ਨਿਊਜ਼ ਡੈਸਕ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕੀ ਫੌਜ ਨੇ ਲਗਭਗ ਇੱਕ ਮਹੀਨੇ ਬਾਅਦ ਈਰਾਨ ’ਤੇ ਮੁੜ ਹਮਲਾ ਕੀਤਾ ਹੈ। ਐਤਵਾਰ ਨੂੰ ਹੋਰਮੁਜ਼ ਸਟ੍ਰੇਟ ਨੇੜੇ ਸਥਿਤ ਈਰਾਨ ਦੇ ਲਾਰਕ ਟਾਪੂ ’ਤੇ ਦੋ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦਾ ਕਹਿਣਾ ਹੈ ਕਿ ਈਰਾਨੀ ਰਿਵੋਲਿਊਸ਼ਨਰੀ ਗਾਰਡਜ਼ ਦੇ ਜਵਾਨ ਇਸ ਥਾਂ ਤੋਂ ਹੋਰਮੁਜ਼ ਸਟ੍ਰੇਟ ਵਿੱਚ ਰਾਕੇਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਲਾਂਚ ਕਰਨ ਦੀ ਤਿਆਰੀ ਕਰ ਰਹੇ ਸਨ।
🚫CLAIM: Iran’s Islamic Revolutionary Guard Corps (IRGC) claimed in a recent statement that strikes by U.S. forces to prevent the IRGC from placing mines in the Strait of Hormuz were an “act of aggression.” This claim is absolutely FALSE.
✅FACT: U.S. forces took limited,… pic.twitter.com/XLx8xNTHto
— U.S. Central Command (@CENTCOM) August 31, 2026
ਈਰਾਨ ਨੇ ਮੌਤਾਂ ਦਾ ਕੀਤਾ ਦਾਅਵਾ
ਈਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਹਮਲੇ ਵਿੱਚ ਕਈ ਸੈਨਿਕਾਂ ਅਤੇ ਨਾਗਰਿਕਾਂ ਦੀ ਮੌਤ ਹੋਈ ਹੈ, ਜਦਕਿ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਹਮਲੇ ਤੋਂ ਕੁਝ ਸਮੇਂ ਬਾਅਦ ਈਰਾਨ ਵੱਲੋਂ ਜੌਰਡਨ ਵਿੱਚ ਮੌਜੂਦ ਦੋ ਅਮਰੀਕੀ ਏਅਰਬੇਸਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗਣ ਦਾ ਦਾਅਵਾ ਕੀਤਾ ਗਿਆ।
ਪ੍ਰੈੱਸ ਟੀਵੀ ਮੁਤਾਬਕ ਕਿੰਗ ਹੁਸੈਨ ਅਤੇ ਅਲ-ਅਜ਼ਰਾਕ ਏਅਰਬੇਸ ਦੇ ਤਕਨੀਕੀ ਅਤੇ ਰੱਖ-ਰਖਾਅ ਢਾਂਚੇ ਅਤੇ ਲੜਾਕੂ ਜਹਾਜ਼ਾਂ ਦੀਆਂ ਪੋਜ਼ੀਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਅਲ ਅਰਬੀਆ ਦੀ ਰਿਪੋਰਟ ਮੁਤਾਬਕ ਜੌਰਡਨ ਦੀ ਏਅਰ ਡਿਫੈਂਸ ਨੇ ਈਰਾਨੀ ਮਿਜ਼ਾਈਲਾਂ ਨੂੰ ਰੋਕ ਲਿਆ।
ਹੋਰਮੁਜ਼ ਸਟ੍ਰੇਟ ’ਚ ਲਾਰਕ ਟਾਪੂ ਦੀ ਅਹਿਮੀਅਤ
