ਵਾਸ਼ਿੰਗਟਨ: ਅਮਰੀਕਾ ਵੱਲੋਂ ਭਾਰਤੀ ਲੋਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਵੀਜਾ ਇੰਟਰਵਿਊ ਦੀ ਸ਼ਰਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਵੱਖ-ਵੱਖ ਮੁਲਕਾਂ ‘ਚ ਸਥਿਤ ਅੰਬੈਸੀਆਂ ਨੂੰ ਆਪਣੀ ਸਹੂਲਤ ਮੁਤਾਬਕ ਵੀਜ਼ਾ ਇੰਟਰਵਿਊ ਤੋਂ ਛੋਟ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਵੀਜਾ ਰਿਫਿਊਜ਼ਲ ਵਾਲੇ ਕੇਸਾਂ ‘ਚ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਤਰੀਕੇ ਨਾਲ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਘਟਾਉਣ ਵਿਚ ਮਦਦ ਮਿਲੇਗੀ ਅਤੇ ਬਿਨੈਕਾਰਾਂ ਦਾ ਉਡੀਕ ਸਮਾਂ ਵੀ ਘਟ ਜਾਵੇਗਾ। ਅੰਬੈਸੀ ਨੇ ਕਿਹਾ ਕਿ ਜਿਹੜੇ ਲੋਕ ਆਪਣਾ ਵੀਜ਼ਾ ਐਕਸਪਾਇਰ ਹੋਣ ਤੋਂ 48 ਮਹੀਨੇ ਦੇ ਅੰਦਰ ਇਸ ਨੂੰ ਨਵਿਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ‘ਤੇ ਇੰਟਰਵਿਊ ਤੋਂ ਛੋਟ ਦਿੱਤੀ ਜਾਵੇਗੀ।
ਅਮਰੀਕਾ ਸਰਕਾਰ ਵੱਲੋਂ ਤਕਰੀਬਨ ਹਰ ਵੀਜ਼ਾ ਸ਼੍ਰੇਣੀ ਵਿਚ ਇੰਟਰਵਿਊ ਤੋਂ ਛੋਟ ਦਿੱਤੀ ਗਈ ਹੈ, ਜਿਨ੍ਹਾਂ ‘ਚ ਐਫ, ਐਚ-1, ਐਚ-3, ਐਚ-4, ਨੋਨ ਬਲੈਂਕਟ ਐਲ, ਐਮ.ਓ.ਪੀ ਅਤੇ ਕਿਉਂ ਸ਼੍ਰੇਣੀਆਂ ਸ਼ਾਮਲ ਹਨ। ਸਿਰਫ ਐਨਾ ਹੀ ਨਹੀਂ ਸਟੱਡੀ ਵੀਜ਼ਾ ਦੇ ਮਾਮਲੇ ‘ਚ ਵੀ ਇੰਟਰਵਿਊ ਤੋਂ ਛੋਟ ਮਿਲ ਸਕਦੀ ਹੈ ਜੇ ਬਿਨੈਕਾਰ ਨੂੰ ਅਤੀਤ ‘ਚ ਕਿਸੇ ਵੀ ਸ਼੍ਰੇਣੀ ਦਾ ਵੀਜ਼ਾ ਜਾਰੀ ਕੀਤਾ ਗਿਆ ਹੋਵੇ। ਬਗੈਰ ਇੰਟਰਵਿਊ ਤੋਂ ਵੀਜ਼ਾ ਮੰਗਣ ਵਾਲਿਆਂ ਨੂੰ ਵੀਜ਼ਾ ਅਰਜ਼ੀ ਕੇਂਦਰ ‘ਚ ਪਾਸਪੋਰਟ ਜਮ੍ਹਾਂ ਕਰਵਾਉਣ ਤੋਂ ਪਾਸਪੋਰਟ ਜਾਰੀ ਹੋਣ ਤੱਕ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ।
ਇਥੇ ਦੱਸਣਾ ਬਣਦਾ ਹੈ ਕਿ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਮੌਜੂਦਾ ਵਰ੍ਹੇ ਦੌਰਾਨ 10 ਲੱਖ ਵਿਜ਼ਟਰ ਵੀਜ਼ੇ ਜਾਰੀ ਕਰਨਾ ਚਾਹੁੰਦੀ ਹੈ ਅਤੇ ਵੱਡੀ ਗਿਣਤੀ ‘ਚ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਬਗੈਰ ਇੰਟਰਵਿਊ ਤੋਂ ਹੀ ਸੰਭਵ ਹੈ। ਭਾਰਤੀ ਵਿਦਿਆਰਥੀਆਂ ਦੀ ਸਹੂਲਤ ਲਈ ਅੰਬੈਸੀ ਵੱਲੋਂ ਇੱਕ ਸਾਲ ਪਹਿਲਾਂ ਇੰਟਰਵਿਊ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮੌਕੇ ‘ਤੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਅਮਰੀਕਾ ਦੀ ਵੀਜ਼ਾ ਮੁਕਤ ਸਫ਼ਰ ਵਾਲੀ ਯੋਜਨਾ ਤਹਿਤ 40 ਮੁਲਕਾਂ ਦੇ ਨਾਗਰਿਕਾਂ ਨੂੰ ਬਗੈਰ ਵੀਜ਼ਾ ਤੋਂ 90 ਦਿਨ ਤੱਕ ਰਹਿਣ ਦੀ ਇਜਾਜ਼ਤ ਹੈ। ਇਸ ਦੇ ਇਵਜ਼ ਵਿਚ ਇਹ 40 ਮੁਲਕ ਅਮਰੀਕੀ ਨਾਗਰਿਕਾਂ ਨੂੰ ਬਗੈਰ ਵੀਜ਼ਾ ਤੋਂ ਕਾਰੋਬਾਰੀ ਜਾਂ ਸੈਰ ਸਪਾਟੇ ਦੇ ਮਕਸਦ ਨਾਲ ਆਉਣ ਦੀ ਇਜਾਜ਼ਤ ਦਿੰਦੇ ਹਨ।