ਪੁਲਾੜ ’ਚ ਵੀ ਜੰਗ ਦੀ ਤਿਆਰੀ? ਅਮਰੀਕਾ ਨੇ ਹਥਿਆਰ ਤਾਇਨਾਤ ਕਰਨ ਦੀ ਗੱਲ ਮੰਨੀ

Global Team
3 Min Read

ਨਿਊਜ਼ ਡੈਸਕ: ਇਨਸਾਨਾਂ ਲਈ ਧਰਤੀ ਦੀ ਜ਼ਮੀਨ ਹੀ ਨਹੀਂ, ਹੁਣ ਪੁਲਾੜ ਵੀ ਜੰਗ ਦਾ ਨਵਾਂ ਮੈਦਾਨ ਬਣਦਾ ਜਾ ਰਿਹਾ ਹੈ। ਅਮਰੀਕੀ ਸਪੇਸ ਫੋਰਸ ਨੇ ਸੋਮਵਾਰ ਨੂੰ ਪਹਿਲੀ ਵਾਰ ਸਵੀਕਾਰ ਕੀਤਾ ਕਿ ਅਮਰੀਕਾ ਕੋਲ ਧਰਤੀ ਦੀ ਆਰਬਿਟ ਵਿੱਚ ਅਜਿਹੇ ਹਥਿਆਰ ਤਾਇਨਾਤ ਕਰਨ ਦੀ ਸਮਰੱਥਾ ਹੈ, ਜਿਨ੍ਹਾਂ ਦੀ ਵਰਤੋਂ ਦੁਸ਼ਮਣ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਕੀਤੀ ਜਾ ਸਕਦੀ ਹੈ।

ਨਿਊਜ਼ ਏਜੰਸੀ AFP ਦੀ ਰਿਪੋਰਟ ਮੁਤਾਬਕ, ਅਮਰੀਕੀ ਸਪੇਸ ਫੋਰਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਕੋਲ ਆਰਬਿਟ ਵਿੱਚ ਅਜਿਹੇ ‘ਸਪੇਸ ਕੰਟਰੋਲ’ ਹਥਿਆਰ ਮੌਜੂਦ ਹਨ, ਜੋ ਦੁਸ਼ਮਣ ਦੀਆਂ ਕਾਰਵਾਈਆਂ ਤੋਂ ਅਮਰੀਕੀ ਜੁਆਇੰਟ ਫੋਰਸ ਦੀ ਰੱਖਿਆ ਕਰਨ ਵਿੱਚ ਸਮਰੱਥ ਹਨ।

ਹਾਲਾਂਕਿ, ਅਮਰੀਕੀ ਅਧਿਕਾਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪੁਲਾੜ ਵਿੱਚ ਕਿਸ ਤਰ੍ਹਾਂ ਦੇ ਹਥਿਆਰ ਤਾਇਨਾਤ ਕੀਤੇ ਗਏ ਹਨ।

ਹਮਲੇ ਅਤੇ ਬਚਾਅ ਦੋਵਾਂ ਲਈ ਵਰਤੀ ਜਾ ਸਕਦੀ ਸਮਰੱਥਾ

ਸਪੇਸ ਫੋਰਸ ਦੇ ਬਿਆਨ ਮੁਤਾਬਕ ‘ਸਪੇਸ ਕੰਟਰੋਲ’ ਵਿੱਚ ਉਹ ਮਿਸ਼ਨ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਪੁਲਾੜ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉੱਥੇ ਆਪਣੀ ਸਮਰੱਥਾ ਨੂੰ ਕਾਇਮ ਰੱਖਣਾ ਹੈ।

ਇਸ ਲਈ ਕਾਇਨੇਟਿਕ ਅਤੇ ਨਾਨ-ਕਾਇਨੇਟਿਕ ਦੋਵੇਂ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਸਮਰੱਥਾਵਾਂ ਦਾ ਇਸਤੇਮਾਲ ਹਮਲੇ ਦੇ ਨਾਲ-ਨਾਲ ਬਚਾਅ ਲਈ ਵੀ ਕੀਤਾ ਜਾ ਸਕਦਾ ਹੈ।

ਰੂਸ ਅਤੇ ਚੀਨ ਤੋਂ ਅਮਰੀਕਾ ਨੂੰ ਚੁਣੌਤੀ

ਅਮਰੀਕਾ ਰੂਸ ਅਤੇ ਚੀਨ ਨੂੰ ਪੁਲਾੜ ਵਿੱਚ ਆਪਣੇ ਦੋ ਮੁੱਖ ਰਣਨੀਤਕ ਮੁਕਾਬਲੇਬਾਜ਼ਾਂ ਵਜੋਂ ਦੇਖਦਾ ਹੈ। ਅਮਰੀਕੀ ਸਪੇਸ ਫੋਰਸ ਮੁਤਾਬਕ ਚੀਨ ਆਪਣੀ ਫੌਜੀ ਆਧੁਨਿਕੀਕਰਨ ਰਣਨੀਤੀ ਤਹਿਤ ਪੁਲਾੜ ਅਤੇ ਕਾਊਂਟਰ-ਸਪੇਸ ਸਮਰੱਥਾਵਾਂ ਨੂੰ ਵਿਕਸਿਤ ਕਰ ਰਿਹਾ ਹੈ।

