ਮੁਕਤਸਰ (ਤਰਸੇਮ ਢੁੱਡੀ) : ਤਸਵੀਰਾਂ ਵਿਚ ਨਜ਼ਰ ਆ ਰਹੀ ਗੰਦਗੀ ਨਾਲ ਭਰੀ ਟਰਾਲੀ ਨੂੰ ਕਿਸੇ ਡੰਪਿਗ ਗਰਾਉਂਡ ‘ਚ ਖਾਲੀ ਨਹੀਂ ਕੀਤਾ ਜਾ ਰਿਹਾ ਸਗੋਂ ਇਹ ਨਗਰ ਕੌਂਸਲ ਪ੍ਰਧਾਨ ਦੇ ਘਰ ਦੇ ਬਾਹਰ ਦਾ ਦ੍ਰਿਸ਼ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਮਾਮਲਾ ਮੁਕਤਸਰ ਦਾ ਹੈ ।
ਇੱਥੇ ਹੜਤਾਲੀ ਸਫਾਈ ਸੇਵਕਾਂ ਦੇ ਹੱਕ ਵਿੱਚ ਨਿੱਤਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੰਧੂ ਨੇ ਵੱਖਰੇ ਤਰੀਕੇ ਨਾਲ ਨਗਰ ਕੌਂਸਲ ਪ੍ਰਧਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
‘ਆਪ’ ਆਗੂ ਜਗਦੀਪ ਸੰਧੂ ਦੀ ਅਗਵਾਈ ਅਧੀਨ ਵੀਰਵਾਰ ਨੂੰ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਜਲਾਲਾਬਾਦ ਰੋਡ ‘ਤੇ ਸਥਿਤ ਘਰ ਅਤੇ ਦੁਕਾਨ ਦੇ ਅੱਗੇ ਕੂਡ਼ੇ ਨਾਲ ਭਰੀਆਂ ਟਰਾਲੀਆਂ ਲਿਆ ਕੇ ਕੂਡ਼ੇ ਦਾ ਢੇਰ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਇਲਾਕੇ ਤੋਂ ਲੰਘਣਾ ਵੀ ਮੁਸ਼ਕਲ ਹੋ ਗਿਆ।
ਇਸ ਦੌਰਾਨ ‘ਆਪ’ ਆਗੂਆਂ, ਵਰਕਰਾਂ ਅਤੇ ਹੜਤਾਲੀ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਪ੍ਰਧਾਨ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ‘ਆਪ’ ਆਗੂ ਜਗਦੀਪ ਸੰਧੂ ਨੇ ਕਾਂਗਰਸ ਸਰਕਾਰ ਤੋਂ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਜਲਦ ਤੋਂ ਜਲਦ ਮੰਨਣ ਦੀ ਮੰਗ ਕੀਤੀ। ਪ੍ਰਦਰਸ਼ਨ ‘ਚ ਵੱਡੀ ਗਿਣਤੀ ਚ ਆਪ ਆਗੂ ਮੌਜੂਦ ਰਹੇ।
ਜਗਦੀਪ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਉਨਾਂ ਨੇ ਕੂਡ਼ੇ ਦੇ ਢੇਰਾਂ ਕੋਲ ਲਾਈਵ ਹੋ ਕੇ ਸਰਕਾਰ ਨੂੰ 9 ਜੂਨ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਸਬੰਧੀ ਅਲਟੀਮੇਟਮ ਦਿੱਤਾ ਸੀ , ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿਤਾ ਤਾਂ ਅੱਜ ਉਨਾਂ ਵੱਲੋਂ ਇਹ ਐਕਸ਼ਨ ਲੈਂਦਿਆਂ ਕੂੜੇ ਦੀਆਂ ਭਰੀਆਂ ਦੋ ਟਰਾਲੀਆਂ ਲਿਆ ਕੇ ਇੱਕ ਟਰਾਲੀ ਨਗਰ ਕੌਂਸਲ ਤੇ ਦੂਜੀ ਪ੍ਰਧਾਨ ਦੇ ਘਰ ਤੇ ਦੁਕਾਨ ਮੁਹਰੇ ਸੁੱਟ ਕੇ ਵਿਰੋਧ ਜਤਾਇਆ ਗਿਆ ਹੈ।
ਦੱਸ ਦੇਈਏ ਕਿ ਕਰੀਬ ਤਿੰਨ ਹਫ਼ਤੇ ਪਹਿਲਾਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਫ਼ਾਈ ਸੇਵਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਹ ਖੁਦ ਸੰਬੰਧਤ ਵਿਭਾਗ ਦੇ ਮੰਤਰੀ ਨਾਲ ਗੱਲ ਕਰਨਗੇ, ਪਰ ਇਸ ਬਾਰੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਧਰ ਸਫ਼ਾਈ ਸੇਵਕ ਆਪਣੀਆਂ ਮੰਗਾਂ ਮੰਨੇ ਜਾਣ ਤਕ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਚੁੱਕੇ ਹਨ।