ਵਾਸ਼ਿੰਗਟਨ :- ਈਰਾਨ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਫ਼ੌਜੀ ਪੋਸਟ ਮੈਕਨਾਇਰ ‘ਤੇ ਹਮਲੇ ਦੀ ਧਮਕੀ ਦਿੱਤੀ ਹੈ। ਦੇਸ਼ ਦੇ ਇਕ ਚੋਟੀ ਦੇ ਜਨਰਲ ਨੂੰ ਜਾਨ ਤੋਂ ਮਾਰਨ ਦੀ ਗੱਲ ਵੀ ਸਾਹਮਣੇ ਆਈ ਹੈ। ਅਮਰੀਕੀ ਖ਼ੁਫ਼ੀਆ ਏਜੰਸੀ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਅਨੁਸਾਰ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਜਨਵਰੀ ‘ਚ ਅਜਿਹੇ ਸੰਦੇਸ਼ ਫੜੇ ਜਿਨ੍ਹਾਂ ‘ਚ ਇਹ ਕਿਹਾ ਗਿਆ ਹੈ ਕਿ ਵਿਸ਼ੇਸ਼ ਈਰਾਨੀ ਬਲ ਰਿਵੋਲੂਸ਼ਨਰੀ ਗਾਰਡ ਨੇ ਯੂਐੱਸਐੱਸ ਕੋਲ ਦੀ ਤਰਜ਼ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਹੈ। ਇਸ ਸੰਦੇਸ਼ ‘ਚ ਅਕਤੂਬਰ, 2000 ‘ਚ ਹੋਏ ਆਤਮਘਾਤੀ ਹਮਲੇ ਵੱਲ ਇਸ਼ਾਰਾ ਸੀ ਜਿਸ ‘ਚ ਇਕ ਛੋਟੀ ਕਿਸ਼ਤੀ ਨੂੰ ਯਮਨ ਦੀ ਬੰਦਰਗਾਹ ‘ਤੇ ਖੜ੍ਹੇ ਅਮਰੀਕੀ ਜੰਗੀ ਬੇੜੇ ਯੂਐੱਸਐੱਸ ਕੋਲ ਨਾਲ ਟਕਰਾ ਦਿੱਤਾ ਗਿਆ ਸੀ ਜਿਸ ‘ਚ 17 ਫ਼ੌਜੀਆਂ ਦੀ ਮੌਤ ਹੋਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਜੋਸਫ ਐੱਮ ਮਾਰਟਿਨ ਦੀ ਹੱਤਿਆ ਦੀ ਵੀ ਧਮਕੀ ਸਾਹਮਣੇ ਆਈ ਹੈ। ਇਨ੍ਹਾਂ ਧਮਕੀਆਂ ਪਿੱਛੋਂ ਫ਼ੌਜ ਨੇ ਫੋਰਟ ਮੈਕਨਾਇਰ ਦੇ ਇਰਦ-ਗਿਰਦ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਧਮਕੀਆਂ ਸਬੰਧੀ ਪੁੱਛੇ ਜਾਣ ‘ਤੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।