ਵਾਸ਼ਿੰਗਟਨ: ਯੂਰਪ ਤੋਂ ਬਾਅਦ ਹੁਣ ਅਮਰੀਕਾ ਕੋਰੋਨਾ ਵਾਇਰਸ ਦਾ ਕੇਂਦਰ ਬਣਦਾ ਜਾ ਰਿਹਾ ਹੈ। ਅਮਰੀਕਾ ਵਿੱਚ ਕੋਰੋਨਾ ਨਾਲ ਚੀਨ ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ। ਮੰਗਲਵਾਰ ਨੂੰ ਅਮਰੀਕਾ ਵਿੱਚ ਮਰਨ ਵਾਲਿਆਂ ਦਾ ਅੰਕੜਾ 3,800 ਤੋਂ ਪਾਰ ਪਹੁੰਚ ਗਿਆ ਜਦਕਿ ਚੀਨ ਵਿੱਚ 3,305 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਮਰੀਕਾ ਵਿੱਚ ਹੀ 1,80,000 ਦੇ ਲਗਭਗ ਲੋਕ ਸੰਕਰਮਿਤ ਹੋਏ ਹਨ।
ਸੋਮਵਾਰ ਨੂੰ ਇਟਲੀ ਵਿਖੇ ਮਰੀਜ਼ਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਹੋ ਗਿਆ। ਹੁਣ ਤੱਕ ਦੁਨੀਆਂ ਵਿਚ 38 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਜਦਕਿ ਮਰੀਜ਼ਾਂ ਦੀ ਗਿਣਤੀ 8 ਲੱਖ ਤੋਂ ਟੱਪ ਗਈ ਹੈ। ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ 75 ਹਜ਼ਾਰ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਹੁਣ ਤੱਕ 1500 ਮੌਤਾਂ ਹੋ ਚੁੱਕੀਆਂ ਹਨ।
ਨਿਊ ਜਰਸੀ ਵਿਚ ਮਰੀਜ਼ਾਂ ਦੀ ਗਿਣਤੀ 18 ਹਜ਼ਾਰ ਦੇ ਨੇੜੇ ਪੁੱਜ ਗਈ ਹੈ ਅਤੇ ਹੁਣ ਤੱਕ 200 ਜਣੇ ਦਮ ਤੋੜ ਚੁੱਕੇ ਹਨ। ਕੈਲੇਫੋਰਨੀਆ ਵਿਚ ਸਾਢੇ ਸੱਤ ਹਜ਼ਾਰ ਮਰੀਜ਼ਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਅਤੇ 149 ਜਣੇ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਵਾਸ਼ਿੰਗਟਨ ਸੂਬੇ ਵਿਚ ਮਰੀਜ਼ਾਂ ਦਾ ਅੰਕੜਾ ਸਾਢੇ ਪੰਜ ਹਜ਼ਾਰ ਦੱਸਿਆ ਜਾ ਰਿਹਾ ਹੈ ਪਰ ਮੌਤਾਂ ਦੀ ਗਿਣਤੀ 200 ਤੋਂ ਟੱਪ ਗਈ ਹੈ।