ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਨਵੀਂ ਟੀਮ ‘ਚ ਮਹੱਤਵਪੂਰਨ ਅਹੁਦੇ ਸੰਭਾਲਣ ਵਾਲਿਆਂ ‘ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਸ ਗਿਣਤੀ ‘ਚ ਇਕ ਨਵਾਂ ਨਾਮ ਸਮੀਰਾ ਫਾਜ਼ਿਲੀ ਹੈ। ਸਮੀਰਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਕੰਮ ਕਰ ਚੁੱਕੀ ਹੈ। ਸਮੀਰਾ ਫਾਜ਼ਿਲੀ ਰਾਸ਼ਟਰੀ ਆਰਥਿਕ ਪ੍ਰੀਸ਼ਦ (NEC) ਦੀ ਡਿਪਟੀ ਡਾਇਰੈਕਟਰ ਹੋਵੇਗੀ ਜੋ ਘਰੇਲੂ ਪੱਧਰ ‘ਤੇ ਨਿਰਮਾਣ, ਨਵੀਨਤਾ ਤੇ ਮੁਕਾਬਲੇਬਾਜ਼ੀ ‘ਤੇ ਕੇਂਦਰਤ ਕਰੇਗੀ।
ਜ਼ਿਕਰਯੋਗ ਹੈ ਕਿ ਸਮੀਰਾ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਮਰੀਕਾ ‘ਚ ਕਈ ਮਹੱਤਵਪੂਰਣ ਅਹੁਦਿਆਂ ‘ਤੇ ਰਹਿ ਚੁੱਕੀ ਹੈ। ਪਹਿਲਾਂ, ਸਮੀਰਾ ਫਾਜ਼ਿਲੀ ਸੰਘੀ ਰਿਜ਼ਰਵ ਬੈਂਕ (ਐਫਆਰਬੀ) ਅਟਲਾਂਟਾ ਦੇ ਕਮਿਊਨਿਟੀ ਤੇ ਆਰਥਿਕ ਵਿਕਾਸ ਲਈ ਰੁਝੇਵੇਂ ਦੀ ਡਾਇਰੈਕਟਰ ਸੀ। ਸਮੀਰਾ ਨੇ ਵ੍ਹਾਈਟ ਹਾਊਸ ‘ਚ ਨੈਸ਼ਨਲ ਆਰਥਿਕ ਪਰਿਸ਼ਦ ‘ਚ ਇੱਕ ਸੀਨੀਅਰ ਸਲਾਹਕਾਰ ਦਾ ਕੰਮ ਵੀ ਕੀਤਾ। ਇਸ ਤੋਂ ਪਹਿਲਾਂ, ਸਮੀਰਾ ਓਬਾਮਾ ਪ੍ਰਸ਼ਾਸਨ ‘ਚ ਰਾਸ਼ਟਰੀ ਆਰਥਿਕ ਪਰਿਸ਼ਦ ‘ਚ ਇੱਕ ਸੀਨੀਅਰ ਸਲਾਹਕਾਰ ਸੀ ਤੇ ਖਜ਼ਾਨਾ ਵਿਭਾਗ ਦੇ ਘਰੇਲੂ ਵਿੱਤ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਦਫਤਰ ‘ਚ ਸੇਵਾ ਨਿਭਾਉਂਦੀ ਰਹੀ ਹੈ।
ਦੱਸ ਦਈਏ ਕਸ਼ਮੀਰੀ ਮੂਲ ਦੀ ਸਮੀਰਾ ਦਾ ਜਨਮ ਅਮਰੀਕਾ ਦੇ ਨਿਊਯਾਰਕ ‘ਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਮੁਹੰਮਦ ਯੂਸਫ਼ ਫਾਜ਼ਿਲੀ ਤੇ ਰਫੀਕਾ ਫਾਜ਼ਿਲੀ ਡਾਕਟਰ ਹਨ ਤੇ ਉਹ ਆਪਣੀ ਬੇਟੀ ਸਮੀਰਾ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਦੋ ਸਾਲਾਂ ਦੀ ਡਾਕਟਰੀ ਦੀ ਪੜ੍ਹਾਈ ਤੋਂ ਬਾਅਦ ਸਮੀਰਾ ਨੇ ਉਸ ਪੜ੍ਹਾਈ ਨੂੰ ਛੱਡ ਕੇ ਯੇਲ ਯੂਨੀਵਰਸਿਟੀ ‘ਚ ਦਾਖਲਾ ਲਿਆ। ਮੁਹੰਮਦ ਯੂਸਫ਼ ਫਾਜ਼ਿਲੀ ਤੇ ਰਫੀਕਾ ਫਾਜ਼ਿਲੀ ਕਸ਼ਮੀਰ ਦੇ ਵਸਨੀਕ ਹਨ ਤੇ 1970 ਵਿਚ ਕਸ਼ਮੀਰ ਤੋਂ ਅਮਰੀਕਾ ਵਸ ਗਏ ਸਨ।