ਅਮਰੀਕਾ ਸ਼ਟਡਾਊਨ: 5,000 ਉਡਾਣਾਂ ਰੱਦ, ਬਗੈਰ ਤਨਖਾਹ ਕੰਮ ਕਰ ਰਹੇ ਨੇ ਮੁਲਾਜ਼ਮ

Global Team
3 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਦੇ 38 ਦਿਨ ਬੀਤ ਚੁੱਕੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਹਵਾਈ ਯਾਤਰਾ ‘ਤੇ ਪੈ ਰਿਹਾ ਹੈ। ਇੱਥੇ ਸ਼ੁੱਕਰਵਾਰ ਨੂੰ 5,000 ਤੋਂ ਵੱਧ ਉਡਾਣਾਂ ਰੱਦ ਜਾਂ ਲੇਟ ਹੋਈਆਂ ਹਨ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਪਿਛਲੇ ਦਿਨੀਂ 40 ਵੱਡੇ ਹਵਾਈ ਅੱਡਿਆਂ ‘ਤੇ ਉਡਾਣਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਜਿਸ ਵਿੱਚ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦੇ ਵੱਡੇ ਏਅਰਪੋਰਟ ਸ਼ਾਮਲ ਹਨ। ਇਹ 40 ਵਿੱਚੋਂ ਜ਼ਿਆਦਾਤਰ ਅਮਰੀਕਾ ਦੇ ਸਭ ਤੋਂ ਵਿਅਸਤ ਹੱਬ ਹਨ।

ਥੈਂਕਸਗਿਵਿੰਗ ਵੀਕ ਦੀਆਂ ਛੁੱਟੀਆਂ ਤੋਂ ਪਹਿਲਾਂ ਯਾਤਰਾ ਕਰਨ ਵਾਲੇ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਰਾਇਟਰਜ਼ ਦੀਆਂ ਰਿਪੋਰਟਾਂ ਮੁਤਾਬਕ ਕਈ ਵੱਡੀਆਂ ਏਅਰਲਾਈਨਾਂ ਨੇ ਪਹਿਲਾਂ ਹੀ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਸ ਵਿੱਚ ਰੀਜਨਲ ਅਤੇ ਮੁੱਖ ਰੂਟ ਸ਼ਾਮਲ ਹਨ ਪਰ ਅੰਤਰਰਾਸ਼ਟਰੀ ਉਡਾਣਾਂ ਇਸ ਤੋਂ ਬਚੀਆਂ ਰਹਿਣਗੀਆਂ। FAA ਨੇ ਕਿਹਾ ਕਿ ਇਹ ਕਦਮ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਕਮੀ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਿਨਾਂ ਤਨਖਾਹ ਨਾਲ ਕੰਮ ਕਰ ਰਹੇ ਹਨ।

