ਲਾਹੌਰ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਮੰਗਲਵਾਰ ਨੂੰ ਪਾਕਿਸਤਾਨ ‘ਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਟੇਰੇਜ਼ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸਵਾਗਤ ਕੀਤਾ ਗਿਆ।
ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸਿੱਖ ਭਾਈਚਾਰੇ ਦੀ ਸਹੂਲਤ ਲਈ ਇਹ ਪਹਿਲਕਦਮੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ।
ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਮੌਕੇ ਗੁਟੇਰੇਜ਼ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਦੀ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਇੱਛਾ ਦੀ ਅਸਲੀ ਮਿਸਾਲ ਹੈ।
I was honoured to visit Pakistan’s newly opened Kartarpur Corridor – a corridor of hope, connecting two key Sikh pilgrimage sites.
This is a welcome symbol of interfaith harmony. pic.twitter.com/zqQa1Prnv3
— António Guterres (@antonioguterres) February 18, 2020
ਇਸ ਤੋਂ ਇਲਾਵਾ ਗੁਟੇਰੇਜ਼ ਨੇ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਿਜ਼ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਉਨ੍ਹਾਂ ਨੂੰ ਨਵੀਂ ਤਕਨੀਕਾਂ ‘ਤੇ ਧਿਆਨ ਦੇਣ ਲਈ ਉਤਸਾਹਿਤ ਕੀਤਾ। ਉਨ੍ਹਾਂ ਨੇ ਜਲਵਾਯੂ ਤਬਦੀਲੀ ਨੂੰ ਦੁਨੀਆਂ ਦਾ ਮੁੱਖ ਮੁੱਦਾ ਦੱਸਿਆ। ਉਨ੍ਹਾਂ ਨੇ ਪੋਲੀਓ ਅਭਿਆਨ ਦਾ ਵੀ ਉਦਘਾਟਨ ਕੀਤਾ।
ਯੂਐਨ ਮੁਖੀ ਅੰਤੋਨੀਓ ਗੁਟੇਰੇਜ਼ ਪਾਕਿਸਤਾਨ ਦੇ ਚਾਰ ਦਿਨਾਂ ਦੌਰੇ ‘ਤੇ ਐਤਵਾਰ ਨੂੰ ਇੱਥੇ ਪੁੱਜੇ ਸਨ। ਇਸ ਦੌਰਾਨ ਉਹ ਅਫਗਾਨ ਸ਼ਰਣਾਰਥੀਆਂ ‘ਤੇ ਅੰਤਰਰਾਸ਼ਟਰੀ ਸਮੇਲਨ ਵਿੱਚ ਭਾਗ ਲੈਣਗੇ।