ਲੁਧਿਆਣਾ: ਲੁਧਿਆਣਾ ‘ਚ ਮਾਲ ਇਨਕਲੇਵ ਦੇ ਕਾਰੋਬਾਰੀ ਰਵੀਸ਼ ਗੁਪਤਾ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਨੇਤਾ-ਕਾਰੋਬਾਰ ਰਾਜੀਵ ਰਾਜਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਫਿਰੌਤੀ ਮਾਮਲੇ ‘ਚ ਇਸ ਸਿਆਸਤਦਾਨ ਦਾ ਨਾਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਹੈ। ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕੁਝ ਦਿਨ ਪਹਿਲਾਂ ਰਵੀਸ਼ ਗੁਪਤਾ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਫਿਰੌਤੀ ਦੀ ਕਾਲ ਆਈ ਸੀ। ਫੋਨ ਕਰਨ ਵਾਲੇ ਨੇ 30 ਲੱਖ ਰੁਪਏ ਨਾ ਦੇਣ ‘ਤੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ-ਇੱਕ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਆਗੂ ਨੂੰ ਉਸ ਸਮੇਂ ਚੁੱਕ ਲਿਆ ਜਦੋਂ ਉਹ ਕਿਸੇ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਲਈ ਸ਼ਮਸ਼ਾਨਘਾਟ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਨੂੰ ਤਾੜਨਾ ਕੀਤੀ ਸੀ। ਬਿੱਟੂ ਨੇ ਲਾਈਵ ਹੋ ਕੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ‘ਤੇ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਬਿਨਾਂ ਕਿਸੇ ਕਾਰਨ ਤੰਗ ਨਾ ਕਰਨ। ਹੁਣ ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