ਲਾਰਕ ਟਾਪੂ ਈਰਾਨ ਦੇ ਪ੍ਰਮੁੱਖ ਬੰਦਰਗਾਹ ਬੰਦਰ ਅੱਬਾਸ ਦੇ ਨੇੜੇ ਅਤੇ ਹੋਰਮੁਜ਼ ਸਟ੍ਰੇਟ ਦੇ ਵਿਚਕਾਰ ਸਥਿਤ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਲਈ ਬੇਹੱਦ ਮਹੱਤਵਪੂਰਨ ਹੈ। ਜੰਗ ਤੋਂ ਪਹਿਲਾਂ ਦੁਨੀਆ ਵਿੱਚ ਵਰਤੇ ਜਾਣ ਵਾਲੇ ਲਗਭਗ 20 ਫੀਸਦੀ ਤੇਲ ਅਤੇ ਲਿਕਵਿਡ ਨੇਚਰਲ ਗੈਸ ਦੀ ਆਵਾਜਾਈ ਇਸੇ ਰਸਤੇ ਰਾਹੀਂ ਹੁੰਦੀ ਸੀ।
ਰਿਪੋਰਟ ਮੁਤਾਬਕ ਈਰਾਨ ਇਸ ਸਮੇਂ ਟਾਪੂ ਨੇੜਿਓਂ ਲੰਘਣ ਵਾਲੇ ਟੈਂਕਰਾਂ ਦੀ ਜਾਂਚ ਕਰ ਰਿਹਾ ਹੈ ਅਤੇ ਜਹਾਜ਼ਾਂ ਤੋਂ ਸਟ੍ਰੇਟ ਪਾਰ ਕਰਨ ਲਈ 20 ਲੱਖ ਡਾਲਰ ਤੱਕ ਟੈਕਸ ਵਸੂਲ ਰਿਹਾ ਹੈ।
ਅਮਰੀਕਾ ਨੇ ਹਟਾਈਆਂ ਸਨ ਸਮੁੰਦਰੀ ਬਾਰੂਦੀ ਸੁਰੰਗਾਂ
ਅਮਰੀਕੀ ਫੌਜ ਨੇ ਪਿਛਲੇ ਹਫ਼ਤੇ ਹੋਰਮੁਜ਼ ਸਟ੍ਰੇਟ ਦੇ ਕੌਮਾਂਤਰੀ ਸ਼ਿਪਿੰਗ ਰੂਟ ਤੋਂ ਸਮੁੰਦਰੀ ਬਾਰੂਦੀ ਸੁਰੰਗਾਂ ਹਟਾਉਣ ਦਾ ਕੰਮ ਪੂਰਾ ਕੀਤਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਸੀ ਕਿ ਕੌਮਾਂਤਰੀ ਪਾਣੀਆਂ ਵਿੱਚ ਮੌਜੂਦ ਸਾਰੀਆਂ ਸੁਰੰਗਾਂ ਹਟਾ ਦਿੱਤੀਆਂ ਜਾਂ ਨਾਕਾਰਾ ਕਰ ਦਿੱਤੀਆਂ ਗਈਆਂ ਹਨ।
ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਜਹਾਜ਼ ਜਾਂ ਕਿਸ਼ਤੀ ਹੋਰਮੁਜ਼ ਸਟ੍ਰੇਟ ਵਿੱਚ ਨਵੀਆਂ ਸਮੁੰਦਰੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕਰੇਗੀ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਦੁਨੀਆ ਲਈ ਕਿਉਂ ਅਹਿਮ ਹੈ ਹੋਰਮੁਜ਼?
ਹੋਰਮੁਜ਼ ਸਟ੍ਰੇਟ ਫਾਰਸ ਦੀ ਖਾੜੀ ਅਤੇ ਅਰਬ ਸਾਗਰ ਵਿਚਕਾਰ ਇੱਕ ਪ੍ਰਮੁੱਖ ਸਮੁੰਦਰੀ ਰਸਤਾ ਹੈ। ਇੱਥੋਂ ਤੇਲ ਅਤੇ ਗੈਸ ਦਾ ਵੱਡਾ ਹਿੱਸਾ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚਦਾ ਹੈ। ਇਸੇ ਕਾਰਨ ਇੱਥੇ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਕੱਚੇ ਤੇਲ ਦੀ ਸਪਲਾਈ ਅਤੇ ਕੀਮਤਾਂ ’ਤੇ ਸਿੱਧਾ ਅਸਰ ਪੈ ਸਕਦਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਵਧ ਰਹੀ ਫੌਜੀ ਸਰਗਰਮੀ ਕਾਰਨ ਇਹ ਇਲਾਕਾ ਇੱਕ ਵਾਰ ਫਿਰ ਤਣਾਅ ਦਾ ਕੇਂਦਰ ਬਣ ਗਿਆ ਹੈ।

