ਅਫਗਾਨਿਸਤਾਨ ਤੋਂ ਕਿਸੇ ਵੀ ਅੱਤਵਾਦੀ ਗਤੀਵਿਧੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ: ਸੀਡੀਐਸ ਜਨਰਲ ਬਿਪਿਨ ਰਾਵਤ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਅਫਗਾਨਿਸਤਾਨ ਦੀ ਸਥਿਤੀ ਅਤੇ ਉੱਥੇ ਆਏ ਤਾਲਿਬਾਨ ਸ਼ਾਸਨ ਬਾਰੇ ਵੱਡਾ ਬਿਆਨ ਦਿੱਤਾ ਹੈ।ਬਿਪਿਨ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਤਾਲਿਬਾਨ ਦੇ ਕੰਟਰੋਲ ਵਾਲੇ ਅਫਗਾਨਿਸਤਾਨ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸੰਭਾਵੀ ਅੱਤਵਾਦੀ ਗਤੀਵਿਧੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ, ਅਫਗਾਨਿਸਤਾਨ ਦੇ ਤਾਲਿਬਾਨ ਦੇ ਕਬਜ਼ੇ ਦੀ ਉਮੀਦ ਕਰ ਰਿਹਾ ਸੀ, ਪਰ ਘਟਨਾਕ੍ਰਮ ਦੀ ਸਮਾਂ ਸੀਮਾ ਹੈਰਾਨੀਜਨਕ ਸੀ।

ਜਨਰਲ ਰਾਵਤ ਅਬਜ਼ਵਰ ਰਿਸਰਚ ਫਾਂਉਡੇਂਸ਼ਨ (ਓਆਰਐਫ) ਦੁਆਰਾ ਆਯੋਜਿਤ ਇੰਟਰਐਕਟਿਵ ਸੈਸ਼ਨ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਗਾਨ ਸਮੱਸਿਆ ਨੂੰ ਵੱਖਰਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਇੱਕੋ ਤਰੀਕੇ ਨਾਲ ਦੇਖਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ, “ਇਹ ਦੋਵੇਂ ਬਿਲਕੁਲ ਵੱਖਰੇ ਮੁੱਦੇ ਹਨ। ਹਾਂ, ਇਹ ਦੋਵੇਂ ਮੁੱਦੇ ਖੇਤਰ ਦੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰਦੇ ਹਨ, ਪਰ ਇਹ ਵੱਖੋ ਵੱਖਰੀਆਂ ਸਤਹਾਂ ‘ਤੇ ਹਨ। ਇਹ ਦੋ ਸਮਾਨਾਂਤਰ ਰੇਖਾਵਾਂ ਹਨ, ਜੋ ਸ਼ਇਦ ਹੀ ਕਦੇ ਮਿਲਣ।” ਸੀਡੀਐਸ ਨੇ  ਕਿਹਾ, “ਮੈਨੂੰ ਲਗਦਾ ਹੈ ਕਿ ਜੇ ਸਹਿਯੋਗ ਨਾਲ ਅੱਤਵਾਦੀਆਂ ਦੀ ਪਛਾਣ ਜਾਂ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਕੁੱਝ ਖੁਫੀਆ ਜਾਣਕਾਰੀ ਮਿਲਣ ਤਾਂ ਇਹ ਸਵਾਗਤਯੋਗ ਹੋਵੇਗਾ।”

ਜਨਰਲ ਰਾਵਤ ਨੇ  ਕਿਹਾ, “ਜਦੋਂ ਵੀ ਖੇਤਰ ਵਿੱਚ ਕੋਈ ਸਮੱਸਿਆ ਆਉਂਦੀ ਹੈ, ਅਸੀਂ ਇਸ ਬਾਰੇ ਚਿੰਤਤ ਹੁੰਦੇ ਹਾਂ। ਨਾ ਸਿਰਫ ਉੱਤਰ (ਚੀਨ) ‘ਤੇ ਸਾਡੇ ਗੁਆਂਢੀ, ਬਲਕਿ ਸਾਡੀ ਪੱਛਮੀ ਸਰਹੱਦ (ਪਾਕਿਸਤਾਨ) ਦੇ ਸਾਡੇ ਗੁਆਂਢੀ ਕੋਲ ਵੀ ਪ੍ਰਮਾਣੂ ਹਥਿਆਰ ਹਨ, ਇਸ ਲਈ ਅਸੀਂ ਦੋ ਅਜਿਹੇ ਗੁਆਂਢੀਆਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਕੋਲ ਇਹ ਕੂਟਨੀਤਕ ਹਥਿਆਰ ਹਨ।” ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ਲਗਾਤਾਰ ਆਪਣੀਆਂ ਨੀਤੀਆਂ ਦਾ ਵਿਕਾਸ ਕਰ ਰਹੇ ਹਾਂ। ਅਸੀਂ ਆਪਣੇ ਗੁਆਂਢੀਆਂ ਦੇ ਏਜੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਸ ਅਨੁਸਾਰ ਆਪਣੀ ਸਮਰੱਥਾ ਦਾ ਵਿਕਾਸ ਕਰ ਰਹੇ ਹਾਂ। ਅਸੀਂ ਰਵਾਇਤੀ ਤੌਰ ‘ਤੇ ਬਹੁਤ ਮਜ਼ਬੂਤ ​​ਹਾਂ ਅਤੇ ਕਿਸੇ ਵੀ ਦੁਸ਼ਮਣ ਨਾਲ ਸਾਡੀ ਰਵਾਇਤੀ ਫੌਜ ਦੁਆਰਾ ਹੀ ਨਜਿੱਠਣ ਦੇ ਸਮਰੱਥ ਹਾਂ। ਯੂਐਸ ਇੰਡੋ-ਪੈਸੀਫਿਕ ਕਮਾਂਡ ਦੇ ਕਮਾਂਡਰ, ਐਡਮਿਰਲ ਜੌਨ ਐਕੁਲੀਨੋ, ਇਸ ਸਮਾਗਮ ਵਿੱਚ ਮੌਜੂਦ ਸਨ।

Share this Article
Leave a comment