ਦੂਜੇ ਪਾਸੇ, ਅਮਰੀਕਾ ਦਾ ਦਾਅਵਾ ਹੈ ਕਿ ਰੂਸ ਪੁਲਾੜ ਨੂੰ ਭਵਿੱਖ ਦੇ ਯੁੱਧਾਂ ਲਈ ਇੱਕ ਮਹੱਤਵਪੂਰਨ ਜੰਗੀ ਖੇਤਰ ਮੰਨਦਾ ਹੈ ਅਤੇ ਪੁਲਾੜ ’ਤੇ ਕਾਬੂ ਨੂੰ ਭਵਿੱਖ ਦੇ ਸੰਘਰਸ਼ਾਂ ਵਿੱਚ ਫੈਸਲਾਕੁੰਨ ਕਾਰਕ ਸਮਝਦਾ ਹੈ।

ਸਪੁਟਨਿਕ ਤੋਂ ਸ਼ੁਰੂ ਹੋਈ ਪੁਲਾੜ ਦੀ ਦੌੜ

ਪੁਲਾੜ ‘ਚ ਹਥਿਆਰਾ ਦੀ ਤਾਇਨਾਤੀ ਕਰਨ ਦੀ ਕਹਾਣੀ ਅੱਜ ਦੀ ਨਹੀਂ ਹੈ। 1957 ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ‘ਸਪੁਟਨਿਕ’ ਨੂੰ ਧਰਤੀ ਦੀ ਆਰਬਿਟ ਵਿੱਚ ਭੇਜਿਆ ਸੀ, ਉਸ ਤੋਂ ਬਾਅਦ ਅਮਰੀਕਾ ਅਤੇ ਸੋਵੀਅਤ ਯੂਨੀਅਨ ਨੇ ਸੈਟੇਲਾਈਟਾਂ ਨੂੰ ਹਥਿਆਰਬੰਦ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੇ ਤਰੀਕਿਆਂ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ।

ਇੱਕ ਸਮੇਂ ਪੁਲਾੜ ਵਿੱਚ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਸਭ ਤੋਂ ਵੱਡੀ ਚਿੰਤਾ ਸੀ। ਇਸ ਤੋਂ ਬਾਅਦ 1967 ਵਿੱਚ ‘ਆਊਟਰ ਸਪੇਸ ਟ੍ਰੀਟੀ’ ਹੋਈ, ਜਿਸ ਤਹਿਤ ਆਰਬਿਟ ਵਿੱਚ ਵੱਡੇ ਪੱਧਰ ’ਤੇ ਤਬਾਹੀ ਮਚਾਉਣ ਵਾਲੇ ਹਥਿਆਰਾਂ ਦੀ ਤਾਇਨਾਤੀ ’ਤੇ ਪਾਬੰਦੀ ਲਗਾਈ ਗਈ।

ਇਸ ਦੇ ਬਾਵਜੂਦ ਅਮਰੀਕਾ, ਰੂਸ ਅਤੇ ਚੀਨ ਨੇ ਪੁਲਾੜ ਵਿੱਚ ਜੰਗ ਨਾਲ ਸਬੰਧਤ ਆਪਣੀਆਂ ਸਮਰੱਥਾਵਾਂ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਵਿੱਚ ਵਿਰੋਧੀ ਦੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਵੀ ਸ਼ਾਮਲ ਹੈ।

ਸੈਟੇਲਾਈਟ ਆਧੁਨਿਕ ਫੌਜੀ ਪ੍ਰਣਾਲੀ ਲਈ ਬੇਹੱਦ ਮਹੱਤਵਪੂਰਨ ਹਨ। ਫੌਜੀ ਸੰਚਾਰ, ਨਿਗਰਾਨੀ ਅਤੇ ਨੇਵੀਗੇਸ਼ਨ ਵਰਗੀਆਂ ਕਈ ਗਤੀਵਿਧੀਆਂ ਇਨ੍ਹਾਂ ’ਤੇ ਨਿਰਭਰ ਕਰਦੀਆਂ ਹਨ। ਜੰਗ ਦੀ ਸਥਿਤੀ ਵਿੱਚ ਕਿਸੇ ਦੇਸ਼ ਦੇ ਮਹੱਤਵਪੂਰਨ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਨਾਲ ਉਸ ਦੀਆਂ ਫੌਜੀ ਸਮਰੱਥਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਇਸ ਤਰ੍ਹਾਂ ਪੁਲਾੜ ਹੁਣ ਸਿਰਫ਼ ਵਿਗਿਆਨ ਅਤੇ ਖੋਜ ਦਾ ਖੇਤਰ ਨਹੀਂ ਰਿਹਾ, ਸਗੋਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਵਿਚਾਲੇ ਰਣਨੀਤਕ ਮੁਕਾਬਲੇ ਦਾ ਵੀ ਮਹੱਤਵਪੂਰਨ ਮੈਦਾਨ ਬਣ ਚੁੱਕਾ ਹੈ।

Share This Article
Leave a Comment