ਕੇਂਦਰੀ ਮੰਤਰੀ ਰਵਨੀਤ ਬਿੱਟੂ SC ਕਮਿਸ਼ਨ ਅੱਗੇ ਪੇਸ਼, ਵਾਇਰਲ ਵੀਡੀਓ ਵਿਵਾਦ ‘ਚ ਦਿੱਤਾ ਪੱਖ

Global Team
3 Min Read

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਅੱਜ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਪਹੁੰਚੇ। ਕਮਿਸ਼ਨ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਦੋ ਵਾਰ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਏ ਸਨ, ਜਿਸ ਤੋਂ ਬਾਅਦ ਕਮਿਸ਼ਨ ਨੇ ਸਖ਼ਤ ਰਵੱਈਆ ਅਪਣਾਇਆ ਸੀ।

ਪਿਛਲੀ ਸੁਣਵਾਈ ਦੌਰਾਨ ਬਿੱਟੂ ਦੀ ਥਾਂ ਉਨ੍ਹਾਂ ਦੇ ਵਕੀਲ ਕਮਿਸ਼ਨ ਅੱਗੇ ਪੇਸ਼ ਹੋਏ ਸਨ ਅਤੇ ਚੇਅਰਮੈਨ ਨਾਲ ਫੋਨ ‘ਤੇ ਗੱਲ ਵੀ ਕਰਵਾਈ ਗਈ ਸੀ। ਉਸ ਸਮੇਂ ਕਮਿਸ਼ਨ ਨੇ ਕਿਹਾ ਸੀ ਕਿ ਸੁਣਵਾਈ ਦੀ ਤਾਰੀਖ ਪਹਿਲਾਂ ਹੀ ਉਨ੍ਹਾਂ ਦੀ ਸਹੂਲਤ ਦੇ ਮੁਤਾਬਕ ਤੈਅ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਸੀ।

ਇਹ ਮਾਮਲਾ 26 ਮਈ 2026 ਨੂੰ ਪੰਜਾਬ ਨਿਗਮ ਚੋਣਾਂ ਦੇ ਵੋਟਿੰਗ ਦਿਨ ਤੋਂ ਸ਼ੁਰੂ ਹੋਇਆ ਸੀ। ਉਸ ਦਿਨ ਸੰਗਰੂਰ ਦੇ ਧੂਰੀ ਵਿੱਚ ਭਾਜਪਾ ਆਗੂ ਓਂਕਾਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਨੂੰ ਛੁਡਵਾਉਣ ਅਤੇ ਧੂਰੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ ਵੀ ਪੁਲਿਸ ਨੇ ਰੋਕ ਲਿਆ ਸੀ।

ਇਸ ਦੌਰਾਨ ਬਿੱਟੂ ਅਤੇ ਸੰਗਰੂਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਬਾਅਦ ਵਿੱਚ ਉਨ੍ਹਾਂ ‘ਤੇ ਡਿਊਟੀ ਕਰ ਰਹੇ ਪੁਲਿਸ ਮੁਲੳਜ਼ਮ ਲਈ ਇਤਰਾਜ਼ਯੋਗ ਅਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਲੱਗੇ। ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ਗੁੰਡਾਗਰਦੀ ਕਰਾਰ ਦਿੱਤਾ ਸੀ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਐਸਸੀ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਬਿੱਟੂ ਨੂੰ ਤਲਬ ਕੀਤਾ ਅਤੇ ਸੰਗਰੂਰ ਪੁਲਿਸ ਤੋਂ ਵੀ ਰਿਪੋਰਟ ਮੰਗੀ ਸੀ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨਾਂ ਲਈ ਜਨਤਕ ਤੌਰ ‘ਤੇ ਮਾਫ਼ੀ ਵੀ ਮੰਗ ਲਈ ਸੀ।

ਬਿੱਟੂ ਨੂੰ ਪਹਿਲਾਂ 4 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਨਿੱਜੀ ਕਾਰਨਾਂ ਅਤੇ ਦਿੱਲੀ ਦੀਆਂ ਵਿਅਸਤਤਾਵਾਂ ਕਾਰਨ ਨਹੀਂ ਪਹੁੰਚੇ। ਬਾਅਦ ਵਿੱਚ ਉਨ੍ਹਾਂ ਨੂੰ ਦੁਬਾਰਾ 15 ਜੂਨ ਲਈ ਤਲਬ ਕੀਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment