ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੇ ਇਤਿਹਾਸ ‘ਚ 11 ਸਤੰਬਰ ਦਾ ਦਿਨ ਕਾਲੇ ਅੱਖਰਾਂ ‘ਚ ਦਰਜ ਹੈ। ਇਸ ਦਿਨ 2001 ਵਿੱਚ ਹੋਏ ਜਬਰਦਸਤ ਅੱਤਵਾਦੀ ਹਮਲੇ ਨੇ ਵਿਸ਼ਵ ਸਕਤੀ ਅਮਰੀਕਾ ਨੂੰ ਕੰਬਾ ਦਿੱਤਾ ਸੀ, ਜਿਸਨੇ ਤਕਰੀਬਨ 3000 ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅੱਜ ਇਸ ਹਮਲੇ ਦੀ 20ਵੀਂ ਬਰਸੀ ਹੈ ਅਤੇ ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਅਮਰੀਕੀਆਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਬਾਇਡਨ ਨੇ ਕਿਹਾ ਕਿ 11 ਸਤੰਬਰ, 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿੰਨ੍ਹਾਂ ਨੂੰ ਅਸੀਂ ਗਵਾ ਦਿੱਤਾ ਸੀ। ਅਸੀਂ ਇਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹਾਂ।

ਅਮਰੀਕਾ ‘ਚ ਹੋਏ 9/11 ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਮੌਕੇ ਰਾਸ਼ਟਰਪਤੀ ਬਾਇਡਨ ਨੇ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ
ਇਸ ਹਮਲੇ ਦੀ ਬਰਸੀ ‘ਤੇ ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਵੀ ਅੱਤਵਾਦ ਨੂੰ ਹਰ ਤਰ੍ਹਾਂ ਨਾਲ ਰੋਕਣ ਤੇ ਮੁਕਾਬਲਾ ਕਰਨ ਦੀ ਵਚਨਬੱਧਤਾ ਦੁਹਰਾਈ। ਯੂਨਾਈਟਿਡ ਨੇਸ਼ਨਜ਼ ‘ਚ ਭਾਰਤ ਦੇ ਪ੍ਰਤੀਨਿਧੀ ਟੀ ਐਸ ਤ੍ਰਿਮੂਰਤੀ ਨੇ ਨਿਊਯਾਰਕ ਦੇ ਗ੍ਰਾਊਂਡ ਜ਼ੀਰੋ ‘ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਸਾਲ 2001 ਨੂੰ 11 ਸਤੰਬਰ ਦੇ ਦਿਨ ਅਲ ਕਾਇਦਾ ਦੇ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲੀ ਹਥਿਆਰ ਦੀ ਤਰ੍ਹਾਂ ਵਰਤੋਂ ਕਰਦਿਆਂ ਅਮਰੀਕਾ ਦੇ ਮਸ਼ਹੂਰ ਵਰਲਡ ਟ੍ਰੇਡ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿੱਚ ਹਜਾਰਾਂ ਅਮਰੀਕੀਆਂ ਦੀ ਜਾਨ ਚਲੀ ਗਈ ਸੀ।ਇਸ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੇ ਤੌਰ ‘ਤੇ ਦੇਖਿਆ ਜਾਂਦਾ ਹੈ।