ਨਿਊਜ਼ ਡੈਸਕ: ਉਜੈਨ ਵਿੱਚ 2028 ਦੇ ‘ਸਿੰਹਸਥ ਕੁੰਭ ਮੇਲੇ’ ਤੋਂ ਪਹਿਲਾਂ ਸੜਕ ਚੌੜੀ ਕਰਨ ਦੀ ਕਾਰਵਾਈ ਨੂੰ ਲੈ ਕੇ ਸੋਮਵਾਰ ਸਵੇਰੇ ਤਣਾਅ ਪੈਦਾ ਹੋ ਗਿਆ। ਸ਼ਾਹੀ ਮਸਜਿਦ ਦਾ ਸੜਕ ਦੇ ਰਸਤੇ ਵਿੱਚ ਆਉਂਦਾ ਹਿੱਸਾ ਹਟਾਉਣ ਪਹੁੰਚੀ ਪੁਲੀਸ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋ ਗਈ। ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ’ਤੇ ਪੱਥਰਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਪੁਲੀਸ ਨੇ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਮੱਧ ਪ੍ਰਦੇਸ਼ ਹਾਈ ਕੋਰਟ ਪਹਿਲਾਂ ਹੀ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਹਟਾਉਣ ਦੀ ਇਜਾਜ਼ਤ ਦੇ ਚੁੱਕੀ ਹੈ।
ਮਸਜਿਦ ਦੇ ਹਿੱਸੇ ਨੂੰ ਲੈ ਕੇ ਵਿਵਾਦ
ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸ਼ਾਹੀ ਮਸਜਿਦ ਦੇ ਨੇੜੇ ਲੋਕਾਂ ਦੀ ਭੀੜ ਅਤੇ ਪੁਲੀਸ ਵਿਚਾਲੇ ਬਹਿਸ ਤੋਂ ਬਾਅਦ ਹੰਗਾਮੇ ਦੀ ਸਥਿਤੀ ਦਿਖਾਈ ਦੇ ਰਹੀ ਹੈ। ਪ੍ਰਸ਼ਾਸਨ ਮੁਤਾਬਕ ਮਸਜਿਦ ਦਾ ਕੁਝ ਹਿੱਸਾ ਸੜਕ ਚੌੜੀ ਕਰਨ ਲਈ ਤੈਅ ਕੀਤੇ ਨਕਸ਼ੇ ਵਿੱਚ ਆ ਰਿਹਾ ਹੈ।
ਇਹ ਵਿਵਾਦ ਕਾਂਠਲ ਚੌਰਾਹੇ ਤੋਂ ਗੋਪਾਲ ਮੰਦਰ ਤੱਕ ਬਣਾਈ ਜਾ ਰਹੀ 15 ਮੀਟਰ ਚੌੜੀ ਸੜਕ ਨਾਲ ਜੁੜਿਆ ਹੈ। ਇਸ ਰਸਤੇ ਵਿੱਚ ਸ਼ਾਹੀ ਮਸਜਿਦ ਦਾ ਕਰੀਬ 10 ਫੁੱਟ ਹਿੱਸਾ ਆ ਰਿਹਾ ਹੈ। ਸੋਮਵਾਰ ਸਵੇਰੇ ਪ੍ਰਸ਼ਾਸਨ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਭਾਈਚਾਰੇ ਦੇ ਲੋਕ ਖੁਦ ਸੜਕ ਦੇ ਰਸਤੇ ਵਿੱਚ ਆ ਰਹੇ ਹਿੱਸੇ ਨੂੰ ਹਟਾਉਣ ਲਈ ਸਹਿਮਤ ਹੋਏ ਸਨ।
ਹਾਲਾਂਕਿ, ਮੌਕੇ ’ਤੇ ਨਾਅਰੇਬਾਜ਼ੀ ਅਤੇ ਵਿਰੋਧ ਕਾਰਨ ਮਾਹੌਲ ਵਿਗੜ ਗਿਆ। ਭੀੜ ਨੇ ਪੁਲੀਸ ਵੱਲੋਂ ਲਗਾਏ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਸਖ਼ਤੀ ਕੀਤੀ ਅਤੇ ਪੱਥਰਬਾਜ਼ੀ ਦੌਰਾਨ ਕਰਾਈਮ ਬਰਾਂਚ ਦੀ ਮਹਿਲਾ ਇੰਸਪੈਕਟਰ ਪੁਸ਼ਪਾ ਪੰਚਾਲ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ।
ਕਾਂਗਰਸ ਆਗੂ ਨੇ ਕੀਤਾ ਵਿਰੋਧ
ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਸ਼ਾਹੀ ਮਸਜਿਦ ਦੀ ਇਤਿਹਾਸਕ ਮਹੱਤਤਾ ਅਤੇ ਇਸ ਦੇ ਵਕਫ਼ ਜਾਇਦਾਦ ਹੋਣ ਦਾ ਹਵਾਲਾ ਦਿੰਦਿਆਂ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਮਾਮਲੇ ’ਤੇ ਇੰਦੌਰ ਹਾਈ ਕੋਰਟ ਵਿੱਚ ਵੀ ਅੱਜ ਸੁਣਵਾਈ ਹੋਣੀ ਤੈਅ ਹੈ।
ਉਜੈਨ ਨਗਰ ਨਿਗਮ ਦੀ ਚੇਅਰਮੈਨ ਕਲਾਵਤੀ ਯਾਦਵ ਨੇ ਕਿਹਾ ਕਿ 2028 ਦੇ ਸਿੰਹਸਥ ਕੁੰਭ ਮੇਲੇ ਦੌਰਾਨ ਕਰੋੜਾਂ ਸ਼ਰਧਾਲੂ ਉਜੈਨ ਪਹੁੰਚਣਗੇ। ਉਨ੍ਹਾਂ ਮੁਤਾਬਕ ਇਸ ਆਮਦ ਨੂੰ ਦੇਖਦਿਆਂ ਸੜਕਾਂ ਨੂੰ ਚੌੜਾ ਕਰਨਾ ਜ਼ਰੂਰੀ ਹੈ ਅਤੇ ਇਸੇ ਤਹਿਤ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਇਹ ਪੂਰਾ ਮਾਮਲਾ ਉਜੈਨ ਮਾਸਟਰ ਪਲਾਨ 2035 ਨਾਲ ਸਬੰਧਤ ਹੈ। ਇਸ ਯੋਜਨਾ ਤਹਿਤ 274 ਢਾਂਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਰਸਤਾ ਮਹਾਕਾਲੇਸ਼ਵਰ ਮੰਦਰ, ਗੋਪਾਲ ਮੰਦਰ ਅਤੇ ਸ਼ਿਪਰਾ ਨਦੀ ਦੇ ਘਾਟਾਂ ਨੂੰ ਜੋੜਦਾ ਹੈ। ਪ੍ਰਸ਼ਾਸਨ ਸਾਹਮਣੇ ਚੁਣੌਤੀ ਹੈ ਕਿ ਮੇਲੇ ਲਈ ਲੋੜੀਂਦੇ ਇਨਫਰਾਸਟ੍ਰਕਚਰ ਦੇ ਕੰਮ ਨੂੰ ਕਾਨੂੰਨੀ ਦਾਇਰੇ ਵਿੱਚ ਰੱਖਦਿਆਂ ਅੱਗੇ ਵਧਾਇਆ ਜਾਵੇ ਅਤੇ ਵੱਡੇ ਫਿਰਕੂ ਤਣਾਅ ਤੋਂ ਬਚਿਆ ਜਾ ਸਕੇ।

