ਚੰਡੀਗੜ੍ਹ(ਦਰਸ਼ਨ ਸਿੰਘ ਖੋਖਰ) : ਪੰਜਾਬ ਕਾਂਗਰਸ ਦੇ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਰੀਸ਼ ਰਾਵਤ ਨੇ ਜੋ ਕਾਂਗਰਸ ਦੇ ਆਗੂਆਂ ਲਈ ‘ਪੰਜ ਪਿਆਰੇ’ ਸ਼ਬਦ ਦਾ ਇਸਤੇਮਾਲ ਕੀਤਾ ਹੈ । ਇਸ ਸਬੰਧੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਅੱਗੇ ਤੋਂ ਇਸ ਤਰ੍ਹਾਂ ਦੇ ਸ਼ਬਦ ਨਾ ਵਰਤੋ ਕਿਉਂਕਿ ਇਹ ਸਾਡੇ ਸਿੱਖ ਇਤਿਹਾਸ ਵਿੱਚ ਗੁਰੂ ਸਹਿਬਾਨ ਨਾਲ ਜੁੜਿਆ ਹੋਇਆ ਸ਼ਬਦ ਹੈ । ਸਾਨੂੰ ਸਭ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਸ਼ਬਦ ਨਾ ਵਰਤੇ ਜਾਣ।
ਦਰਅਸਲ, ਮੰਗਲਵਾਰ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਰਾਵਤ ਨੇ ਇਨ੍ਹਾਂ ਪੰਜ ਲੀਡਰਾਂ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ, ‘ਪੀਸੀਸੀ ਮੁਖੀ ਤੇ ਉਨ੍ਹਾਂ ਦੀ ਟੀਮ ਤੇ ਸਾਡੇ ਪੰਜ ਪਿਆਰਿਆਂ ਨਾਲ ਚਰਚਾ ਕਰਨਾ ਮੇਰੀ ਜ਼ਿੰਮੇਵਾਰੀ ਸੀ। ਸਿੱਧੂ ਨੇ ਮੈਨੂੰ ਦੱਸਿਆ ਕਿ ਚੋਣਾਂ ਤੇ ਸੰਗਠਨਾਤਮਕ ਢਾਂਚੇ ‘ਤੇ ਚਰਚਾ ਤੇਜ਼ ਕਰ ਦਿੱਤੀ ਜਾਵੇਗੀ। ਬੇਫਿਕਰ ਰਹੋ ਪੀਸੀਸੀ ਕੰਮ ਕਰ ਰਹੀ ਹੈ।’