ਦਿੱਲੀ ਦੀ ਲਾਸਾਨੀ ਸ਼ਹਾਦਤ – ਗੁਰੂ ਤੇਗ ਬਹਾਦਰ ਜੀ ; ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥

TeamGlobalPunjab
16 Min Read

-ਅਵਤਾਰ ਸਿੰਘ

ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ‘ਤੇ ਹੋਇਆ। ਉਹ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਬਚਪਨ ਦਾ ਨਾਮ ਤਿਆਗ ਮੱਲ ਸੀ।1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਉਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ। ਉਨ੍ਹਾਂ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ। ਆਪ ਦਾ ਵਿਆਹ ਲਖਨੋਰੀ ਪਿੰਡ ਦੇ ਲਾਲਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।

6 ਅਕਤੂਬਰ, 1661 ਨੂੰ ਗੁਰੂ ਹਰਿਰਾਇ ਸਾਹਿਬ ਜੋਤੀ-ਜੋਤ ਸਮਾ ਗਏ। ਇਸ ਵੇਲੇ ਰਾਮ ਰਾਇ ਦਿੱਲੀ ਵਿਚ ਸੀ। ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ਉਤੇ ਅਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਨੂੰ ਛੱਡ ਕੇ ਇਕ ਵੀ ਸਿੱਖ ਨੇ ਉਸ ਦਾ ਸਾਥ ਨਾ ਦਿੱਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਉਸ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਔਰੰਗਜ਼ੇਬ ਅਪਣੀ ਸਲਤਨਤ ਦੇ ਪ੍ਰਬੰਧ ਵਿਚ ਏਨਾ ਰੁਝਿਆ ਹੋਇਆ ਸੀ ਕਿ ਉਹ ਰਾਮ ਰਾਏ ਨੂੰ ਨਿਜੀ ਤੌਰ ‘ਤੇ ਮੁਲਾਕਾਤ ਵਾਸਤੇ ਸਮਾਂ ਨਾ ਦੇ ਸਕਿਆ। ਰਾਮ ਰਾਏ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਦੋ ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ। ਅਖ਼ੀਰ, 4 ਮਾਰਚ,1665 ਵਿਚ ਰਾਮ ਰਾਏ ਨੂੰ ਔਰੰਗਜ਼ੇਬ ਨਾਲ ਮਿਲਣ ਦਾ ਸਮਾਂ ਮਿਲ ਹੀ ਗਿਆ। ਰਾਮ ਰਾਏ ਨੇ ਬੜਾ ਆਜਿਜ਼ ਹੋ ਕੇ ਔਰੰਗਜ਼ੇਬ ਤੋਂ ਮਦਦ ਮੰਗੀ। ਔਰੰਗਜ਼ੇਬ ਨੇ ਰਾਮ ਰਾਏ ਦੀ ਮਦਦ ਦਾ ਵਾਅਦਾ ਕੀਤਾ। ਇਸ ਸਬੰਧ ਵਿਚ ਔਰੰਗਜ਼ੇਬ ਨੇ ਪਹਿਲਾ ਕੰਮ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੰਮਨ ਕਰਨ ਦਾ ਕੀਤਾ। ਉਸ ਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਦੀਵਾਨ ਪਰਸ ਰਾਮ ਦੀ ਡਿਊਟੀ ਲਾਈ। ਪਰਸ ਰਾਮ, 18 ਮਾਰਚ, 1664 ਦੇ ਦਿਨ ਕੀਰਤਪੁਰ ਪੁੱਜਾ ਅਤੇ ਔਰੰਗਜ਼ੇਬ ਦਾ ਸੁਨੇਹਾ ਦਿੱਤਾ। ਸੁਨੇਹਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਗਲੇ ਦਿਨ ਗੁਰੂ ਜੀ, ਪਰਸ ਰਾਮ ਦੇ ਲਿਆਂਦੇ ਰਥ ਉਤੇ ਸਵਾਰ ਹੋ ਕੇ ਦਿੱਲੀ ਵਲ ਨੂੰ ਚਲ ਪਏ। ਗੁਰੂ ਜੀ ਨਾਲ ਦਾਦੀ ਬਸੀ, ਮਾਤਾ ਸੁਲੱਖਣੀ, ਦੀਵਾਨ ਦਰਗਹ ਮੱਲ, ਭਾਈ ਦਰੀਆ ਪਰਮਾਰ, ਭਾਈ ਮਨੀ ਰਾਮ (ਮਗਰੋਂ ਭਾਈ ਮਨੀ ਸਿੰਘ) ਤੇ ਕਈ ਹੋਰ ਸਿੱਖ ਵੀ ਦਿੱਲੀ ਨੂੰ ਚੱਲ ਪਏ। ਪੰਜੋਖੜਾ, ਕੁਰੂਕਸ਼ੇਤਰ ਅਤੇ ਪਾਣੀਪਤ ‘ਚੋਂ ਹੁੰਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ, 20 ਮਾਰਚ, 1664 ਨੂੰ ਦਿੱਲੀ ਪੁੱਜੇ। ਦਿੱਲੀ ਵਿਚ ਉਹ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ (ਮੌਜੂਦਾ ਗੁਰਦੁਆਰਾ ਬੰਗਲਾ ਸਾਹਿਬ) ਵਿਚ ਠਹਿਰੇ। ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਬੰਗਲੇ ਵਿਚ ਉਸ ਦੀ ਰਾਣੀ ਪੁਸ਼ਪਾਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਰਹਿੰਦੇ ਸਨ। ਉਸ ਤੋਂ ਇਕ ਦਿਨ ਮਗਰੋਂ ਗੁਰੂ ਤੇਗ਼ ਬਹਾਦਰ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸ਼ਾਲਾ ਵਿਚ ਠਹਿਰੇ ਹੋਏ ਸਨ। ਉਸੇ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਹਨ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਠਹਿਰੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ, 22 ਮਾਰਚ, 1664 ਨੂੰ, ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ‘ਤੇ ਗਏ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਦੋ ਕੁ ਦਿਨ ਉਥੇ ਠਹਿਰਨ ਵਾਸਤੇ ਕਿਹਾ। ਇਹ ਦੋ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਉਨ੍ਹਾਂ ਨਾਲ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਜਾਣ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਮੈਨੂੰ ਇਲਹਾਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀਂ ਸੰਭਾਲਣੀ ਹੈ। ਗੁਰੂ ਤੇਗ਼ ਬਹਾਦਰ ਜੀ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ “ਜੋ ਭਾਵੈ ਕਰਤਾਰ” ਆਖ ਕੇ ਅਲਵਿਦਾ ਬੁਲਾ ਕੇ ਬਾਬਾ ਬਕਾਲਾ ਵਲ ਨੂੰ ਚੱਲ ਪਏ।

