ਵਾਸ਼ਿੰਗਟਨ: ਅਮਰੀਕਾ ‘ਚ ਲਗਭਗ 70 ਸਾਲ ਬਾਅਦ ਕਿਸੇ ਮਹਿਲਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ। 52 ਸਾਲਾ ਲੀਜ਼ਾ ਮੋਂਟਗੋਮੇਰੀ ਨੂੰ ਇੱਕ ਗਰਭਵਤੀ ਮਹਿਲਾ ਦਾ ਕਤਲ ਕਰ ਕੇ ਉਸਦੇ ਗਰਭ ਵਿਚੋਂ ਬੱਚਾ ਕੱਢ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਲੀਜ਼ਾ ਨੂੰ ਜ਼ਹਿਰੀਲਾ ਟੀਕਾ ਲਗਾਉਣ ਤੋਂ ਬਾਅਦ 1.31 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ।
ਦਰਅਸਲ ਮਾਮਲਾ ਸਾਲ 2004 ਦਾ ਹੈ ਜਦੋਂ ਲੀਜ਼ਾ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾ ਬੌਬੀ ਸਟੀਨੇਟ ਦੇ ਮਸੌਰੀ ਸਥਿਤ ਘਰ ‘ਚ ਪੁੱਜੀ ਸੀ। ਇਸ ਤੋਂ ਬਾਅਦ ਉਸ ਨੇ 8 ਮਹੀਨੇ ਦੀ ਗਰਭਵਤੀ ਦਾ ਰੱਸੀ ਨਾਲ ਗਲਾ ਘੁੱਟ ਦਿੱਤਾ ਅਤੇ ਫੇਰ ਉਸ ਦਾ ਢਿੱਡ ਪਾੜ ਕੇ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ।
ਪੁਲੀਸ ਜਾਂਚ ਤੋਂ ਬਾਅਦ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਿਸੌਰੀ ਦੀ ਇੱਕ ਅਦਾਲਤ ‘ਚ ਲੀਜ਼ਾ ਨੇ ਆਪਣਾ ਦੋਸ਼ ਕਬੂਲ ਲਿਆ ਸੀ ਤੇ ਫਿਰ 2018 ‘ਚ ਉਸ ਨੂੰ ਅਗਵਾ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਉਸ ਨੇ ਕਈ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਪਰ ਹਰ ਜਗ੍ਹਾ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ।