ਟਰੰਪ ਦੀ ਧਮਕੀ ਮਗਰੋਂ ਅਮਰੀਕਾ-ਈਰਾਨ ਦੀ ਚੱਲੀ 3 ਘੰਟੇ ਗੱਲਬਾਤ, ਈਰਾਨ ਨੇ ਰੱਖੀਆਂ ਇਹ ਸ਼ਰਤਾਂ

Global Team
3 Min Read

ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਮੰਗਲਵਾਰ ਨੂੰ ਨਿਊਯਾਰਕ ਵਿੱਚ ਅਮਰੀਕਾ ਅਤੇ ਈਰਾਨ ਦੇ ਅਧਿਕਾਰੀਆਂ ਵਿਚਾਲੇ ਲਗਭਗ 3 ਘੰਟੇ ਤੱਕ ਅਹਿਮ ਗੱਲਬਾਤ ਹੋਈ। ਇਸ ਦੌਰਾਨ ਅਮਰੀਕਾ ਵੱਲੋਂ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਈਰਾਨ ਵੱਲੋਂ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸ਼ਾਮਲ ਰਹੇ। ਕਤਰ ਦੇ ਅਧਿਕਾਰੀਆਂ ਨੇ ਦੋਵਾਂ ਧਿਰਾਂ ਵਿਚਾਲੇ ਵਿਚੋਲਗੀ ਦੀ ਭੂਮਿਕਾ ਨਿਭਾਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੱਲਬਾਤ ਨੂੰ ਚੰਗੀ ਦੱਸਦਿਆਂ ਕਿਹਾ ਕਿ ਦੋਵੇਂ ਪੱਖ ਜਲਦ ਹੀ ਇੱਕ ਹੋਰ ਮੀਟਿੰਗ ਕਰਨਗੇ।

ਵਿਚੋਲਿਆਂ ਰਾਹੀਂ ਹੋਈ ਗੱਲਬਾਤ

ਗੱਲਬਾਤ ਤੋਂ ਬਾਅਦ ਸਟੀਵ ਵਿਟਕੌਫ ਨੇ ਕਿਹਾ ਕਿ ਉਹ ਇਸ ਮੀਟਿੰਗ ਤੋਂ ਬਾਅਦ ਚੰਗਾ ਮਹਿਸੂਸ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਈਰਾਨੀ ਅਧਿਕਾਰੀਆਂ ਨਾਲ ਸਿੱਧੀ ਮੁਲਾਕਾਤ ਨਹੀਂ ਹੋਈ। ਗੱਲਬਾਤ ਵਿੱਚ ਟਰੰਪ ਦੇ ਜਵਾਈ ਜੇਰਡ ਕੁਸ਼ਨਰ ਵੀ ਸ਼ਾਮਲ ਸਨ।

ਵਿਟਕੌਫ ਮੁਤਾਬਕ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਵਿਚੋਲਿਆਂ ਰਾਹੀਂ ਹੁੰਦਾ ਰਿਹਾ। ਵਿਚੋਲੇ ਪੂਰੇ ਦਿਨ ਦੋਵਾਂ ਧਿਰਾਂ ਵਿਚਕਾਰ ਸੰਦੇਸ਼ ਲੈ ਕੇ ਆਉਂਦੇ-ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਇੱਕ ਦੌਰ ਪੂਰਾ ਹੋ ਚੁੱਕਾ ਹੈ ਅਤੇ ਵਿਚੋਲੇ ਅੱਗੇ ਵੀ ਦੋਵਾਂ ਪੱਖਾਂ ਵਿਚਾਲੇ ਸੰਪਰਕ ਬਣਾਈ ਰੱਖਣਗੇ।

