ਸੰਯੁਕਤ ਰਾਸ਼ਟਰ ਨੇ ਈਰਾਨ ‘ਤੇ ਦੁਬਾਰਾ ਲਗਾਈਆਂ ਨਵੀਆਂ ਪਾਬੰਦੀਆਂ

Global Team
3 Min Read

ਦੁਬਈ: ਸੰਯੁਕਤ ਰਾਸ਼ਟਰ ਨੇ ਐਤਵਾਰ ਤੜਕੇ ਈਰਾਨ ‘ਤੇ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀਆਂ ਦੁਬਾਰਾ ਲਗਾਈਆਂ ਹਨ। ਇਹ ਪਾਬੰਦੀਆਂ ਅਜਿਹੇ ਸਮੇਂ ਲਗਾਈਆਂ ਗਈਆਂ ਹਨ ਜਦੋਂ ਈਰਾਨ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਸ ਨਾਲ ਆਮ ਲੋਕਾਂ ਦੀਆਂ ਆਪਣੇ ਭਵਿੱਖ ਪ੍ਰਤੀ ਚਿੰਤਾਵਾਂ ਹੋਰ ਵੀ ਵਧ ਗਈਆਂ ਹਨ।

ਸੰਯੁਕਤ ਰਾਸ਼ਟਰ ਵਿੱਚ ਈਰਾਨ ‘ਤੇ ਪਾਬੰਦੀਆਂ ਨੂੰ ਰੋਕਣ ਲਈ ਰੂਸ ਅਤੇ ਚੀਨ ਦੁਆਰਾ ਆਖਰੀ ਸਮੇਂ ਦੀਆਂ ਕੂਟਨੀਤਕ ਕੋਸ਼ਿਸ਼ਾਂ ਅਸਫਲ ਰਹੀਆਂ, ਅਤੇ ਸੰਯੁਕਤ ਰਾਸ਼ਟਰ ਨੇ ਬਾਅਦ ਵਿੱਚ ਪਾਬੰਦੀਆਂ ਲਗਾ ਦਿੱਤੀਆਂ ਹਨ। ਈਰਾਨ ਹੁਣ ਸਖ਼ਤ ਪਾਬੰਦੀਆਂ ਦੀ ਇੱਕ ਲੜੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਵਿਦੇਸ਼ੀ ਜਾਇਦਾਦਾਂ ‘ਤੇ ਰੋਕ, ਹਥਿਆਰਾਂ ਦੇ ਸੌਦਿਆਂ ‘ਤੇ ਪਾਬੰਦੀ ਅਤੇ ਆਪਣੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਜੁਰਮਾਨੇ ਸ਼ਾਮਿਲ ਹਨ।

ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਡਾਵਾਂਡੋਲ ਹੈ। ਈਰਾਨੀ ਮੁਦਰਾ, ਰਿਆਲ, ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਭੋਜਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਜੀਵਨ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪਾਬੰਦੀਆਂ ਦੁਬਾਰਾ ਲਗਾਉਣ ਨਾਲ ਈਰਾਨ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ। ਸੀਨਾ ਨਾਮਕ ਇੱਕ ਤਹਿਰਾਨ ਨਿਵਾਸੀ ਨੇ ਦੱਸਿਆ “ਦੇਸ਼ ਨੇ ਪਹਿਲਾਂ ਕਦੇ ਵੀ ਇੰਨੇ ਔਖੇ ਸਮੇਂ ਨਹੀਂ ਦੇਖੇ, 1980 ਦੇ ਦਹਾਕੇ ਦੇ ਈਰਾਨ-ਇਰਾਕ ਯੁੱਧ ਅਤੇ ਉਸ ਤੋਂ ਬਾਅਦ ਲੱਗੀਆਂ ਦਹਾਕਿਆਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਦੌਰਾਨ ਵੀ ਨਹੀਂ । ਸਿਨਾ ਨੇ ਅੱਗੇ ਕਿਹਾ, “ਅਸੀਂ ਵਿੱਤੀ ਤੰਗੀ ਵਿੱਚ  ਡੁੱਬਦੇ ਜਾ ਰਹੇ ਹਾਂ, ਅਤੇ ਹਰ ਸਾਲ ਸਥਿਤੀ ਵਿਗੜਦੀ ਜਾ ਰਹੀ ਹੈ। ਸਾਡੇ ਸੁਪਨੇ ਚਕਨਾਚੂਰ ਹੋ ਰਹੇ ਹਨ।” ਪਨੀਰ, ਦੁੱਧ ਅਤੇ ਮੱਖਣ ਦੀਆਂ ਕੀਮਤਾਂ ਹਰ ਰੋਜ਼ ਵੱਧ ਰਹੀਆਂ ਹਨ। ਈਰਾਨ ਵਿੱਚ ਹਾਲ ਹੀ ਵਿੱਚ ਹੋਈ ਜੰਗ ਤੋਂ ਬਾਅਦ ਭੋਜਨ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਇਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ, ਜੂਨ ਵਿੱਚ ਈਰਾਨ ਦੀ ਸਾਲਾਨਾ ਮਹਿੰਗਾਈ ਦਰ 34.5% ਸੀ, ਜਦੋਂ ਕਿ ਅੰਕੜਾ ਕੇਂਦਰ ਨੇ ਰਿਪੋਰਟ ਦਿੱਤੀ ਹੈ ਕਿ ਇਸੇ ਸਮੇਂ ਦੌਰਾਨ ਜ਼ਰੂਰੀ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ 50% ਤੋਂ ਵੱਧ ਦਾ ਵਾਧਾ ਹੋਇਆ ਹੈ। ਇੱਕ ਸਾਲ ਵਿੱਚ ਫਲੀਆਂ ਦੀ ਕੀਮਤ ਤਿੰਨ ਗੁਣਾ ਹੋ ਗਈ ਹੈ, ਮੱਖਣ ਲਗਭਗ ਦੁੱਗਣਾ ਹੋ ਗਿਆ ਹੈ, ਅਤੇ ਦੇਸ਼ ਦਾ ਮੁੱਖ ਭੋਜਨ, ਚੌਲ, ਔਸਤਨ 80% ਮਹਿੰਗਾ ਹੋ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment