ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਵੱਡੇ ਦੇਸ਼ਾਂ ‘ਤੇ ਵਾਧੂ ਟੈਰਿਫ ਲਗਾ ਦਿੱਤੇ ਹਨ। ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ‘ਤੇ 25-25 ਫੀਸਦੀ ਅਤੇ ਚੀਨ ‘ਤੇ 10 ਫੀਸਦੀ ਟੈਰਿਫ ਲਗਾਇਆ ਹੈ। ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਾਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਵਪਾਰਕ ਨੁਕਸਾਨ ਹੋਇਆ ਹੈ। ਟਰੰਪ ਨੇ ਕਿਹਾ ਕਿ ਉਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਕੀ ਤੇਲ ਨੂੰ ਉਨ੍ਹਾਂ ਵਸਤਾਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ‘ਤੇ ਟੈਰਿਫ ਲਗਾਏ ਜਾਣਗੇ। ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਮੀਡੀਆ ਨੂੰ ਕਿਹਾ, ਸਾਨੂੰ ਅਜਿਹਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਸਾਨੂੰ ਇਨ੍ਹਾਂ ਦੇਸ਼ਾਂ ਤੋਂ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਟੈਰਿਫ ਸਮੇਂ ਦੇ ਨਾਲ ਵਧ ਸਕਦੇ ਹਨ ਜਾਂ ਨਹੀਂ ਵੀ। ਉਨ੍ਹਾਂ ਨੇ ਟੈਰਿਫ ਦੇ ਕਾਰਨਾਂ ਵਜੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਘਾਟੇ ਦੇ ਰੂਪ ਵਿੱਚ ਕੈਨੇਡਾ ਅਤੇ ਮੈਕਸੀਕੋ ਨੂੰ ਦਿੱਤੀਆਂ ਵੱਡੀਆਂ ਸਬਸਿਡੀਆਂ ਦਾ ਹਵਾਲਾ ਦਿੱਤਾ ਹੈ।
ਤਿੰਨਾਂ ਦੇਸ਼ਾਂ ‘ਤੇ ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਾਡੀਆਂ ਧਮਕੀਆਂ ਸਿਰਫ ਸੌਦੇਬਾਜ਼ੀ ਲਈ ਨਹੀਂ ਹਨ। ਇਨ੍ਹਾਂ ਤਿੰਨਾਂ ਮੁਲਕਾਂ ਕਾਰਨ ਅਮਰੀਕਾ ਵਿੱਚ ਬਹੁਤ ਵੱਡਾ ਕਾਰੋਬਾਰੀ ਨੁਕਸਾਨ ਹੋਇਆ ਸੀ। ਅਸੀਂ ਅੱਗੇ ਇਹ ਵੀ ਦੇਖਾਂਗੇ ਕਿ ਇਸ ਨੂੰ ਵਧਾਉਣ ਦੀ ਲੋੜ ਹੈ ਜਾਂ ਨਹੀਂ। ਪਰ ਹੁਣ ਬਹੁਤ ਸਾਰਾ ਪੈਸਾ ਅਮਰੀਕਾ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਤੋਂ ਸਾਡੇ ਦੇਸ਼ ’ਚ ਗ਼ੈਰ ਕਾਨੂੰਨੀ ਫੈਂਟਾਨਿਲ (ਡਰੱਗ) ਪਹੁੰਚ ਰਿਹਾ ਹੈ, ਜਿਸ ਨਾਲ ਲੱਖਾਂ ਅਮਰੀਕੀ ਮਾਰੇ ਗਏ ਹਨ। ਇਹ ਨੀਤੀ ਅਮਰੀਕਾ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਗ਼ੈਰ-ਕਾਨੂੰਨੀ ਆਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੀ ਗਈ ਹੈ। ਹਾਲਾਂਕਿ, ਇਸ ਦਾ ਅਸਰ ਅਮਰੀਕੀ ਖਪਤਕਾਰਾਂ ’ਤੇ ਪੈ ਸਕਦਾ ਹੈ ਕਿਉਂਕਿ ਮਹਿੰਗੇ ਆਯਾਤ ਨਾਲ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਇਲੈਕਟਰਾਨਿਕਸ, ਕਪੜੇ ਅਤੇ ਹੋਰ ਖਪਤਕਾਰ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ, ਅਮਰੀਕੀ ਕੰਪਨੀਆਂ ਨੂੰ ਉਤਪਾਦਨ ਲਾਗਤ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੈਨੇਡਾ ਟੈਰਿਫ ਦਾ ਜਵਾਬ ਦੇਵੇਗਾ: ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਟੈਰਿਫ ਲਗਾਇਆ ਤਾਂ ਉਹ ਜ਼ੋਰਦਾਰ ਜਵਾਬ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਔਖੇ ਸਮੇਂ ਲਈ ਤਿਆਰ ਰਹਿਣ ਲਈ ਕਿਹਾ ਹੈ। ਕੈਨੇਡਾ-ਅਮਰੀਕਾ ਸਬੰਧਾਂ ਬਾਰੇ ਸਲਾਹਕਾਰ ਕੌਂਸਲ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ ਕਿ ਕੈਨੇਡਾ ਨਾਜ਼ੁਕ ਸਮੇਂ ਵਿੱਚੋਂ ਲੰਘ ਰਿਹਾ ਹੈ। ਦੇਸ਼ ਜਵਾਬ ਲਈ ਤਿਆਰ ਹੈ, ਜੋ ਉਦੇਸ਼ਪੂਰਨ, ਜ਼ਬਰਦਸਤ ਪਰ ਢੁਕਵਾਂ ਅਤੇ ਤੁਰੰਤ ਹੋਵੇਗਾ। ਅਸੀਂ ਇਹ ਨਹੀਂ ਚਾਹੁੰਦੇ ਪਰ ਜੇਕਰ ਉਹ ਅੱਗੇ ਵਧਦੇ ਹਨ ਤਾਂ ਅਸੀਂ ਵੀ ਕਾਰਵਾਈ ਕਰਾਂਗੇ। ਫਿਲਹਾਲ ਸਾਰੇ ਵਿਕਲਪ ਖੁੱਲ੍ਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।