ਟਰੰਪ ਦੀ ਈਰਾਨ ਨੂੰ ਸਖ਼ਤ ਚੇਤਾਵਨੀ

ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਈਰਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਉਸਦੇ ਸਾਹਮਣੇ ਹੁਣ ਦੋ ਰਸਤੇ ਹਨ ਅਮਰੀਕਾ ਨਾਲ ਸਮਝੌਤਾ ਕਰਨਾ ਜਾਂ ਗੰਭੀਰ ਫੌਜੀ ਕਾਰਵਾਈ ਲਈ ਤਿਆਰ ਰਹਿਣਾ।

ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਨਹੀਂ ਹੁੰਦਾ ਅਤੇ ਟਕਰਾਅ ਜਾਰੀ ਰਹਿੰਦਾ ਹੈ ਤਾਂ ਅਮਰੀਕਾ ਈਰਾਨ ਨੂੰ ਤਬਾਹ ਕਰ ਸਕਦਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਸ਼ਾਂਤੀ ਸਮਝੌਤੇ ਜਾਂ ਮੁੜ ਫੌਜੀ ਕਾਰਵਾਈ ਵਿਚੋਂ ਕਿਸੇ ਇੱਕ ਰਸਤੇ ’ਤੇ ਜਾ ਸਕਦਾ ਹੈ। ਉਨ੍ਹਾਂ ਈਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਆਉਣ ਅਤੇ ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਵੀ ਕਿਹਾ।

ਹੋਰਮੁਜ਼ ਸਟ੍ਰੇਟ ਲਈ ਈਰਾਨ ਦੀਆਂ ਸ਼ਰਤਾਂ

ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ, ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਕਿਹਾ ਕਿ ਜੇਕਰ ਅਮਰੀਕਾ ਫੌਜੀ ਅਤੇ ਆਰਥਿਕ ਦਬਾਅ ਘਟਾਉਣ ਲਈ ਕਦਮ ਚੁੱਕਦਾ ਹੈ ਤਾਂ ਈਰਾਨ 7 ਦਿਨਾਂ ਦੇ ਅੰਦਰ ਹੋਰਮੁਜ਼ ਸਟ੍ਰੇਟ ਖੋਲ੍ਹ ਸਕਦਾ ਹੈ।

ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਅੱਬਾਸ ਅਰਾਘਚੀ ਨੇ ਅਮਰੀਕੀ ਅਧਿਕਾਰੀਆਂ ਸਾਹਮਣੇ ਸਟ੍ਰੇਟ ਖੋਲ੍ਹਣ ਲਈ ਕੁਝ ਸ਼ਰਤਾਂ ਰੱਖੀਆਂ ਹਨ। ਈਰਾਨ ਨੇ ਮੰਗ ਕੀਤੀ ਹੈ ਕਿ ਅਮਰੀਕਾ ਤੁਰੰਤ ਸਮੁੰਦਰੀ ਨਾਕਾਬੰਦੀ ਹਟਾਏ ਅਤੇ ਵਿਦੇਸ਼ਾਂ ਵਿੱਚ ਜਮ੍ਹਾਂ ਕੀਤੀਆਂ ਈਰਾਨੀ ਜਾਇਦਾਦਾਂ ਨੂੰ ਜਾਰੀ ਕਰੇ। ਇਸ ਤੋਂ ਇਲਾਵਾ ਲੇਬਨਾਨ ਸਮੇਤ ਸਾਰੇ ਮੋਰਚਿਆਂ ’ਤੇ ਜੰਗ ਖ਼ਤਮ ਕਰਨ ਦੀ ਮੰਗ ਵੀ ਰੱਖੀ ਗਈ ਹੈ।

ਹੋਰਮੁਜ਼ ਸਟ੍ਰੇਟ ਦੁਨੀਆ ਦੇ ਮਹੱਤਵਪੂਰਨ ਤੇਲ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ। ਇਹ ਜਲਮਾਰਗ ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਦਾ ਹੈ ਅਤੇ ਇਸ ਰਾਹੀਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਈ ਜਾਂਦੀ ਹੈ।

Share This Article
Leave a Comment