ਉਡਾਣਾਂ ਵਿੱਚ ਕਟੌਤੀ ਹੌਲੀ-ਹੌਲੀ ਵਧੇਗੀ ਅਤੇ ਇਸ ਨਾਲ ਰੋਜ਼ਾਨਾ 1,800 ਉਡਾਣਾਂ ਰੱਦ ਹੋਣ ਦਾ ਖ਼ਤਰਾ ਹੈ ਜਿਸ ਨਾਲ 2.68 ਲੱਖ ਲੋਕ ਪ੍ਰਭਾਵਿਤ ਹੋਣਗੇ। ਸ਼ੁੱਕਰਵਾਰ ਤੋਂ 4% ਉਡਾਣਾਂ ਘੱਟ ਹੋਣਗੀਆਂ ਅਤੇ 14 ਨਵੰਬਰ ਤੱਕ ਇਹ 10% ਤੱਕ ਪਹੁੰਚ ਜਾਵੇਗੀ ਜੋ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗੀ ਅਤੇ ਘਰੇਲੂ ਉਡਾਣਾਂ ਨੂੰ ਨਿਸ਼ਾਨਾ ਬਣਾਏਗੀ। ਐਕਸਪਰਟਾਂ ਮੁਤਾਬਕ ਇਹ ਵੱਡੀ ਚੁਣੌਤੀ ਹੈ ਅਤੇ ਡੈਲਟਾ ਏਅਰਲਾਈਨਜ਼ ਨੇ ਸ਼ੁੱਕਰਵਾਰ ਲਈ 170 ਉਡਾਣਾਂ ਰੱਦ ਕੀਤੀਆਂ ਜਦਕਿ ਯੂਨਾਈਟਡ ਏਅਰਲਾਈਨਜ਼ ਨੇ 200 ਅਤੇ ਅਮਰੀਕਨ ਏਅਰਲਾਈਨਜ਼ ਨੇ 220 ਉਡਾਣਾਂ ਘੱਟ ਕੀਤੀਆਂ ਜੋ ਉਨ੍ਹਾਂ ਦੇ ਸ਼ੁੱਕਰਵਾਰ ਦੇ ਸ਼ੈਡਿਊਲ ਦਾ 4% ਹੈ। ਸਾਊਥਵੈਸਟ ਏਅਰਲਾਈਨਜ਼ ਨੇ ਵੀ 100 ਉਡਾਣਾਂ ਰੱਦ ਕੀਤੀਆਂ ਹਨ। ਏਅਰਲਾਈਨਜ਼ ਫਾਰ ਅਮਰੀਕਾ ਨੇ ਕਿਹਾ ਕਿ ਉਹ ਸਰਕਾਰ ਨਾਲ ਮਿਲ ਕੇ ਯਾਤਰੀਆਂ ਦੀਆਂ ਮੁਸ਼ਕਲਾਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ FAA ਨੇ ਕਿਹਾ ਕਿ ਏਅਰਲਾਈਨਾਂ ਖੁਦ ਫੈਸਲਾ ਕਰਨਗੀਆਂ ਕਿ ਕਿਹੜੀਆਂ ਉਡਾਣਾਂ ਰੱਦ ਕਰਨੀਆਂ ਹਨ।

ਫਰੰਟੀਅਰ ਸਮੇਤ ਕਈ ਵੱਡੀਆਂ ਏਅਰਲਾਈਨਾਂ ਨੇ ਅਗਲੇ 10 ਦਿਨਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਫਰੰਟੀਅਰ ਏਅਰਲਾਈਨਜ਼ ਦੇ ਸੀਈਓ ਬੈਰੀ ਬਿਫਲ ਨੇ ਇੰਸਟਾਗ੍ਰਾਮ ‘ਤੇ ਕਿਹਾ ਕਿ ਜੇਕਰ ਤੁਸੀਂ ਸ਼ੁੱਕਰਵਾਰ ਜਾਂ ਅਗਲੇ 10 ਦਿਨਾਂ ਵਿੱਚ ਉਡਾਣ ਭਰਨ ਵਾਲੇ ਹੋ ਤਾਂ ਬੈਕਅਪ ਟਿਕਟ ਬੁੱਕ ਕਰ ਲਓ ਅਤੇ ਦੂਜੀ ਏਅਰਲਾਈਨ ਨਾਲ ਈਕੋਨਾਮੀ ਟਿਕਟ ਲਓ ਜੋ ਮੁਫ਼ਤ ਹੈ। ਅਮਰੀਕਨ, ਡੈਲਟਾ, ਸਾਊਥਵੈਸਟ, ਯੂਨਾਈਟਡ ਅਤੇ ਫਰੰਟੀਅਰ ਨੇ ਵੀ ਛੋਟਾਂ ਦਿੱਤੀਆਂ ਹਨ ਜਿਸ ਨਾਲ ਲੋਕ ਬਿਨਾਂ ਵਾਧੂ ਫੀਸ ਤੋਂ ਟਿਕਟ ਬਦਲ ਸਕਦੇ ਹਨ। ਕੰਪਨੀ ਨੇ ਕਿਹਾ ਕਿ ਥਰਡ-ਪਾਰਟੀ ਵੈੱਬਸਾਈਟ ਤੋਂ ਨਾ ਬੁੱਕ ਕਰੋ ਬਲਕਿ ਸਿੱਧੇ ਏਅਰਲਾਈਨ ਤੋਂ ਕਰੋ ਅਤੇ ਜੇਕਰ ਉਡਾਣ ਰੱਦ ਹੋ ਜਾਂਦੀ ਹੈ ਤਾਂ ਰਿਫੰਡ ਮਿਲੇਗਾ ਪਰ ਹੋਟਲ ਜਾਂ ਹੋਰ ਖਰਚੇ ਕਵਰ ਨਹੀਂ ਹੋਣਗੇ।

Share This Article
Leave a Comment