ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ‘ਤੇ ਆਪਣੇ ਖਣਿਜ ਸਰੋਤਾਂ ‘ਤੇ ਇੱਕ ਸਮਝੌਤੇ ਨੂੰ ਤੋੜਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਇਸ ਸੌਦੇ ਨੂੰ ਕਦੇ ਵੀ ਅਧਿਕਾਰਤ ਤੌਰ ‘ਤੇ ਅੰਤਿਮ ਰੂਪ ਨਹੀਂ ਦਿੱਤਾ ਗਿਆ, ਟਰੰਪ ਨੇ ਬੁੱਧਵਾਰ (19 ਫਰਵਰੀ) ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ “ਯੂਕਰੇਨ ਨੇ ਉਸ ਸੌਦੇ ਨੂੰ ਤੋੜ ਦਿੱਤਾ ਹੈ।” ਟਰੰਪ ਦਾ ਦਾਅਵਾ ਹੈ ਕਿ ਜਦੋਂ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਪਿਛਲੇ ਹਫ਼ਤੇ ਕੀਵ ਦਾ ਦੌਰਾ ਕੀਤਾ ਸੀ, ਤਾਂ ਯੂਕਰੇਨੀ ਅਧਿਕਾਰੀਆਂ ਨੇ ਸੌਦੇ ਨੂੰ “ਲਗਭਗ ਮਨਜ਼ੂਰੀ” ਦੇ ਦਿੱਤੀ ਸੀ, ਪਰ ਫਿਰ “ਬੇਸੈਂਟ ਨਾਲ ਬੇਰਹਿਮੀ ਨਾਲ ਪੇਸ਼ ਆਇਆ ਗਿਆ ਅਤੇ ਅੰਤ ਵਿੱਚ ਇਸ ਤੋਂ ਿਿੲਨਕਾਰ ਕਰ ਦਿੱਤਾ ਗਿਆ।”
ਟਰੰਪ ਪਿਛਲੇ ਕੁਝ ਸਮੇਂ ਤੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ‘ਤੇ ਹਮਲਾ ਕਰ ਰਹੇ ਹਨ। ਉਹਨਾਂ ਨੇ ਰੂਸ-ਯੂਕਰੇਨ ਯੁੱਧ ਲਈ ਜ਼ੇਲੇਂਸਕੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਸਨੂੰ ਤਾਨਾਸ਼ਾਹ ਵੀ ਕਿਹਾ। ਫੌਕਸ ਨਿਊਜ਼ ਰੇਡੀਓ ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ, ਟਰੰਪ ਨੇ ਕਿਹਾ, “ਮੈਂ ਇਹ ਸੁਣ ਸੁਣ ਕੇ ਥੱਕ ਗਿਆ ਹਾਂ ਕਿ ਇਹ (ਜੰਗ) ਪੁਤਿਨ ਦੀ ਗਲਤੀ ਹੈ। ਜ਼ੇਲੇਂਸਕੀ ਨੇ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਸ਼ਿਰਕਤ ਕੀਤੀ, ਪਰ ਉਸਨੇ ਕੁਝ ਵੀ ਪ੍ਰਾਪਤ ਨਹੀਂ ਕੀਤਾ।” ਟਰੰਪ ਦੇ ਇਨ੍ਹਾਂ ਬਿਆਨਾਂ ਤੋਂ ਸਿਰਫ਼ ਯੂਕਰੇਨ ਹੀ ਨਹੀਂ ਸਗੋਂ ਅਮਰੀਕਾ ਦੇ ਯੂਰਪੀ ਸਹਿਯੋਗੀ ਵੀ ਹੈਰਾਨ ਹਨ। ਉਨ੍ਹਾਂ ਦੇ ਹਮਲਿਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਟਰੰਪ ਪ੍ਰਸ਼ਾਸਨ ਰੂਸ-ਯੂਕਰੇਨ ਯੁੱਧ ਸਬੰਧੀ ਆਪਣੀ ਨੀਤੀ ਬਦਲ ਰਿਹਾ ਹੈ। ਮਾਹਰ ਇਸ ਪਿੱਛੇ ਟਰੰਪ ਦਾ ਲਾਲਚ ਵੀ ਦੇਖਦੇ ਹਨ। ਇਹ ਲਾਲਚ ਯੂਕਰੇਨ ਦੇ ‘ਖਣਿਜਾਂ’ ਲਈ ਹੈ, ਜੋ ਅਮਰੀਕਾ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ।
ਪ੍ਰਸਤਾਵਿਤ ਸਮਝੌਤਾ ਕੀ ਸੀ?
ਅਮਰੀਕਾ ਨੇ ਪ੍ਰਸਤਾਵ ਰੱਖਿਆ ਸੀ ਕਿ ਉਹ ਰੂਸ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਦੇ ਬਦਲੇ ਯੂਕਰੇਨ ਦੇ ਮਹੱਤਵਪੂਰਨ ਖਣਿਜ ਸਰੋਤਾਂ ਤੱਕ 50 ਪ੍ਰਤੀਸ਼ਤ ਪਹੁੰਚ ਚਾਹੁੰਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਸਮਝੌਤੇ ਪ੍ਰਤੀ ਸਕਾਰਾਤਮਕ ਸਨ, ਪਰ ਉਨ੍ਹਾਂ ਨੇ ਹੋਰ ਅਨੁਕੂਲ ਹਾਲਤਾਂ ਦੀ ਮੰਗ ਕੀਤੀ। ਯੂਕਰੇਨ ਕੁਦਰਤੀ ਖਣਿਜ ਸਰੋਤਾਂ ਨਾਲ ਭਰਪੂਰ ਦੇਸ਼ ਹੈ, ਜਿੱਥੇ ਬਹੁਤ ਸਾਰੀਆਂ ਮਹੱਤਵਪੂਰਨ ਧਾਤਾਂ ਪਾਈਆਂ ਜਾਂਦੀਆਂ ਹਨ। ਇਹਨਾਂ ਦੀ ਵਰਤੋਂ ਰੱਖਿਆ ਉਪਕਰਣਾਂ, ਇਲੈਕਟ੍ਰਿਕ ਵਾਹਨ, ਇਲੈਕਟ੍ਰਾਨਿਕ ਯੰਤਰਾਂ ਅਤੇ ਸੈਮੀਕੰਡਕਟਰਾਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਖਣਿਜਾਂ ਦੇ ਵਿਸ਼ਵ ਪੱਧਰ ‘ਤੇ ਸੀਮਤ ਭੰਡਾਰ ਹਨ ਅਤੇ ਇਨ੍ਹਾਂ ਦੀ ਖੁਦਾਈ ਕਰਨਾ ਮੁਸ਼ਕਲ ਹੈ, ਜੋ ਇਨ੍ਹਾਂ ਦੀ ਮਹੱਤਤਾ ਨੂੰ ਹੋਰ ਵੀ ਵਧਾਉਂਦਾ ਹੈ। ਇਹ ਅਮਰੀਕਾ ਅਤੇ ਪੱਛਮੀ ਦੇਸ਼ਾਂ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਉਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਚੀਨ ਹੈ।