ਵਾਸ਼ਿੰਗਟਨ : ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਟਿਕਟਾਕ ਸਮੇਤ ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਦੀ ਮੰਗ ਜੋਰ ਫੜ ਰਹੀ ਹੈ। ਭਾਰਤ ਦੁਆਰਾ ਟਿਕਟਾਕ ਸਮੇਤ 59 ਐਪਸ ‘ਤੇ ਪ੍ਰਤੀਬੰਧ ਲਗਾਉਣ ਦੇ ਫੈਸਲੇ ਨੂੰ ਅਮਰੀਕੀ ਕਾਂਗਰਸ ਨੇ ਸਹੀ ਠਹਿਰਾਇਆ ਹੈ। ਅਮਰੀਕੀ ਕਾਂਗਰਸ ਦੇ 24 ਪ੍ਰਭਾਵਸ਼ਾਲੀ ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ਸਬੰਧ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਕੌਮੀ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ 59 ਚੀਨੀ ਐਪਸ ‘ਤੇ ਪਾਬੰਦੀ ਲਗਾਈ ਹੈ, ਉਸੇ ਤਰ੍ਹਾਂ ਅਮਰੀਕਾ ਨੂੰ ਵੀ ਕਰਨਾ ਚਾਹੀਦਾ ਹੈ।
ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਨਾਲ ਜੁੜੇ ਟਿਕਟਾਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪ੍ਰਤੀਬੰਧ ਲਗਾਉਣ ਦੀ ਪ੍ਰਸਾਸ਼ਨ ਦੀ ਕੋਸ਼ਿਸ਼ ਦਾ ਸਮਰਥਨ ਕਰਦੇ ਹੋਏ ਸੰਸਦ ਮੈਂਬਰਾਂ ਨੇ ਟਰੰਪ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਰਾਸ਼ਟਰੀ ਸੁਰੱਖਿਆ ਦੇ ਖਤਰੇ ਦੇ ਮੱਦੇਨਜ਼ਰ ਟਿੱਕਟਾਕ ਸਮੇਤ ਚੀਨੀ ਐਪਸ ਉੱਤੇ ਪਾਬੰਦੀ ਲਗਾ ਕੇ ਫੈਸਲਾਕੁੰਨ ਪਹਿਲ ਕੀਤੀ ਹੈ।
ਪੱਤਰ ‘ਚ ਸੰਸਦ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਪ੍ਰਸਿੱਧ ਐਪਸ ਦਾ ਡਾਟਾ ਇਕੱਤਰ ਕਰਨ ਦੀ ਪ੍ਰਕਿਰਿਆ ਚੀਨ ਦੇ ਉਨ੍ਹਾਂ ਸਖਤ ਸਾਈਬਰ ਸੁਰੱਖਿਆ ਕਾਨੂੰਨਾਂ ਨਾਲ ਜੁੜੀ ਹੋਈ ਹੈ। ਇਸ ‘ਚ ਚੀਨ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਕੰਪਨੀਆਂ, ਜਿਨ੍ਹਾਂ ‘ਚ ਟਿਕਟਾਕ ਦੀ ਮੁੱਢਲੀ ਕੰਪਨੀ ਬਾਈਟੇਡਾਂਸ ਵੀ ਸ਼ਾਮਲ ਹੈ ਉਸ ਨੂੰ ਸੀਸੀਪੀ ਅਧਿਕਾਰੀਆਂ ਨਾਲ ਉਪਭੋਗਤਾਵਾਂ ਦਾ ਡਾਟਾ ਸਾਂਝਾ ਕਰਨਾ ਪਿਆ ਹੈ। ਇਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।
ਇਸ ਦੇ ਨਾਲ ਹੀ ਸੰਸਦ ਮੈਂਬਰਾਂ ਨੇ ਟਰੰਪ ਨੂੰ ਲਿਖਿਆ ਕਿ ਅਸੀਂ ਤੁਹਾਡੇ ਪ੍ਰਸ਼ਾਸਨ ਨੂੰ ਅਮਰੀਕੀ ਲੋਕਾਂ ਦੀ ਨਿੱਜਤਾ ਅਤੇ ਸੁਰੱਖਿਆ ਦੀ ਰਾਖੀ ਲਈ ਫੈਸਲਾਕੁੰਨ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ।