ਨਿਊਯਾਰਕ: ਦੁਨੀਆਂ ਵਿੱਚ ਕੋਰੋਨਾ ਮਹਾਮਾਰੀ ਸੰਕਟ ਫਿਰ ਤੋਂ ਤੇਜ਼ੀ ਨਾਲ ਗਹਿਰਾਉਂਦਾ ਜਾ ਰਿਹਾ ਹੈ। ਅਮਰੀਕਾ, ਰੂਸ ਅਤੇ ਯੂਰਪ ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿੱਚ ਹਨ। ਯੂਰਪ ਵਿੱਚ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਕਾਰਨ ਲੋਕ ਘਬਰਾਏ ਹੋਏ ਹਨ ਤਾਂ ਅਮਰੀਕਾ ਵਿੱਚ ਵੀ 80 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ 24 ਘੰਟਿਆਂ ਵਿੱਚ ਸਾਹਮਣੇ ਆਏ ਹਨ। ਇਸ ਨੂੰ ਅਮਰੀਕਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਜੋਂ ਵੇਖਿਆ ਜਾ ਰਿਹਾ ਹੈ।
ਇਸ ਵਿਚਾਲੇ ਅਮਰੀਕਾ ਨੂੰ ਲੈ ਕੇ ਵਿਗਿਆਨੀਆਂ ਦੀ ਟੀਮ ਨੇ ਇੱਕ ਅਧਿਐਨ ਕੀਤਾ ਹੈ, ਜਿਸ ਦੇ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਫਰਵਰੀ ਤੱਕ ਅਮਰੀਕਾ ਵਿਚ ਪੰਜ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।
ਮਾਹਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਵਿੱਚ ਲੋਕ ਮਾਸਕ ਨਹੀਂ ਪਹਿਨਦੇ ਤਾਂ ਕੋਵਿਡ-19 ਕਾਰਨ ਅਮਰੀਕਾ ਵਿਚ ਮੌਤਾਂ ਦਾ ਅੰਕੜਾ ਫਰਵਰੀ ਤੱਕ ਪੰਜ ਲੱਖ ਤੋਂ ਪਾਰ ਜਾ ਸਕਦਾ ਹੈ। ਮਾਹਰਾਂ ਨੇ ਕਿਹਾ ਕਿ 14 ਰਾਜਾਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ।
ਵਾਸ਼ਿੰਗਟਨ ਦੇ ਇੰਸੀਟਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਅਨੁਮਾਨਾਂ ਤੋਂ ਇਹ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਠੰਢ ਦੇ ਮੌਸਮ ਵਿਚ ਅਮਰੀਕਾ ਵਿਚ ਲੋਕ ਘਰਾਂ ਦੇ ਅੰਦਰ ਰਹਿਣਗੇ ਜਿੱਥੇ ਵਾਇਰਸ ਫੈਲਣ ਦੀ ਜ਼ਿਆਦਾ ਸੰਭਾਵਨਾ ਹੈ।