ਸਿੱਖਿਆ ਮੰਤਰੀ ਨੂੰ ਮਿਲਿਆ ਬੇਰੁਜ਼ਗਾਰ ਅਧਿਆਪਕਾਂ ਦਾ ਵਫ਼ਦ ਇਕ ਵਾਰ ਮੁੜ ਪੰਜਾਬ ਸਰਕਾਰ ਤੋਂ ਨਿਰਾਸ਼

TeamGlobalPunjab
2 Min Read

ਚੰਡੀਗੜ੍ਹ: ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਇਕ ਵਾਰ ਮੁੜ ਤੋਂ ਪੰਜਾਬ ਸਰਕਾਰ ਨੇ ਨਿਰਾਸ਼ ਕਰ ਦਿੱਤਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਅੱਜ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਪੰਜਾਬ ਸਕੱਤਰੇਤ ‘ਚ ਵਿਖੇ ਹੋਈ। ਜਿਸ ਤੋਂ ਬਾਅਦ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਨੇ ਇੱਕ ਵਾਰ ਮੁੜ ਤੋਂ ਕੋਰੋਨਾ ਦੀ ਆੜ ‘ਚ ਲਾਰੇ ਲਗਾ ਦਿੱਤੇ ਹਨ।

ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਾਰੇ ਲਾਊ ਅਤੇ ਡੰਗ ਟਪਾਊ ਨੀਤੀਆਂ ਦੇ ਤਹਿਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੇ ਅਧਿਆਪਕਾਂ ਦੀਆਂ 150 ਪੋਸਟਾਂ ਕੱਢੀਆਂ ਹਨ। ਜੋ ਬਹੁਤ ਘੱਟ ਹਨ ਕਿਉਂਕਿ 20 ਹਜ਼ਾਰ ਤੋਂ ਵੱਧ ਇਨ੍ਹਾਂ ਵਿਸ਼ਿਆਂ ਦੇ ਮਾਹਰ ਅਧਿਆਪਕ ਬੇਰੁਜ਼ਗਾਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ-ਘੱਟ 60 ਹਜ਼ਾਰ ਅਸਾਮੀਆਂ ਅਧਿਆਪਕਾਂ ਦੀਆਂ ਕੱਢੀਆਂ ਜਾਣ।

ਇਸ ਦੇ ਨਾਲ ਹੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਰਾਜਸਥਾਨ ਅਤੇ ਹਰਿਆਣਾ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਉਮਰ ਵਿੱਚ 5 ਸਾਲ ਦੀ ਛੋਟ ਦੇਵੇ। ਹਰਿਆਣਾ ਅਤੇ ਰਾਜਸਥਾਨ ਵਿੱਚ 42 ਸਾਲ ਤੱਕ ਅਧਿਆਪਕ ਸਰਕਾਰੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ ਜਦਕਿ ਪੰਜਾਬ ਵਿੱਚ ਇਸ ਦੀ ਉਮਰ 37 ਸਾਲ ਹੈ।

ਜੇਕਰ ਪੰਜਾਬ ਸਰਕਾਰ ਉਮਰ ਵਿੱਚ ਛੋਟ ਵਧਾ ਦਿੰਦੀ ਹੈ ਤਾਂ ਇਸ ਦੇ ਨਾਲ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਮਿਲਣ ਦੀ ਆਸ ਵੱਧ ਜਾਵੇਗੀ। ਕਿਉਂਕਿ ਸਰਕਾਰ ਵੱਲੋਂ ਸਮੇਂ ਸਿਰ ਅਧਿਆਪਕਾਂ ਦੀਆਂ ਅਸਾਮੀਆਂ ਨਹੀਂ ਭਰੀਆਂ ਗਈਆਂ ਜਿਸ ਕਾਰਨ ਕਾਫੀ ਉਮੀਦਵਾਰਾਂ ਦੀ ਉਮਰ ਫਾਰਮ ਭਰਨ ਤੋਂ ਨਿਕਲ ਗਈ ਹੈ।

- Advertisement -

ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ 15 ਅਗਸਤ ਨੂੰ ਅਧਿਆਪਕ ਜਥੇਬੰਦੀਆਂ ਨੇ ਮੰਤਰੀਆਂ ਨੂੰ ਕਾਲੇ ਝੰਡੇ ਦਿਖਾਉਣੇ ਸਨ, ਪਰ ਉਸ ਤੋਂ ਪਹਿਲਾਂ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਸਿੱਖਿਆ ਮੰਤਰੀ ਉਨ੍ਹਾਂ ਦੇ ਮਸਲੇ ਹੱਲ ਕਰਨਗੇ। ਹੁਣ ਕਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨਾਲ ਮੀਟਿੰਗ ਨਹੀਂ ਕਰ ਰਹੇ।

Share this Article
Leave a comment