ਗੁਰੂ ਹਰਕਿੑਸ਼ਨ ਜੀ ਨੇ ਜੋਤੀ ਜੋਤ ਸਮੇਂ ਆਖਰੀ ਸ਼ਬਦ “ਬਾਬਾ ਬਕਾਲਾ” ਕਹੇ ਸਨ। ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਦੋਂ ਜਹਾਜ਼ ਡੁੱਬਦਾ ਸੀ ਤਾਂ ਉਸਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਜਦੋਂ ਲੱਖੀ ਸ਼ਾਹ ਲੁਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ‘ਤੇ ਗੁਰੂ ਬੈਠੇ ਹੋਏ ਵੇਖੇ ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਰੱਖੀਆਂ ਜਦੋਂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਲੱਖੀ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ ‘ਗੁਰੂ ਲਾਧੋ ਰੇ ਗੁਰੂ ਲਾਧੋ’ ਗੁਰੂ ਮਿਲ ਗਿਆ ਹੈ। ਇਸ ਪ੍ਰਕਾਰ ਤੇਗ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ। ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਧੀਰ ਮੱਲ ਅਤੇ ਪਿਰਥੀ ਚੰਦ ਦੀਆਂ ਸੰਤਾਨਾਂ ਦਾ ਵਿਰੋਧ ਸਹਿਣਾ ਪਿਆ।

- Advertisement -

ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਜੀ ਨੂੰ ਅਮ੍ਰਿਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਬਣਾਇਆ ਗਿਆ। ਫਿਰ ਗੁਰੂ ਜੀ ਨੇ ਧਰਮ ਪੑਚਾਰ ਲਈ ਯਾਤਰਾਵਾਂ ਕਰਨੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਅਮ੍ਰਿਤਸਰ ਵਿੱਚ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖੁਸ਼ ਹੋ ਕੇ ਇਸਦਾ ਨਾਮ ‘ਗੁਰੂ ਕਾ ਬਾਗ’ ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵਾ ਦੇ ਇਲਾਕੇ ਤਲਵੰਡੀ ਸਾਬੋ, ਮੌੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ‘ਤੇ ਗਏ। ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਫਿਰ ਮਾਖੋਵਾਲ ਕਿਹਾ ਜਾਣ ਲੱਗਾ। ਇਹ ਨਗਰ 16 ਜੂਨ 1665 ਵਿੱਚ ਵਸਾਇਆ ਗਿਆ ਜੋ ਅੱਜ ਕੱਲ੍ਹ ਆਨੰਦਪੁਰ ਸਾਹਿਬ ਬਣ ਗਿਆ।

ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਉਹ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਨ, ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਨ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਬ੍ਰਾਹਮਣਾਂ ਦੀ ਨਿਰਾਸ਼ਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਗੁਰੂ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਉਨ੍ਹਾਂ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਗੁਰੂ ਜੀ ਤੋਂ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

1665 ਵਿਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਤਾਨ ਵਿਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿਚ ਸ਼ਾਮਲ ਕਰਵਾਇਆ ਸੀ। 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। 28 ਅਕਤੂਬਰ, 1665 ਤਕ ਆਪ ਉਥੇ ਰਹੇ।

ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।

- Advertisement -

ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥,,,,,,(ਦਸਮ ਗ੍ਰੰਥ)

ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦੱਬ ਦਿੱਤਾ।#

Share this Article
Leave a comment