ਨਿਊਜ਼ ਡੈਸਕ: ਸੋਮਵਾਰ ਨੂੰ ਅਮਰੀਕਾ ਨੇ ਯਮਨ ਵਿੱਚ ਹੂਤੀ ਵਿਦਰੋਹੀਆਂ ਦੇ ਠਿਕਾਣਿਆਂ ‘ਤੇ ਭਾਰੀ ਹਵਾਈ ਹਮਲੇ ਕੀਤੇ। ਇਸ ਹਮਲੇ ਵਿੱਚ ਹੂਤੀ ਲੀਡਰ ਦੇ ਸੁਰੱਖਿਆ ਮੁਖੀ ਦੀ ਮੌਤ ਹੋ ਗਈ। ਹੂਤੀਆਂ ਨੇ ਦਾਅਵਾ ਕੀਤਾ ਕਿ ਸ਼ਨੀਵਾਰ ਤੋਂ ਸ਼ੁਰੂ ਹੋਏ ਅਮਰੀਕੀ ਹਮਲਿਆਂ ‘ਚ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ 100 ਦੇ ਕਰੀਬ ਜ਼ਖ਼ਮੀ ਹੋਏ। ਇਹ ਹਮਲੇ ਅਮਰੀਕੀ ਨੌਸੈਨਾ ਦੇ ਯੂ.ਐਸ. ਸੈਂਟਰਲ ਕਮਾਂਡ (CENTCOM) ਵੱਲੋਂ ਕੀਤੇ ਗਏ।
ਅਮਰੀਕੀ NSA ਨੇ ਕੀਤੀ ਪੁਸ਼ਟੀ
ਸੋਮਵਾਰ ਨੂੰ ABC ਨਾਲ ਗੱਲਬਾਤ ਦੌਰਾਨ, ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਕਿਹਾ ਕਿ “ਅਮਰੀਕੀ ਹਮਲਿਆਂ ਨੇ ਕਈ ਹੂਤੀ ਆਗੂਆਂ ਨੂੰ ਮਾਰ ਦਿੱਤਾ ਹੈ।” ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਯਮਨ ‘ਚ ਹੂਤੀਆਂ ਖ਼ਿਲਾਫ਼ ਹਮਲੇ ਲਗਾਤਾਰ ਜਾਰੀ ਰਹਿਣਗੇ, ਜਦ ਤੱਕ ਇਹ ਸਮੂਹ ਅਮਰੀਕੀ ਸੰਪਤੀਆਂ ਅਤੇ ਵਿਸ਼ਵ ਵਪਾਰ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਆਪਣੀਆਂ ਕਾਰਵਾਈਆਂ ਨਹੀਂ ਰੋਕਦਾ।
ਹੂਤੀਆਂ ਵੱਲੋਂ ਅਮਰੀਕੀ ਜਹਾਜ਼ਾਂ ‘ਤੇ ਹਮਲੇ ਦਾ ਦਾਅਵਾ
ਹੂਤੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲਾਲ ਸਮੁੰਦਰ ‘ਚ ਮੌਜੂਦ ਅਮਰੀਕੀ ਜਹਾਜ਼ਾਂ ‘ਤੇ ਹਮਲਾ ਕੀਤਾ, ਜਿਸ ਵਿੱਚ USS Harry S. Truman ਵੀ ਸ਼ਾਮਲ ਹੈ। ਅਮਰੀਕਾ ਨੇ ਕਿਹਾ ਕਿ ਉਨ੍ਹਾਂ ਨੇ ਹੂਤੀਆਂ ਦੇ 11 ਡਰੋਨ ਮਾਰ ਗਿਰਾਏ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਹਮਲੇ “ਕਈ ਦਿਨਾਂ, ਸੰਭਾਵਤ ਹਫ਼ਤਿਆਂ” ਤੱਕ ਚੱਲ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਯਮਨ ‘ਚ ਹੂਤੀ ਵਿਦਰੋਹੀਆਂ ਦੇ ਠਿਕਾਣਿਆਂ ‘ਤੇ ਲਗਾਤਾਰ ਹਵਾਈ ਹਮਲਿਆਂ ਦਾ ਹੁਕਮ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਹੂਤੀ ਵਿਦਰੋਹੀ ਮਹੱਤਵਪੂਰਨ ਸਮੁੰਦਰੀ ਮਾਰਗ ‘ਤੇ ਵਪਾਰਕ ਜਹਾਜ਼ਾਂ ‘ਤੇ ਹਮਲੇ ਬੰਦ ਨਹੀਂ ਕਰਦੇ, ਉਨ੍ਹਾਂ ‘ਤੇ “ਪੂਰੀ ਤਾਕਤ” ਨਾਲ ਹਮਲੇ ਜਾਰੀ ਰਹਿਣਗੇ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਾਡੇ ਬਹਾਦੁਰ ਸੈਨਿਕ ਅਮਰੀਕੀ ਜਲਮਾਰਗ, ਹਵਾਈ ਅਤੇ ਨੌਸੈਨਾ ਸੰਪਤੀਆਂ ਦੀ ਰੱਖਿਆ ਕਰਨ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਅੱਤਵਾਦੀਆਂ ਦੇ ਠਿਕਾਣਿਆਂ, ਉਨ੍ਹਾਂ ਦੇ ਮਦਦਗਾਰਾਂ ਅਤੇ ਮਿਸਾਈਲ ਪ੍ਰਣਾਲੀ ‘ਤੇ ਹਮਲੇ ਕਰ ਰਹੇ ਹਨ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।