਗ ਦੇ ਅੰਦਰੂਨੀ ਕਲੇਸ਼ ਅਤੇ ਦੋਸ਼-ਪ੍ਰਤਿਦੋਸ਼ ਦੀ ਖੇਡ ਨੂੰ ਤੇਜ਼ ਕਰ ਦਿੱਤਾ ਹੈ।

ਇਹਨਾਂ ਅਸਤੀਫ਼ਿਆਂ ਨੂੰ ਈਰਾਨ-ਅਮਰੀਕਾ ਦਰਮਿਆਨ ਚੱਲ ਰਹੇ ਫੌਜੀ ਤਣਾਅ ਅਤੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੌਰਾਨ ਪੈਂਟਾਗਨ ਵਿੱਚ ਹੋ ਰਹੇ ਵੱਡੇ ਢਾਂਚਾਗਤ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। ਜੌਨ ਫੇਲਨ ਦਾ ਇਹ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਰੱਖਿਆ ਵਿਭਾਗ ਵਿੱਚ ਲਗਾਤਾਰ ਲੀਡਰਸ਼ਿਪ ਪੱਧਰ ‘ਤੇ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਦੇ ਅਹੁਦਾ ਛੱਡਣ ਨਾਲ ਨੇਵੀ ਦੇ ਪ੍ਰਸ਼ਾਸਨਿਕ ਅਤੇ ਰਣਨੀਤਕ ਫੈਸਲਿਆਂ ‘ਤੇ ਵੀ ਅਸਰ ਪੈ ਸਕਦਾ ਹੈ। ਫਿਲਹਾਲ ਉਨ੍ਹਾਂ ਦੇ ਅਸਤੀਫ਼ੇ ਦੇ ਪਿੱਛੇ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ‘ਤੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਉਨ੍ਹਾਂ ਦੇ ਜਾਣ ਤੋਂ ਬਾਅਦ, ਅੰਡਰ ਸੈਕਟਰੀ ਹੰਗ ਕਾਓ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਕਾਓ ਜਲ ਸੈਨਾ ਵਿੱਚ 25 ਸਾਲਾਂ ਦਾ ਜੰਗੀ ਤਜ਼ਰਬਾ ਰੱਖਣ ਵਾਲੇ ਇੱਕ ਤਜ਼ਰਬੇਕਾਰ ਅਧਿਕਾਰੀ ਹਨ।

Share This Article
Leave a Comment